ਘੱਟ ਸਮਾਂ ਲੈਣ ਵਾਲੀ ਫ਼ਸਲ ਸੂਰਜਮੁਖੀ
ਜਗਮਨਜੋਤ ਸਿੰਘ*
ਸੂਰਜਮੁਖੀ ਘੱਟ ਸਮਾਂ ਲੈਣ ਵਾਲੀ ਬਹੁਤ ਹੀ ਮਹੱਤਵਪੂਰਨ ਤੇਲਬੀਜ ਫ਼ਸਲ ਹੈ। ਇਸ ਦੀ ਕਾਸ਼ਤ ਪੰਜਾਬ ਵਿੱਚ ਲਗਭਗ 1.5 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਇਸ ਦੇ ਬੀਜ ਵਿੱਚ ਲਗਭਗ 34-43% ਚੰਗੀ ਗੁਣਵੱਤਾ ਵਾਲਾ ਤੇਲ ਅਤੇ ਪ੍ਰੋਟੀਨ ਕੇਕ ਹੁੰਦਾ ਹੈ। ਸੂਰਜਮੁਖੀ ਦਾ ਤੇਲ ਖਾਣ ਵਾਲੇ ਰਿਫਾਇੰਡ ਤੇਲ ਅਤੇ ਬਨਸਪਤੀ ਦੇ ਨਿਰਮਾਣ ਲਈ ਬਹੁਤ ਢੁੱਕਵਾਂ ਹੈ। ਸੂਰਜਮੁਖੀ ਦਾ ਤੇਲ ਲਿਨੋਲਿਕ ਐਸਿਡ (64%) ਦਾ ਭਰਪੂਰ ਸਰੋਤ ਹੈ ਜੋ ਦਿਲ ਦੀਆਂ ਕੋਰੋਨਰੀ ਨਾੜੀਆਂ ਵਿੱਚ ਜਮ੍ਹਾਂ ਕੋਲੇਸਟ੍ਰੋਲ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਤਰ੍ਹਾਂ ਸੂਰਜਮੁਖੀ ਦਾ ਤੇਲ ਦਿਲ ਦੇ ਮਰੀਜ਼ਾਂ ਲਈ ਬਹੁਤ ਚੰਗਾ ਹੈ। ਇਸ ਤੇਲ ਦੀ ਵਰਤੋਂ ਸਾਬਣ, ਕਾਸਮੈਟਿਕਸ, ਬੱਚਿਆਂ ਦੇ ਖਾਣੇ, ਪੋਲਟਰੀ ਅਤੇ ਪਸ਼ੂਆਂ ਦੇ ਰਾਸ਼ਨ ਵਿੱਚ ਵੀ ਕੀਤੀ ਜਾਂਦੀ ਹੈ। ਬਸੰਤ ਰੁੱਤ ਵਿੱਚ ਸ਼ਹਿਦ ਦੀਆਂ ਮੱਖੀਆਂ ਦੀ ਵਧੇਰੀ ਗਿਣਤੀ ਹੋਣ ਨਾਲ ਬੀਜ ਦੀ ਚੰਗੀ ਬਣਤਰ ਅਤੇ ਉੱਚ ਪੈਦਾਵਾਰ ਲਈ ਜਾ ਸਕਦੀ ਹੈ। ਪੰਜਾਬ ਵਿੱਚ ਤੋਰੀਆ, ਆਲੂ, ਮੂਢੀ ਗੰਨਾ ਅਤੇ ਕਪਾਹ ਦੀ ਫ਼ਸਲ ਤੋਂ ਬਾਅਦ ਸੂਰਜਮੁਖੀ ਦੀ ਸਫਲਤਾਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ। ਬਾਸਮਤੀ-ਕਣਕ ਦੇ ਫ਼ਸਲੀ ਚੱਕਰ ਦੀ ਬਜਾਏ ਬਾਸਮਤੀ-ਸੂਰਜਮੁਖੀ ਫ਼ਸਲੀ ਚੱਕਰ ਵਧੇਰੇ ਲਾਹੇਵੰਦ ਅਤੇ ਲਾਭਕਾਰੀ ਹੈ। ਸਫਲ ਕਾਸ਼ਤ ਅਤੇ ਚੰਗੀ ਪੈਦਾਵਾਰ ਲੈਣ ਲਈ ਖੇਤ ਵਿੱਚ ਬਿਜਾਈ ਤੋਂ ਲੈ ਕੇ ਵੱਢਣ ਤੱਕ ਸਾਰੇ ਅਭਿਆਸਾਂ ਦਾ ਖ਼ਾਸ ਖ਼ਿਆਲ ਰੱਖਣਾ ਜ਼ਰੂਰੀ ਹੈ।
ਸੂਰਜਮੁਖੀ ਦੀ ਕਾਸ਼ਤ ਲਈ ਪਾਣੀ ਦੇ ਚੰਗੇ ਨਿਕਾਸ ਵਾਲੀ ਦਰਮਿਆਨੀ ਜ਼ਮੀਨ ਸਭ ਤੋਂ ਢੁੱਕਵੀਂ ਹੈ। ਕਲਰਾਠੀ ਅਤੇ ਸੇਮ ਵਾਲੀਆਂ ਜ਼ਮੀਨਾਂ ਇਸ ਦੀ ਕਾਸ਼ਤ ਦੇ ਯੋਗ ਨਹੀਂ ਹਨ। ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹੁਣ ਨਾਲ ਹਰੇਕ ਵਾਹੀ ਤੋਂ ਬਾਅਦ ਸੁਹਾਗਾ ਫੇਰੋ ਤਾਂ ਜੋ ਬਿਜਾਈ ਲਈ ਚੰਗਾ ਖੇਤ ਤਿਆਰ ਹੋ ਸਕੇ। ਸੂਰਜਮੁਖੀ ਦੀ ਕਾਸ਼ਤ ਪੀਐੱਸਐੱਚ (2080), ਪੀਐੱਸਐੱਚ (1962), ਡੀਕੇ 3849 ਅਤੇ ਪੀਐੱਸਐੱਚ (1996) (ਪਿਛੇਤੀ ਬਿਜਾਈ) ਕਿਸਮਾਂ ਵਿੱਚੋਂ ਕੀਤੀ ਜਾ ਸਕਦੀ ਹੈ।
ਇਸ ਦੀ ਬਿਜਾਈ ਜਨਵਰੀ ਮਹੀਨੇ ਵਿੱਚ ਪੂਰੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਪਛੇਤੀ ਬਿਜਾਈ ਵਿੱਚ ਝਾੜ ਦੀ ਕਮੀ ਆਉਂਦੀ ਹੈ। ਫਰਵਰੀ ਦੇ ਦੂਜੇ ਪੰਦਰਵਾੜੇ ਦੌਰਾਨ ਫ਼ਸਲ ਦੀ ਬਿਜਾਈ ਲੇਟ ਜਾਂ ਸਿੱਧੀ ਬਿਜਾਈ ਕਰਨ ਨਾਲ ਮਾਰਚ ਦੇ ਮਹੀਨੇ ਵਿੱਚ ਪਰਾਗਣ ਕਿਰਿਆ ਦੌਰਾਨ ਵੱਧ ਤਾਪਮਾਨ ਨਾਲ ਬੀਜ ਬਣਨ ਵਿੱਚ ਸਮੱਸਿਆ ਆਉਂਦੀ ਹੈ। ਇਸ ਲਈ ਪਛੇਤੀ ਬਿਜਾਈ ਵਿੱਚ ਫ਼ਸਲ ਦੀ ਸਿੱਧੀ ਬਿਜਾਈ ਕਰਨ ਦੀ ਬਿਜਾਏ ਪਨੀਰੀ ਰਾਹੀਂ ਕਾਸ਼ਤ ਕਰਨੀ ਚਾਹੀਦੀ ਹੈ। ਫ਼ਸਲ ਦੀ ਸਿੱਧੀ ਬਿਜਾਈ ਲਈ 2 ਕਿਲੋ ਬੀਜ ਪ੍ਰਤੀ ਏਕੜ ਵਰਤੋ ਅਤੇ ਬੀਜ ਨੂੰ 6 ਗ੍ਰਾਮ ਟੈਗਰਾਨ 35 