ਦੁਨੀਆ ਦੀ ਅੱਠਵੀਂ ਸਭ ਤੋਂ ਉੱਚੀ ਚੋਟੀ ਸਰ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਸੁਨੀਲ
ਕਾਠਮੰਡੂ, 21 ਸਤੰਬਰ
ਭਾਰਤੀ ਪਰਬਤਾਰੋਹੀ ਸੁਨੀਲ ਕੁਮਾਰ (32) ਨੇਪਾਲ ਦੀ ਮਾਊਂਟ ਮਨਾਸਲੂ ਨੂੰ ਸਫ਼ਲਤਾਪੂਰਵਕ ਸਰ ਕਰਕੇ ਦੁਨੀਆ ਦੀ ਅੱਠਵੀਂ ਸਭ ਤੋਂ ਉੱਚੀ ਚੋਟੀ ਉੱਤੇ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਹਰਿਆਣਾ ਨਾਲ ਸਬੰਧਿਤ ਸੁਨੀਲ ਸਥਾਨਕ ਸਮੇਂ ਦੇ ਹਿਸਾਬ ਨਾਲ ਸਵੇਰੇ 5:25 ’ਤੇ ਸਮੁੰਦਰ ਤਲ ਤੋਂ 8,163 ਮੀਟਰ ਦੀ ਉਚਾਈ ’ਤੇ ਸਥਿਤ ਮਾਊਂਟ ਮਨਾਸਲੂ ਦੀ ਚੋਟੀ ’ਤੇ ਪਹੁੰਚਿਆ। ਮੁਹਿੰਮ ਦੇ ਪ੍ਰਬੰਧਕਾਂ ਅਨੁਸਾਰ ਸੁਨੀਲ ਨਾਲ ਇੱਕ ਹੋਰ ਨੇਪਾਲੀ ਪਰਬਤਾਰੋਹੀ ਸੰਗੀਤਾ ਕੁਮਾਰੀ ਰੋਕਾਇਆ ਅਤੇ ਦੋ ਪਹਾੜੀ ਮਾਰਗਦਰਸ਼ਕ ਸਨ। ਸੁਨੀਲ ਮੱਧ ਨੇਪਾਲ ਦੇ ਉੱਤਰ ਵੱਲ ਸਥਿਤ ਗੋਰਖਾ ਜ਼ਿਲ੍ਹੇ ਵਾਲੇ ਪਾਸਿਓਂ ਪਹਾੜ ’ਤੇ ਚੜ੍ਹਿਆ। ਮੁਹਿੰਮ ਦੇ ਪ੍ਰਬੰਧਕ ਪਾਇਓਨੀਅਰ ਐਡਵੈਂਚਰ ਪ੍ਰਾਈਵੇਟ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਨਿਵੇਸ਼ ਕਾਰਕੀ ਅਨੁਸਾਰ ਪਹਾੜੀ ਮਾਰਗਦਰਸ਼ਕ ਲਕਪਾ ਗਾਇਲਜੇਨ ਸ਼ੇਰਪਾ ਅਤੇ ਛਾਂਗਾਬਾ ਸ਼ੇਰਪਾ ਵੀ ਪਹਾੜੀ ਚੋਟੀ ’ਤੇ ਉਸੇ ਸਮੇਂ 5.25 ਵਜੇ ਪਹੁੰਚੇ। ਉਨ੍ਹਾਂ ਦੱਸਿਆ ਕਿ ਚੋਟੀ ਨੂੰ ਸਰ ਕਰਨ ਮਗਰੋਂ ਉਹ ਵਾਪਸ ਬੇਸ ਕੈਂਪ ਪਰਤ ਰਹੇ ਹਨ। -ਪੀਟੀਆਈ