ਡਾਕ ਐਤਵਾਰ ਦੀ
ਏਜੰਟਾਂ ’ਤੇ ਸ਼ਿਕੰਜਾ
ਐਤਵਾਰ 16 ਫਰਵਰੀ ਦੇ ਮੁੱਖ ਸਫ਼ੇ ’ਤੇ ਛਪੀ ਖ਼ਬਰ ‘ਡਿਪੋਰਟ ਵਿਅਕਤੀ ਦੀ ਸ਼ਿਕਾਇਤ ’ਤੇ ਪਹਿਲਾ ਏਜੰਟ ਗ੍ਰਿਫ਼ਤਾਰ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸੁੱਤਾ ਹੋਇਆ ਪ੍ਰਸ਼ਾਸਨ ਜਾਗ ਚੁੱਕਿਆ ਹੈ ਅਤੇ ਹੁਣ ਖ਼ਾਨਾਪੂਰਤੀ ਲਈ ਹੋਰ ਵੀ ਗ੍ਰਿਫ਼ਤਾਰੀਆਂ ਹੋਣਗੀਆਂ। ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਨੌਜਵਾਨ ਲੰਮੇ ਸਮੇਂ ਤੋਂ ਇਨ੍ਹਾਂ ਏਜੰਟਾਂ ਦੇ ਜਾਲ ਵਿੱਚ ਫਸੇ ਹੋਏ ਹਨ। ਜਿਹੜੀ ਕਾਰਵਾਈ ਪ੍ਰਸ਼ਾਸਨ ਨੇ ਹੁਣ ਕੀਤੀ ਹੈ, ਉਹ ਪਹਿਲਾਂ ਕਿਉਂ ਨਾ ਕੀਤੀ? ਡਿਪੋਰਟ ਹੋਏ ਇੱਕ ਨੌਜਵਾਨ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆ ਕੇ ਸਬੰਧਿਤ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਬੰਧਿਤ ਏਜੰਟ ਨੂੰ ਕਦੋਂ ਅਤੇ ਕੀ ਸਜ਼ਾ ਮਿਲੇਗੀ, ਇਹ ਤਾਂ ਸਮਾਂ ਦੱਸੇਗਾ, ਪਰ ਪ੍ਰਸ਼ਾਸਨ ਨੂੰ ਜਾਗਦੇ ਰਹਿਣਾ ਹੋਵੇਗਾ ਤਾਂ ਜੋ ਕੋਈ ਵੀ ਨੌਜਵਾਨ ਏਜੰਟਾਂ ਦੇ ਝਾਂਸੇ ਵਿੱਚ ਨਾ ਆ ਸਕੇ।
ਰਜਵਿੰਦਰ ਪਾਲ ਸ਼ਰਮਾ, ਈ-ਮੇਲ
ਬੇਲੋੜੀ ਬਿਆਨਬਾਜ਼ੀ
ਅਮਰੀਕਾ ਵੱਲੋਂ ਭਾਰਤੀ ਗ਼ੈਰ-ਕਾਨੂੰਨੀ ਇਮੀਗ੍ਰੈਂਟਾਂ ਨੂੰ ਦੇਸ਼ ਤੋਂ ਕੱਢ ਕੇ ਭੇਜਿਆ ਗਿਆ ਹੈ। ਇਹ ਨਾਗਰਿਕ ਪੰਜਾਬ, ਹਰਿਆਣਾ, ਗੁਜਰਾਤ, ਗੋਆ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵਸਨੀਕ ਹਨ। ਇਸ ਮਾਮਲੇ ’ਤੇ ਸਿਆਸੀ ਪਾਰਟੀਆਂ ਦੀ ਅਣਚਾਹੀ ਸਿਆਸਤ ਸਾਹਮਣੇ ਆ ਰਹੀ ਹੈ। ਸੂਬਾਈ ਸਰਕਾਰ ਵੱਲੋਂ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਜਾ ਰਿਹਾ ਹੈ ਜਦੋਂਕਿ ਕਈ ਪਾਰਟੀਆਂ ਇਸ ਨੂੰ ਸਿਆਸੀ ਮਸਲਾ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤਾਂ ਇੱਕ ਕਦਮ ਹੋਰ ਅੱਗੇ ਵਧ ਕੇ ਨੈਤਿਕ ਆਧਾਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕਰ ਦਿੱਤੀ। ਪਰ ਉਹ ਭੁੱਲ ਗਏ ਕਿ ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ਗਏ ਤੇ ਉੱਥੋਂ ਕੱਢੇ ਗਏ ਲੋਕ ਉਨ੍ਹਾਂ ਰਾਜਾਂ ਨਾਲ ਵੀ ਸਬੰਧਿਤ ਹਨ ਜਿੱਥੇ ਭਾਜਪਾ ਦੀ ਸਰਕਾਰ ਹੈ। ਇਹ ਸਮਾਂ ਗੱਲਾਂ ਕਰਨ ਦਾ ਨਹੀਂ ਸਗੋਂ ਗ਼ੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਢੁੱਕਵੇਂ ਯਤਨ ਕਰਨ ਦਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨੇਤਾਵਾਂ ਨੂੰ ਬੇਲੋੜੀ ਰਾਜਨੀਤੀ ਕਰਨ ਦੀ ਬਜਾਏ, ਲੋਕਾਂ ਨੂੰ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਤੋਂ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ। ਜੁਮਲੇਬਾਜ਼ੀ ਅਤੇ ਦੋਸ਼ ਲਗਾਉਣ ਦੀ ਰਾਜਨੀਤੀ ਕਿਸੇ ਸਮੱਸਿਆ ਦਾ ਹੱਲ ਨਹੀਂ।
ਕੁਲਵੰਤ ਰਾਏ ਵਰਮਾ, ਈ-ਮੇਲ
ਚਿੱਤਰਕਾਰੀ ਦਾ ਜਰਨੈਲ
ਐਤਵਾਰ 16 ਫਰਵਰੀ ਦੇ ਅੰਕ ਵਿੱਚ ਦਲਜੀਤ ਸਿੰਘ ਸਰਾਂ ਦਾ ਲੇਖ ‘ਪੰਜਾਬੀ ਵਿਰਸੇ ਤੇ ਲੋਕ ਜੀਵਨ ਦੀ ਚਿੱਤਰਕਾਰੀ ਦਾ ਜਰਨੈਲ’ ਵਡਮੁੱਲੀ ਜਾਣਕਾਰੀ ਨਾਲ ਭਰਪੂਰ ਸੀ। ਜਰਨੈਲ ਸਿੰਘ ਜਿਹੇ ਚਿੱਤਰਕਾਰ ਪਰਮਾਤਮਾ ਇਸ ਦੁਨੀਆ ’ਚ ਵਿਸ਼ੇਸ਼ ਤੋਹਫ਼ੇ ਵਜੋਂ ਭੇਜਦਾ ਹੈ। ਇਹ ਕਲਾ ਕਿਸੇ ਵਿਰਲੇ ਦੇ ਭਾਗਾਂ ਵਿੱਚ ਹੁੰਦੀ ਹੈ। ਉੱਘੇ ਚਿੱਤਰਕਾਰ ਸ. ਕਿਰਪਾਲ ਸਿੰਘ ਨੇ ਆਪਣੇ ਪੁੱਤਰ ਜਰਨੈਲ ਸਿੰਘ ਦੀ ਕਲਾ ਨੂੰ ਬਾਖ਼ੂਬੀ ਨਿਖਾਰਿਆ।
ਸ਼ਰਨਜੀਤ ਸਿੰਘ ਖਮਾਣੋਂ, ਫ਼ਤਹਿਗੜ੍ਹ ਸਾਹਿਬ
ਮਾੜਾ ਕਿਉਂ ਨਹੀਂ?
