ਪਰਾਲੀ ਸਾੜੇ ਬਗ਼ੈਰ ਬੀਜੀ ਕਣਕ ’ਤੇ ਸੁੰਡੀ ਦਾ ਹਮਲਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਨਵੰਬਰ
ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨੇ ਕਿਹਾ ਕਿ ਸਰਕਾਰ ਦੀ ਸਖ਼ਤੀ ਕਾਰਨ ਸਮੇਂ ਸਿਰ ਪਰਾਲੀ ਪ੍ਰਬੰਧਨ ਨਾ ਹੋਣ ਕਰਕੇ ਜਿੱਥੇ ਕਣਕ ਦੀ ਬਿਜਾਈ ’ਚ ਦੇਰੀ ਹੋਈ ਹੈ ਉਥੇ ਹੀ ਬੀਜੀ ਫ਼ਸਲ ’ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਬੀਕੇਯੂ ਆਜ਼ਾਦ ਦੇ ਜਨਰਲ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆ ਵਿੱਚ ਕਿਸਾਨ ਬਲਦੇਵ ਸਿੰਘ ਦੀ ਸੱਤ ਏਕੜ ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ। ਪੀੜਤ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਪਰਾਲੀ ਨੂੰ ਅੱਗ ਨਹੀਂ ਲਗਾਈ। ਝੋਨੇ ਦੀ ਪਰਾਲੀ ਸਮੇਤ ਸੁਪਰਸੀਡਰ ਨਾਲ ਬਿਜਾਈ ਕੀਤੀ ਸੀ ਪਰ ਕਣਕ ਦੀ ਫ਼ਸਲ ਨੂੰ ਦੁਆਰਾ ਬੀਜਣ ਲਈ ਮਜਬੂਰ ਹੋਣਾ ਪਿਆ। ਮੌਕੇ ’ਤੇ ਮੌਜੂਦ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਕਿਸਾਨਾਂ ਅਤੇ ਪਰਾਲੀ ਸਾੜਨ ’ਤੇ ਪਰਚੇ ਦਰਜ ਕੀਤੇ ਗਏ ਅਤੇ ਹੁਣ ਪਰਾਲੀ ਦੀ ਰਹਿੰਦ-ਖੂੰਹਦ ਜ਼ਮੀਨ ’ਚ ਵਾਹੁਣ ਕਰਕੇ ਗੁਲਾਬੀ ਸੁੰਡੀ ਦਾ ਫ਼ਸਲ ’ਤੇ ਹਮਲਾ ਹੋ ਗਿਆ। ਸੁੰਡੀ ਦੇ ਹਮਲੇ ਕਾਰਨ ਕਿਸਾਨ ਨੂੰ ਆਪਣੀ ਕਣਕ ਨੂੰ ਦੁਆਰਾ ਬੀਜਣ ਲਈ ਮਜਬੂਰ ਹੋਣਾ ਪਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਰਾਲੀ ਨਾ ਸਾੜਨ ਕਰਕੇ ਸੁੰਡੀ ਪੈਦਾ ਹੋਈ ਹੈ ਤੇ ਹੁਣ ਮੁੜ ਕਣਕ ਬੀਜਣ ’ਤੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੁਕਸਾਨ ਦੀ ਭਰਪਾਈ ਕਰੇ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਭੀਮ ਸਿੰਘ, ਗਰਜਾ ਸਿੰਘ, ਸੁਖਦੇਵ ਸਿੰਘ, ਬਹਾਦਰ ਸਿੰਘ, ਬਿੱਕਰ ਸਿੰਘ, ਮਹਿਮਾ ਸਿੰਘ, ਲੀਲਾ ਗਰੇਵਾਲ, ਚੰਦ ਸਿੰਘ, ਬਿੰਦਰ ਸਿੰਘ, ਬੱਗਾ ਸਿੰਘ ਆਦਿ ਹਾਜ਼ਰ ਸਨ।