ਸੁਨੀਲ ਸ਼ੈਟੀ ਨੇ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਜਨਵਰੀ
ਉੱਘੇ ਫਿਲਮ ਕਲਾਕਾਰ ਅਤੇ ਨਿਰਮਾਤਾ ਸੁਨੀਲ ਸ਼ੈਟੀ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਨਵੇਂ ਸਾਲ ਦੀ ਆਮਦ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਹ ਅੱਜ ਆਪਣੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ। ਗੁਰੂ ਘਰ ਵਿਖੇ ਮੱਥਾ ਟੇਕਣ ਮਗਰੋਂ ਉਨ੍ਹਾਂ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਉਹ ਪਹਿਲਾਂ ਵੀ ਨਵੇਂ ਸਾਲ ਮੌਕੇ ਗੁਰੂ ਘਰ ਦਾ ਆਸ਼ੀਰਵਾਦ ਲੈਣ ਲਈ ਆ ਚੁੱਕੇ ਹਨ।
ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਸ੍ਰੀ ਸ਼ੈਟੀ ਨੇ ਆਖਿਆ ਕਿ ਉਨ੍ਹਾਂ ਅੱਜ ਗੁਰੂ ਘਰ ਵਿਖੇ ਨਤਮਸਤਕ ਹੋ ਗਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਸਾਰਿਆਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਆ ਕੇ ਅਤੇ ਇੱਥੇ ਨਤਮਸਤਕ ਹੋ ਕੇ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਹ ਪਿਛਲੇ ਸਾਲ ਨਹੀਂ ਆ ਸਕੇ ਸਨ ਅਤੇ ਹੁਣ ਇਸ ਸਾਲ ਨਵੇਂ ਸਾਲ ਦੀ ਆਮਦ ਮੌਕੇ ਗੁਰੂ ਘਰ ਦਾ ਆਸ਼ੀਰਵਾਦ ਲੈਣ ਵਾਸਤੇ ਪੁੱਜੇ ਹਨ। ਪੰਜਾਬੀ ਗਾਇਕ ਅਤੇ ਕਲਾਕਾਰ ਦਿਲਜੀਤ ਸਿੰਘ ਦੋਸਾਂਝ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦੀ ਸਫਲਤਾ ’ਤੇ ਮਾਣ ਹੈ। ਉਨ੍ਹਾਂ ਉਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਬਾਰਡਰ ਫਿਲਮ ਵਿੱਚ ਉਸ ਦੇ ਨਾਲ ਉਨ੍ਹਾਂ ਦਾ ਪੁੱਤਰ ਵੀ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਚੰਗਾ ਲੱਗਾ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਕਦੇ ਕਿਸੇ ਪੰਜਾਬੀ ਫਿਲਮ ਜਾਂ ਗੀਤ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਜ਼ਰੂਰ ਕਰਨਗੇ। ਪੰਜਾਬੀ ਫਿਲਮ ਨਿਰਮਾਣ ਬਾਰੇ ਵੀ ਉਨ੍ਹਾਂ ਹੁੰਗਾਰਾ ਦਿੱਤਾ ਹੈ।