ਚੰਡੀਗੜ੍ਹ ਕਲੱਬ ਦੀਆਂ ਚੋਣਾਂ ’ਚ ਸੁਨੀਲ ਖੰਨਾ ਪ੍ਰਧਾਨ ਬਣੇ
ਆਤਿਸ਼ ਗੁਪਤਾ
ਚੰਡੀਗੜ੍ਹ, 17 ਨਵੰਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-1 ਵਿੱਚ ਸਥਿਤ ਚੰਡੀਗੜ੍ਹ ਕਲੱਬ ਦੀਆਂ ਅੱਠ ਸਾਲਾਂ ਬਾਅਦ ਹੋਈਆਂ ਚੋਣਾਂ ਵਿੱਚ ਸੁਨੀਲ ਖੰਨਾ ਪ੍ਰਧਾਨ ਅਤੇ ਅਨੁਰਾਗ ਅਗਰਵਾਲ ਮੀਤ ਪ੍ਰਧਾਨ ਚੁਣੇ ਗਏ ਹਨ। ਇਨ੍ਹਾਂ ਚੋਣਾਂ ਦੌਰਾਨ ਪ੍ਰਧਾਨਗੀ ਦੇ ਉਮੀਦਵਾਰ ਸੁਨੀਲ ਖੰਨਾ ਨੂੰ 1623 ਵੋਟਾਂ ਪਈਆਂ ਹਨ, ਜਿਨ੍ਹਾਂ ਨੇ ਆਪਣੇ ਵਿਰੋਧੀ ਨਰੇਸ਼ ਚੌਧਰੀ ਨੂੰ 128 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਨਰੇਸ਼ ਚੌਧਰੀ ਨੂੰ 1495 ਅਤੇ ਪ੍ਰਧਾਨਗੀ ਦੇ ਤੀਜੇ ਉਮੀਦਵਾਰ ਰਮਨੀਤ ਸਿੰਘ ਚਾਹਲ ਨੂੰ ਸਿਰਫ਼ 104 ਵੋਟਾਂ ਹੀ ਪਈਆਂ ਹਨ।
ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਚੋਣ ਵਿੱਚ ਅਨੁਰਾਗ ਅਗਰਵਾਲ ਜੇਤੂ ਰਹੇ ਹਨ, ਜਿਨ੍ਹਾਂ ਨੂੰ 1,129 ਵੋਟਾਂ ਪਈਆਂ ਹਨ। ਉਨ੍ਹਾਂ ਦੇ ਵਿਰੋਧੀ ਕਰਨਵੀਰ ਨੰਦਾ ਨੂੰ 1,110 ਵੋਟਾਂ ਅਤੇ ਤੀਜੇ ਉਮੀਦਵਾਰ ਅਨੁਰਾਗ ਚੋਪੜਾ ਨੂੰ 973 ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ਜਸਮਨ ਸਿੰਘ ਰਿਖੀ, ਵਿਕਰਮ ਬੇਦੀ, ਰੋਹਿਤ ਸੂਰੀ, ਰਚਿਤ ਗੋਇਲ, ਪਰਮਵੀਰ ਸਿੰਘ ਬਬਲਾ, ਆਦੇਸ਼ ਜੋਸ਼ੀ, ਵਿਕਾਸ ਬੈਕਟਰ ਅਤੇ ਸੰਜੇ ਪਾਹਵਾ ਚੰਡੀਗੜ੍ਹ ਕਲੱਬ ਦੇ ਨਵੇਂ ਐਗਜ਼ੀਕਿਊਟਿਵ ਮੈਂਬਰ ਚੁਣੇ ਗਏ ਹਨ।
ਚੰਡੀਗੜ੍ਹ ਕਲੱਬ ਦੀਆਂ ਚੋਣਾਂ ਇਸ ਤੋਂ ਪਹਿਲਾਂ ਸਾਲ 2016 ਵਿੱਚ ਹੋਈਆਂ ਸਨ। ਇਸ ਵਾਰ ਅੱਠ ਸਾਲ ਬਾਅਦ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਲਈ ਵੋਟਿੰਗ ਲੰਘੇ ਦਿਨ ਹੋਈ ਸੀ। ਉਸ ਵਿੱਚ ਕਲੱਬ ਦੇ ਕੁੱਲ 7,441 ਵੋਟਰਾਂ ਵਿੱਚੋਂ 3,292 ਵੋਟਰਾਂ ਨੇ ਹੀ ਆਪਣੇ ਵੋਟ ਦੀ ਵਰਤੋਂ ਕੀਤੀ ਸੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਤਿੰਨ ਸਾਲਾਂ ਲਈ ਕੀਤੀ ਗਈ ਹੈ। ਇਸ ਵਾਰ ਚੁਣੇ ਗਏ ਪ੍ਰਧਾਨ ਸੁਨੀਲ ਖੰਨਾ ਪਹਿਲਾਂ ਸਾਲ 2002 ਵਿੱਚ ਵੀ ਚੰਡੀਗੜ੍ਹ ਕਲੱਬ ਦੇ ਪ੍ਰਧਾਨ ਰਹਿ ਚੁੱਕੇ ਹਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਕਲੱਬ ਸ਼ਹਿਰ ਦੇ ਸਭ ਤੋਂ ਮਸ਼ਹੂਰ ਕਲੱਬਾਂ ਵਿੱਚੋਂ ਇੱਕ ਹੈ। ਇਸ ਕਲੱਬ ਵਿੱਚ ਉਦਯੋਗਪਤੀਆਂ, ਵਪਾਰੀ, ਪ੍ਰੋਫੈਸਰਾਂ, ਵਿਗਿਆਨਕਾਂ, ਬੁੱਧੀਜੀਵੀਆਂ, ਵਕੀਲਾਂ ਅਤੇ ਹੋਰ ਮਹਾਨ ਹਸਤੀਆਂ ਦੀ ਮੈਂਬਰਸ਼ਿਪ ਹੈ। ਵੋਟਾਂ ਪਾਉਣ ਲਈ ਕਈ ਫ਼ੌਜ ਦੇ ਅਧਿਕਾਰੀ, ਸਾਬਕਾ ਮੇਅਰ, ਸੀਨੀਅਰ ਸਿਆਸੀ ਆਗੂ, ਸੀਨੀਅਰ ਵਕੀਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਆਂ ਹਾਜ਼ਰ ਹੋਏ।