ਐਤਵਾਰ 9 ਫਰਵਰੀ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਨੇ ਆਪਣੇ ਲੇਖ ‘ਭਾਜਪਾ ਵੱਲੋਂ ਆਪ ਨੂੰ ਸ਼ਹਿ ਤੇ ਮਾਤ’ ਵਿੱਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ 58 ਸੀਟਾਂ ’ਤੇ ਹਾਰ ਮਾੜੀ ਕਾਰਗੁਜ਼ਾਰੀ ਵੀ ਨਹੀਂ। ਮੈਂ ਸਮਝਦਾ ਹਾਂ ਕਿ ਮਾੜਾ ਕਿਉਂ ਨਹੀਂ? ਅਰਵਿੰਦ ਕੇਜਰੀਵਾਲ ਦਾ ਗ੍ਰਿਫ਼ਤਾਰ ਹੋਣਾ ਅਤੇ ਦਿੱਲੀ ਦੀ ਰਾਜ ਸਭਾ ਮੈਂਬਰ ਔਰਤ ਖ਼ਿਲਾਫ਼ ਕੇਜਰੀਵਾਲ ਦੇ ਸਹਾਇਕ ਵੱਲੋਂ ਧੱਕੇਸ਼ਾਹੀ ਦਾ ਵਿਵਾਦ ਅਤੇ ਪੰਜਾਬ ਵਿੱਚ ਭਗਵੰਤ ਮਾਨ ਦਾ ਅਕਾਲੀ ਦਲ ਦੇ ਡਿੰਪੀ ਨੂੰ ਉਮੀਦਵਾਰ ਬਣਾਉਣਾ ਸਹੀ ਨਹੀਂ ਸੀ। ਦੇਸ਼ ਦੇ ਸਾਰੇ ਸੂਬਿਆਂ ਵਿੱਚ ‘ਆਪ’ ਦਾ ਕਾਂਗਰਸ ਨਾਲ ਸਮਝੌਤਾ ਸੰਭਵ ਨਹੀਂ ਸੀ ਕਿਉਂਕਿ ਇਸ ਵਿੱਚ ਕਾਂਗਰਸ ਨੇ ਅੱਧੀਆਂ ਭਾਵ 35 ਸੀਟਾਂ ਲਏ ਬਿਨਾਂ ਮੰਨਣਾ ਨਹੀਂ ਸੀ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਹਾਰ ਬਾਰੇ ਬਿਆਨ ਦੇਣਾ ਬੇਤੁਕਾ ਹੈ ਕਿਉਂਕਿ ਜਿੱਤੇ ਹਾਰੇ ਚਾਹੇ ਕੋਈ ਵੀ, ਪਰ ਇਨ੍ਹਾਂ ਨੂੰ ਦੋਵਾਂ ਪਾਰਟੀਆਂ ਨੂੰ ਕੁਝ ਵੀ ਨਹੀਂ ਸੀ ਮਿਲਣਾ।
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਤਾਂ ਜੋ ਜ਼ਿੰਦਗੀ ਬੋਝ ਨਾ ਬਣੇ
ਐਤਵਾਰ 9 ਫਰਵਰੀ ਦੇ ‘ਦਸਤਕ’ ਅੰਕ ਵਿੱਚ ਸਵਰਨ ਸਿੰਘ ਟਹਿਣਾ ਨੇ ਆਪਣੇ ਲੇਖ ‘ਬਿਨ ਬੁਲਾਏ ਆਇਆ ਜਹਾਜ਼’ ਵਿੱਚ ਸਿਦਕ, ਠਰੰਮੇ ਅਤੇ ਹਮਦਰਦੀ ਨਾਲ ਵਿਚਾਰ ਰੱਖੇ ਹਨ ਜੋ ਅਪਣੱਤ, ਦੁੱਖ ਅਤੇ ਸੇਧ ਦਾ ਸੁਨੇਹਾ ਹੈ। ਇਸ ਨਾਲ ਬਹੁਤ ਦੁੱਖ ਹੁੰਦਾ ਹੈ ਜਦੋਂ ਵਰ੍ਹਿਆਂ ਦੀ ਜੋੜੀ ਪੂੰਜੀ ਜਾਂ ਕਰਜ਼ ’ਤੇ ਲਿਆ ਪੈਸਾ ਸੱਟੇ ਵਰਗੇ ਕਿਸੇ ਕੰਮ ’ਤੇ ਲਾ ਦਿੱਤਾ ਜਾਵੇ, ਉੱਤੋਂ ਜਾਨ ਦਾ ਜੋਖ਼ਮ ਹੋਵੇ ਅਤੇ ਪਿੱਛੇ ਮੁੜਿਆਂ ਨੂੰ ਸ਼ਰਮ, ਜ਼ਿੱਲਤ ਅਤੇ ਕਰਜ਼ਾ ਤਣਿਆ ਖੜ੍ਹਾ ਹੋਵੇ। ਦਿਲ ਦੁਆ ਕਰਦਾ ਹੈ ਕਿ ਪਰਮਾਤਮਾ ਇਨ੍ਹਾਂ ਸਾਰਿਆਂ ਨੂੰ ਹਿੰਮਤ ਬਖ਼ਸ਼ੇ, ਇਹ ਆਪਣੇ ਹਾਲਾਤ ਨਾਲ ਲੜ ਸਕਣ ਅਤੇ ਇਨ੍ਹਾਂ ਜਿਹੀ ਬਾਜ਼ੀ ਖੇਡਣ ਦੀ ਉਡੀਕ ’ਚ ਬੈਠੇ ਨੌਜੁਆਨਾਂ ਨੂੰ ਸਮਝ ਅਤੇ ਸਿਆਣਪ ਆਵੇ। ਪੈਸਾ ਕਮਾਉਣ ਅਤੇ ਵਿਦੇਸ਼ ਜਾਣ ਦਾ ਰਾਹ ਸਹੀ ਤਰੀਕੇ ਅਤੇ ਪਰਿਪੱਕਤਾ ਨਾਲ ਚੁਣਿਆ ਜਾਵੇ ਤਾਂ ਜੋ ਆਪਣੀ ਅਤੇ ਆਪਣਿਆਂ ਦੀ ਜ਼ਿੰਦਗੀ ਬੋਝ ਨਾ ਬਣੇ।
ਸਤਿਗੁਰ ਸਿੰਘ, ਸੈਦਪੁਰਾ (ਮੁਹਾਲੀ)
ਵੱਡਾ ਸਬਕ
ਐਤਵਾਰ 9 ਫਰਵਰੀ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪਿਆ ਲੇਖ ‘ਬੇੜੀਆਂ ’ਚ ਜਕੜੇ ਸੁਪਨੇ’ ਵਿੱਚ ਵਿਦੇਸ਼ਾਂ ਵਿੱਚ ਜਾਣ ਵਾਲੇ ਪੰਜਾਬੀਆਂ ਲਈ ਬਹੁਤ ਵੱਡਾ ਸਬਕ ਹੈ। ਅਮਰੀਕਾ ਨੇ ਜੋ ਕੀਤਾ ਹੈ, ਉਸ ਦਾ ਆਪਣਾ ਨਜ਼ਰੀਆ ਹੈ। ਹੁਣ ਭਾਵੇਂ ਕੋਈ ਕੁਝ ਵੀ ਕਹੀ ਜਾਵੇ, ਪਰ ਅਮਰੀਕਾ ਨੇ ਨਾਜ਼ਾਇਜ਼ ਦਾਖ਼ਲ ਹੋਏ ਲੋਕਾਂ ਨੂੰ ਕੈਦੀਆਂ ਵਾਂਗ ਬੇੜੀਆਂ ਪਾ ਕੇ ਆਪਣੇ ਦੇਸ਼ ਵਿੱਚੋਂ ਬਾਹਰ ਕੱਢਿਆ ਹੈ ਜਿਸ ਕਰਕੇ ਇਹ ਲੋਕ ਹੁਣ ਪਛਤਾ ਰਹੇ ਹਨ। ਕਰਜ਼ਾਈ ਹੋ ਕੇ ਵਿਦੇਸ਼ ਦੀ ਧਰਤੀ ’ਤੇ ਜਾ ਕੇ ਗ਼ੁਲਾਮੀ ਕਰਨੀ ਕਿਧਰਲੀ ਸਿਆਣਪ ਹੈ। ਡੰਕੀ ਲਾ ਕੇ ਜਾਣਾ ਗ਼ਲਤ ਕਦਮ ਹੈ। ਪੈਸਾ ਕਮਾਉਣ ਦੀ ਲਲ੍ਹਕ ਨੇ ਸਾਡੇ ਨੌਜਵਾਨਾਂ ਦੇ ਸੁਪਨੇ ਚਕਨਾਚੂਰ ਕੀਤੇ ਹਨ। ਦਰਅਸਲ, ਪੰਜਾਬ ਵਿੱਚ ਰੁਜ਼ਗਾਰ ਦੀ ਘਾਟ ਨੇ ਇਹ ਮਾਹੌਲ ਪੈਦਾ ਕੀਤਾ ਹੈ। ਕੁਝ ਟਰੈਵਲ ਏਜੰਟ ਅਜਿਹੇ ਹਨ ਜੋ ਉਹ ਸਬਜ਼ਬਾਗ ਵਿਖਾ ਕੇ ਬੰਦੇ ਨੂੰ ਕਮਲਾ ਕਰ ਦਿੰਦੇ ਹਨ। ਕੁਝ ਪੰਜਾਬ ਅਤੇ ਦੇਸ਼ ਦੀਆਂ ਸਰਕਾਰਾਂ ਦਾ ਨੁਕਸ ਹੈ ਕਿ ਰੁਜ਼ਗਾਰ ਯੋਗਤਾ ਦੇ ਮੁਤਾਬਿਕ ਨਹੀਂ ਮਿਲਦਾ। ਕਿਰਤ ਕਰਨ ਤੋਂ ਅਸੀਂ ਦੂਰ ਹੋ ਗਏ ਹਾਂ। ਇਸੇ ਪੰਨੇ ’ਤੇ ਸਵਰਨ ਸਿੰਘ ਟਹਿਣਾ ਨੇ ਅਮਰੀਕਾ ਤੋਂ ਉਤਰੇ ਜਹਾਜ਼ ਵਿੱਚ ਬੈਠੇ ਨੌਜਵਾਨਾਂ ਦੀ ਮਾਨਸਿਕਤਾ ਨੂੰ ਬਹੁਤ ਸੁਲਝੀ ਸ਼ੈਲੀ ਵਿੱਚ ਲੋਕ ਰੰਗ ਵਿੱਚ ਪੇਸ਼ ਕੀਤਾ ਹੈ। ਨਿੱਕੇ ਨਿੱਕੇ ਵਾਕਾਂ ਵਿੱਚ ਬਹੁਤ ਕੁਝ ਕਿਹਾ ਹੈ। ਸਸਤੀ ਤੋਂ ਸਸਤੀ ਸਬਜ਼ੀ ਦੀ ਖਰੀਦ ਕਰਨ ਵਾਲੇ ਪੰਜਾਬੀਆਂ ਵੱਲੋਂ ਪੰਜਾਹ ਪੰਜਾਹ ਲੱਖ ਰੁਪਏ ਕੱਢ ਕੇ ਏਜੰਟ ਨੂੰ ਦੇਣੇ ਬਹੁਤ ਵੱਡੀ ਗੱਲ ਹੈ। ਕਿਵੇਂ ਮੱਤ ਮਾਰੀ ਗਈ ਪੰਜਾਬੀਆਂ ਦੀ? ਇਸ ਲੇਖ ਦਾ ਜਹਾਜ਼ ਵਾਲਾ ਸਾਰਾ ਬਿਰਤਾਂਤ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ। ਕੋਈ ਕਹਿ ਰਿਹਾ ਹੈ ਕਿ ਸਰਕਾਰ ਇਨ੍ਹਾਂ ਲਈ ਪ੍ਰਬੰਧ ਕਰੇ। ਕੋਈ ਵਿਚਾਰ ਹੈ ਕਿ ਇਨ੍ਹਾਂ ਲੋਕਾਂ ਦਾ ਕਰਜ਼ਾ ਸਰਕਾਰ ਮੁਆਫ਼ ਕਰੇ। ਕੋਈ ਅਮਰੀਕਾ ਨੂੰ ਮੱਤਾਂ ਦੇਣ ਬਾਰੇ ਕਹਿ ਰਿਹਾ ਹੈ। ਕੁਝ ਵੀ ਹੈ ਇਸ ਜਹਾਜ਼ ਨੇ ਬਹੁਤ ਸਬਕ ਸਿਖਾ ਦਿੱਤੇ ਹਨ। ਲੱਖਾਂ ਰੁਪਏ ਲਾ ਕੇ ਪੰਜਾਬ ਵਿੱਚ ਰਹਿੰਦਿਆਂ ਹੀ ਆਪਣਾ ਰੁਜ਼ਗਾਰ ਆਸਾਨੀ ਨਾਲ ਸ਼ੁਰੂ ਕਰ ਸਕਦੇ ਹਾਂ। ਇਸ ਵਾਸਤੇ ਲਾਲਚ ਅਤੇ ਵਿਦੇਸ਼ ਜਾਣ ਦੀ ਸੋਚ ਛੱਡਣ ਵਿੱਚ ਹੀ ਭਲਾ ਹੈ। ਅੱਜ ਅਮਰੀਕਾ ਨੇ ਇਹ ਕੁਝ ਕੀਤਾ ਹੈ ਕੱਲ੍ਹ ਨੂੰ ਕੋਈ ਹੋਰ ਦੇਸ਼ ਵੀ ਕਰ ਸਕਦਾ ਹੈ। ਪੰਜਾਬੀਓ, ਇਸ ਲਈ ਖ਼ਬਰਦਾਰ ਹੋ ਜਾਈਏ। ਸਰਕਾਰਾਂ ਨੂੰ ਸੋਚਣ ਦੀ ਲੋੜ ਹੈ। ਵੱਡਾ ਸਵਾਲ ਜ਼ਿਹਨ ਵਿੱਚ ਇਹ ਵੀ ਆ ਰਿਹਾ ਹੈ ਕਿ ਜੇਕਰ ਅਸੀਂ ਭਾਰਤੀਆਂ ਨੇ ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਹੀ ਜਾਣਾ ਸੀ ਤਾਂ ਗੋਰਿਆਂ ਨੂੰ ਇਧਰੋਂ ਕੱਢਣ ਦੀ ਕੀ ਲੋੜ ਸੀ? ਕੀ ਇਹ ਸਰਕਾਰਾਂ ਦੀ ਨਾਲਾਇਕੀ ਨਹੀਂ ਕਿ ਹਰ ਕਿਸੇ ਨੂੰ ਬਣਦਾ ਰੁਜ਼ਗਾਰ ਵੀ ਨਹੀਂ ਦੇ ਸਕਦੀਆਂ?
