For the best experience, open
https://m.punjabitribuneonline.com
on your mobile browser.
Advertisement

ਸੁਨੀਲ ਜਾਖੜ ਨੇ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ

08:02 AM Sep 27, 2024 IST
ਸੁਨੀਲ ਜਾਖੜ ਨੇ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ
Advertisement

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 26 ਸਤੰਬਰ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਖੜ ਨੂੰ ਅਜੇ ਸਾਲ ਕੁ ਪਹਿਲਾਂ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ। ਜਾਖੜ ਦੇ ਅਸਤੀਫ਼ੇ ਨਾਲ ਭਾਜਪਾ ਪੰਚਾਇਤ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਵਿਹੂਣੀ ਹੋ ਗਈ ਹੈ। ਜਾਖੜ ਨੇੜਲੇ ਸੂਤਰਾਂ ਅਤੇ ਭਾਜਪਾ ਦੀ ਪੰਜਾਬ ਇਕਾਈ ਤੇ ਰਾਸ਼ਟਰੀ ਜਥੇਬੰਦੀ ਵਿਚਲੇ ਸੂਤਰਾਂ ਨੇ ਵੀ ਜਾਖੜ ਵੱਲੋਂ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ। ਜਾਖੜ ਪੰਚਾਇਤ ਚੋਣਾਂ ਬਾਰੇ ਰਣਨੀਤੀ ਘੜਨ ਤੇ ਵਿਚਾਰ ਚਰਚਾ ਲਈ ਸੱਦੀ ਪਾਰਟੀ ਦੀ ਅਹਿਮ ਬੈਠਕ ’ਚੋਂ ਵੀ ਅੱਜ ਗ਼ੈਰਹਾਜ਼ਰ ਰਹੇ। ਸੂਤਰਾਂ ਮੁਤਾਬਕ ਪੰਜਾਬ ਭਾਜਪਾ ਦੇ ਸੀਨੀਅਰ ਅਹੁਦੇਦਾਰ ਨੇ ਅੱਜ ਦੀ ਬੈਠਕ ਵਿਚ ਸ਼ਮੂਲੀਅਤ ਸਬੰਧੀ ਜਾਖੜ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਨਾ ਅੱਜ ਤੇ ਨਾ ਹੀ ਭਵਿੱਖ ਵਿਚ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਵਜੋਂ ਕਿਸੇ ਮੀਟਿੰਗ ’ਚ ਸ਼ਾਮਲ ਹੋਣਗੇ।
ਜਾਖੜ ਨਾਲ ਜਦੋਂ ਇਸ ਬਾਰੇ ਸਿੱਧਾ ਰਾਬਤਾ ਕੀਤਾ ਤਾਂ ਉਨ੍ਹਾਂ ਆਪਣੇ ਅਸਤੀਫ਼ੇ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ  ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਸੂਤਰਾਂ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਅਜੇ ਤੱਕ ਜਾਖੜ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਜਾਖੜ ਨੇ ਜੁਲਾਈ ਮਹੀਨੇ ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਸਣੇ ਪਾਰਟੀ ਹਾਈ ਕਮਾਨ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਸੂਬਾਈ ਪ੍ਰਧਾਨ ਵਜੋਂ ਅੱਗੇ ਜ਼ਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦੇ ਹਨ। ਜਾਖੜ 10 ਜੁਲਾਈ ਤੋਂ ਪੰਜਾਬ ਭਾਜਪਾ ਦੀ ਕਿਸੇ ਵੀ ਬੈਠਕ ਵਿਚ ਸ਼ਾਮਲ ਨਹੀਂ ਹੋਏ। ਪੰਜਾਬ ਵਿਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ’ਚੋਂ ਵੀ ਉਹ ਗੈਰਹਾਜ਼ਰ ਹਨ। ਪਾਰਟੀ ਅੰਦਰਲੇ ਸੂਤਰਾਂ ਨੇ ਕਿਹਾ ਕਿ ਜਾਖੜ ਕੁਝ ਰਵਾਇਤੀ ਭਾਜਪਾ ਆਗੂਆਂ ਨਾਲ ਅਸਹਿਜ ਮਹਿਸੂਸ ਕਰ ਰਹੇ ਸਨ ਤੇ ਅਕਸਰ ਵਿਉਂਤਬੰਦੀ ਤੇ ਰਣਨੀਤੀ ਨੂੰ ਲੈ ਕੇ ਉਨ੍ਹਾਂ ਦੀ ਰਾਇ ਨਹੀਂ ਮਿਲਦੀ ਸੀ। ਭਾਜਪਾ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚੋਂ ਇਕ ਵੀ ਸੀਟ ਜਿੱਤਣ ਵਿਚ ਨਾਕਾਮ ਰਹੀ ਸੀ ਤੇ ਪਾਰਟੀ ਨੂੰ ਜ਼ਿਮਨੀ ਚੋਣ ਵਿਚ ਨਮੋਸ਼ੀ ਝੱਲਣੀ ਪਈ ਸੀ।

Advertisement

ਜਾਖੜ ਦਾ ਅਸਤੀਫ਼ਾ ਕੋਈ ਨਵੀਂ ਗੱਲ ਨਹੀਂ...

ਜਾਖੜ ਵੱੱਲੋਂ ਅਸਤੀਫ਼ਾ ਦੇਣਾ ਕੋਈ ਨਵੀਂ ਗੱਲ ਨਹੀਂ ਹੈ। ਮਈ 2022 ਵਿਚ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਜਾਖੜ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿੰਦਿਆਂ ਇਕ ਨਹੀਂ ਬਲਕਿ ਕਈ ਵਾਰ ਅਸਤੀਫ਼ਾ ਦਿੱਤਾ ਸੀ। ਸਾਲ 2019 ਵਿਚ ਬੌਲੀਵੁੱਡ ਅਦਾਕਾਰ ਸਨੀ ਦਿਓਲ ਤੋਂ ਗੁਰਦਾਸਪੁਰ ਲੋਕ ਸਭਾ ਸੀਟ ਹਾਰਨ ਤੋਂ ਬਾਅਦ ਜਾਖੜ ਨੇ ਅਸਤੀਫ਼ਾ ਦਿੱਤਾ ਪਰ ਕਾਂਗਰਸ ਨੇ ਉਦੋਂ ਇਸ ਨੂੰ ਮਨਜ਼ੂਰ ਨਹੀਂ ਕੀਤਾ। ਮਗਰੋਂ ਮਈ 2022 ਵਿਚ ਫੇਸਬੁੱਕ ’ਤੇ ਲਾਈਵ ਹੋ ਕੇ ਅਸਤੀਫ਼ਾ ਦਿੱਤਾ। ਸੂਤਰਾਂ ਮੁਤਾਬਕ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਕੇਂਦਰ ਵਿਚ ਮੰਤਰੀ ਬਣਾਉਣ ਦੇ ਫੈਸਲੇ ਤੋਂ ਵੀ ਜਾਖੜ ਨਾਰਾਜ਼ ਦੱਸੇ ਜਾਂਦੇ ਸਨ।

Advertisement

Advertisement
Author Image

Advertisement