ਡਬਲਯੂ ਐੱਸ (ਮੈਟਾਲੈਕਸਲ) ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬਿਜਾਈ ਕਰੋ। ਮੈਂਥੇ ਅਤੇ ਸੂਰਜਮੁਖੀ ਦੀ ਅੰਤਰ ਫ਼ਸਲ ਲਈ ਸੂਰਜਮੁਖੀ ਦੀ 120 ਸੈਂਟੀਮੀਟਰ ’ਤੇ ਬੀਜੀ ਫ਼ਸਲ ਵਿੱਚ ਦੋ ਕਤਾਰਾਂ ਮੈਂਥੇ ਲਈ 1.5 ਕੁਇੰਟਲ ਮੈਂਥੇ ਦੀਆਂ ਜੜਾਂ ਪ੍ਰਤੀ ਏਕੜ ਵਰਤੋ।
ਇਸ ਦੀ ਬਿਜਾਈ 4-5 ਸੈਂਟੀਮੀਟਰ ਦੀ ਡੂੰਘਾਈ ਵਿੱਚ ਅਤੇ 60 ਸੈਂਟੀਮੀਟਰ ਦੀਆਂ ਕਤਾਰਾਂ ਵਿੱਚ ਬੂਟੇ ਤੋਂ ਬੂਟੇ ਵਿੱਚ 30 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ ਕਰੋ। ਫ਼ਸਲ ਦੀ ਬਿਜਾਈ ਪੂਰਬ ਪੱਛਮ ਦਿਸ਼ਾ ਵਾਲੀਆਂ ਵੱਟਾਂ ਦੇ ਦੱਖਣ ਵਾਲੇ ਪਾਸੇ 6-8 ਸੈਂਟੀਮੀਟਰ ਹੇਠਾਂ ਕੀਤੀ ਜਾ ਸਕਦੀ ਹੈ। ਵੱਟ ’ਤੇ ਬੀਜੀ ਫ਼ਸਲ ਨੂੰ 2-3 ਦਿਨ ਬਾਅਦ ਪਾਣੀ ਦਿਓ। ਵੱਟਾਂ ’ਤੇ ਬਿਜਾਈ ਕਰਨ ਨਾਲ ਫ਼ਸਲ ਦੇ ਡਿੱਗਣ ਤੋਂ ਬਚਾਅ ਅਤੇ ਠੰਢ ਵਾਲੇ ਦਿਨਾਂ ਵਿੱਚ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਸੂਰਜਮੁਖੀ ਦੀ ਪਛੇਤੀ ਬਿਜਾਈ (ਫਰਵਰੀ-ਮਾਰਚ) ਲਈ ਪਨੀਰੀ ਰਾਹੀਂ ਕਾਸ਼ਤ ਕੀਤੀ ਜਾ ਸਕਦੀ ਹੈ। ਪਨੀਰੀ ਦੀ ਬਿਜਾਈ ਲਈ 1.5 ਕਿਲੋ ਬੀਜ ਅਤੇ ਲਗਭਗ ਸਵਾ ਮਰਲਾ (30 ਵਰਗ ਮੀਟਰ) ਰਕਬਾ ਚਾਹੀਦਾ ਹੈ। ਇਸ ਵਿੱਚੋਂ ਇੱਕ ਏਕੜ ਦੇ ਬੂਟੇ ਲਗਭਗ 30 ਦਿਨ ਵਿੱਚ ਤਿਆਰ ਹੋ ਜਾਣਗੇ। ਪਨੀਰੀ ਦੀ ਬਿਜਾਈ ਲਈ 0.5 ਕਿਲੋ ਯੂਰੀਆ ਅਤੇ 1.5 ਕਿਲੋ ਸੁਪਰ ਫਾਸਫੇਟ ਦੀ ਵਰਤੋਂ ਕਰਕੇ ਬੈੱਡ ਤਿਆਰ ਕਰੋ ਅਤੇ ਚੰਗੀ ਤਰ੍ਹਾਂ ਸੜੀ ਹੋਈ ਰੂੜੀ ਨਾਲ ਬੀਜ ਨੂੰ ਢਕ ਦਿਓ। ਪਨੀਰੀ ਦੀ ਬਿਜਾਈ ਤੋਂ ਬਾਅਦ ਹਲਕਾ ਪਾਣੀ ਦਿਓ। ਪਨੀਰੀ ਵਾਲੇ ਕਿਆਰੇ ਨੂੰ ਪਾਰਦਰਸ਼ੀ ਪਲਾਸਟਿਕ ਦੀ ਚਾਦਰ ਨਾਲ ਸੋਟੀਆਂ ਦਾ ਸਹਾਰਾ ਦੇ ਕੇ ਸੁਰੰਗ ਵਾਂਗ ਢੱਕ ਦਿਓ। ਪਨੀਰੀ ਦੇ ਬੀਜ ਪੁੰਗਰਣ ਅਤੇ ਬਾਹਰ ਆ ਜਾਣ ਤੋਂ ਬਾਅਦ ਚਾਦਰ ਨੂੰ ਹਟਾ ਦਿਓ। ਪਨੀਰੀ ਤਿਆਰ ਹੋਣ ਤੋਂ ਬਾਅਦ ਅਤੇ ਪੁੱਟਣ ਤੋਂ ਪਹਿਲਾਂ ਪਾਣੀ ਲਾ ਦਿਓ।
ਇਸ ਦੀ ਫ਼ਸਲ ਵਿੱਚ ਖਾਦਾਂ ਨੂੰ ਮਿੱਟੀ ਪਰਖ ਦੇ ਆਧਾਰ ’ਤੇ ਪਾਓ ਅਤੇ ਦਰਮਿਆਨੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 21 ਕਿਲੋ ਨਾਈਟ੍ਰੋਜਨ (50 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਵਰਤੋ। ਹਲਕੀਆਂ ਜ਼ਮੀਨਾਂ ਵਿੱਚ 24 ਕਿਲੋ ਨਾਈਟ੍ਰੋਜਨ (50 ਕਿਲੋ ਯੂਰੀਆ) ਨੂੰ ਦੋ ਕਿਸ਼ਤਾਂ ਵਿੱਚ ਅੱਧੀ ਬਿਜਾਈ ਅਤੇ ਅੱਧੀ ਇੱਕ ਮਹੀਨੇ ਬਾਅਦ ਪਾਓ। ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਬਿਜਾਈ ਸਮੇਂ ਵਰਤੋ। ਤੋਰੀਆ ਦੀ ਫ਼ਸਲ ਤੋਂ ਬਾਅਦ ਬਿਜਾਈ ਕੀਤੀ ਫ਼ਸਲ ਵਿੱਚ ਸਿਫਾਰਸ਼ ਕੀਤੀ ਖਾਦ ਦੇ ਨਾਲ 10 ਟਨ ਚੰਗੀ ਤਰ੍ਹਾਂ ਗਲੀ ਸੜੀ ਹੋਈ ਰੂੜੀ ਦੀ ਵਰਤੋਂ ਕਰੋ। ਜੇਕਰ ਸੂਰਜਮੁਖੀ ਦੀ ਕਾਸ਼ਤ ਆਲੂ ਜਿਸ ਨੂੰ 20 ਟਨ ਰੂੜੀ ਪਾਈ ਗਈ ਹੋਵੇ ਤੋਂ ਬਾਅਦ ਕੀਤੀ ਜਾਵੇ ਤਾਂ ਯੂਰੀਆ ਨੂੰ ਘਟਾ ਕੇ 25 ਕਿਲੋ ਪ੍ਰਤੀ ਏਕੜ ਪਾਈ ਜਾਵੇ। ਮੈਂਥੇ ਅਤੇ ਸੂਰਜਮੁਖੀ ਦੀ ਅੰਤਰ ਖੇਤੀ ਵਿੱਚ ਸੂਰਜਮੁਖੀ ਲਈ ਸਿਫ਼ਾਰਸ਼ ਕੀਤੀ ਖਾਦ ਤੋਂ ਇਲਾਵਾ 23 ਕਿਲੋ ਨਾਈਟ੍ਰੋਜਨ (50 ਕਿਲੋ ਯੂਰੀਆ-ਅੱਧਾ ਬਿਜਾਈ ਸਮੇਂ ਅਤੇ ਅੱਧਾ ਬਿਜਾਈ ਤੋਂ 40 ਦਿਨ ਬਾਅਦ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸੁਪਰਫਾਸਫੇਟ) (ਬਿਜਾਈ ਸਮੇਂ) ਪ੍ਰਤੀ ਏਕੜ ਪਾਓ।
ਸੂਰਜਮੁਖੀ ਨੂੰ ਮਿੱਟੀ ਅਤੇ ਮੌਸਮ ਦੇ ਆਧਾਰ ’ਤੇ ਲਗਭਗ 6-9 ਪਾਣੀਆਂ ਦੀ ਲੋੜ ਪੈਂਦੀ ਹੈ। ਪਹਿਲਾ ਪਾਣੀ ਬਿਜਾਈ ਤੋਂ ਇੱਕ ਮਹੀਨਾ ਬਾਅਦ ਅਤੇ ਇਸ ਤੋਂ ਬਾਅਦ ਮਾਰਚ ਵਿੱਚ ਪਾਣੀ ਦੋ ਹਫ਼ਤਿਆਂ ਬਾਅਦ ਅਤੇ ਅਪਰੈਲ ਵਿੱਚ 8-10 ਦਿਨਾਂ ਬਾਅਦ ਲਾਓ। ਸੂਰਜਮੁਖੀ ਨੂੰ 50% ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖ਼ਤ ਦੋਧੇ ਸਮੇਂ ਸਿੰਚਾਈ ਬਹੁਤੀ ਜ਼ਰੂਰੀ ਹੈ।
ਬੂਟਿਆਂ ਨੂੰ ਡਿੱਗਣ ਤੋਂ ਬਚਾਉਣ ਲਈ ਫੁੱਲ ਨਿਕਲਣ ਤੋਂ ਪਹਿਲਾਂ (60-70 ਸੈਂਟੀਮੀਟਰ ਉੱਚੀ ਫ਼ਸਲ) ਮਿੱਟੀ ਚੜ੍ਹਾਓ। ਫ਼ਸਲ ਵਿੱਚ ਪਹਿਲੀ ਗੋਡੀ ਬਿਜਾਈ ਤੋਂ 2-3 ਹਫ਼ਤੇ ਬਾਅਦ ਅਤੇ ਦੂਜੀ ਉਸ ਤੋਂ 3 ਹਫ਼ਤੇ ਬਾਅਦ ਕਰੋ। ਸਿਰਾਂ ਦੇ ਹੇਠਲੇ ਪਾਸੇ ਪੀਲਾ ਭੂਰਾ ਰੰਗ, ਡਿਸਕਾਂ ਦਾ ਸੁੱਕਣਾ ਸ਼ੁਰੂ ਹੋਣਾ ਅਤੇ ਦਾਣਿਆਂ ਦਾ ਰੰਗ ਕਾਲਾ ਹੋਣ ’ਤੇ ਫ਼ਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ। ਸਿਰਾਂ ਦੀ ਗਹਾਈ ਸੂਰਜਮੁਖੀ ਥਰੈਸ਼ਰ ਨਾਲ ਕਰੋ ਅਤੇ ਚੰਗੀ ਤਰ੍ਹਾਂ ਸੁਕਾਅ ਕੇ ਸਟੋਰ ਕਰੋ।
ਸੰਪਰਕ: 94929-00307
*ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