Sunita Williams ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਸੱਤ ਮਹੀਨਿਆਂ ਮਗਰੋਂ ਕੀਤੀ ਸਪੇਸਵਾਕ
ਕੇਪ ਕੈਨਵੇਰਲ (ਅਮਰੀਕਾ), 16 ਜਨਵਰੀ
ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸੱਤ ਮਹੀਨੇ ਤੋਂ ਵਧ ਸਮਾਂ ਗੁਜ਼ਾਰਨ ਮਗਰੋਂ ਪਹਿਲੀ ਵਾਰ ਸਪੇਸਵਾਕ ਕੀਤੀ। ਸਟੇਸ਼ਨ ਕਮਾਂਡਰ ਸੁਨੀਤਾ ਵਿਲੀਅਮਜ਼ ਨੇ ਨਾਸਾ ਦੇ ਨਿਕ ਹੇਗ ਨਾਲ ਮਿਲ ਕੇ ਕੁਝ ਜ਼ਰੂਰੀ ਬਾਹਰੀ ਮੁਰੰਮਤ ਦਾ ਕੰਮ ਕੀਤਾ। ਉਹ ਤੁਰਕਮੇਨਿਸਤਾਨ ਤੋਂ 260 ਮੀਲ ਉਪਰ ਆਰਬਿਟ ਲੈਬ ਤੋਂ ਬਾਹਰ ਨਿਕਲੇ ਸਨ। ਯੋਜਨਾ ਮੁਤਾਬਕ ਅਗਲੇ ਹਫ਼ਤੇ ਸੁਨੀਤਾ ਅਤੇ ਬੁੱਚ ਵਿਲਮੋਰ ਦੁਬਾਰਾ ਤੋਂ ਸਪੇਸਵਾਕ ਕਰਨਗੇ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕੂਲਿੰਗ ਲੂਪ ’ਚ ਸਮੱਸਿਆ ਆਈ ਸੀ। ਇਹ ਵਿਲੀਅਮਜ਼ ਦੀ ਅੱਠਵੀਂ ਸਪੇਸਵਾਕ ਸੀ। ਨਾਸਾ ਦੇ ਦੋ ਪੁਲਾੜ ਯਾਤਰੀ ਸੁਨੀਤਾ ਅਤੇ ਬੁੱਚ ਵਿਲਮੋਰ ਉਥੇ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਮਾਰਚ ਅਖੀਰ ਜਾਂ ਅਪਰੈਲ ਦੇ ਸ਼ੁਰੂ ’ਚ ਧਰਤੀ ’ਤੇ ਪਰਤਣ ਦੀ ਸੰਭਾਵਨਾ ਹੈ। ਵਿਲੀਅਮਜ਼ ਅਤੇ ਵਿਲਮੋਰ ਨੇ ਪਿਛਲੇ ਸਾਲ ਜੂਨ ’ਚ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਨਾਲ ਉਡਾਣ ਭਰੀ ਸੀ ਜੋ ਇਕ ਹਫ਼ਤੇ ਦਾ ਪ੍ਰੀਖਣ ਮਿਸ਼ਨ ਸੀ ਪਰ ਸਟਾਰਲਾਈਨਰ ’ਚ ਕੁਝ ਦਿੱਕਤਾਂ ਆ ਗਈਆਂ ਸਨ ਜਿਸ ਕਾਰਨ ਉਨ੍ਹਾਂ ਦੀ ਧਰਤੀ ’ਤੇ ਵਾਪਸੀ ’ਚ ਦੇਰੀ ਹੋ ਗਈ ਹੈ। -ਏਪੀ