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਜ਼ਿੰਦਗੀ ਦਾ ਮੰਤਰ
ਐਤਵਾਰ 2 ਫਰਵਰੀ ਦੇ ਅੰਕ ਵਿੱਚ ਅਰਵਿੰਦਰ ਜੌਹਲ ਦੀ ਰਚਨਾ ‘ਇਹੀ ਸਫ਼ਰ ਹੈ, ਇਹੀ ਮੰਜ਼ਿਲ’ ਸਾਨੂੰ ਰਿਸ਼ਤਿਆਂ ਦੀ ਪੌੜੀ ਰਾਹੀਂ ਕਾਮਯਾਬ ਮਨੁੱਖ ਲਈ ਜ਼ਿੰਦਗੀ ਦਾ ਮੰਤਰ ਵੀ ਸਿਖਾਉਂਦੀ ਹੈ। ਨਿਊਜ਼ ਡੈਸਕ ਤੋਂ ਨਿਰੰਤਰ ਸੰਘਰਸ਼ ਰਾਹੀਂ ਅਦਾਰੇ ਦੀ ਪੌੜੀ ਦੇ ਸਿਖਰਲੇ ‘ਸੰਪਾਦਕ’ ਦੇ ਅਹੁਦੇ ’ਤੇ ਬਿਰਾਜਮਾਨ ਹੋਣਾ ਵੱਡੇ ਮਾਣ ਵਾਲੀ ਗੱਲ ਹੈ। ਜਦੋਂ ਇਹ ਪਾਤਰ ਇੱਕ ਮਹਿਲਾ ਹੋਵੇ ਤਾਂ ਅਥਾਹ ਖ਼ੁਸ਼ੀ ਦਾ ਹੋਣਾ ਸੁਭਾਵਿਕ ਹੈ। ‘ਪੰਜਾਬੀ ਟ੍ਰਿਬਿਊਨ’ ਸਮਾਜ ਨੂੰ ਪਾਰਦਰਸ਼ੀ ਅਤੇ ਨਿਰਪੱਖ ਅੱਖ ਨਾਲ ਦੇਖਣ ਦਾ ਇੱਕ ਵਾਹਦ ਜ਼ਰੀਆ ਹੈ, ਪਰ ਇਸਦੇ ਪੰਨਿਆਂ ਦਾ ਸੁੰਗੜ ਜਾਣਾ ਸੁਹਿਰਦ ਪਾਠਕਾਂ ਲਈ ਨਿਰਾਸ਼ਾਜਨਕ ਹੈ।
ਮੰਨਿਆ ਕਿ ਕੋਵਿਡ ਕਾਲ ਨੇ ਹਰ ਕਾਰੋਬਾਰ ਨੂੰ ਭਾਰੀ ਆਰਥਿਕ ਸੱਟ ਮਾਰੀ ਹੈ, ਪਰ ਇਸਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਖੁਰਾਕ ਲੋੜ ਤੋਂ ਘੱਟ ਪਰੋਸੀ ਜਾਵੇ। ਇਸ ਦੀ ਭਰਪਾਈ ਲਈ ਕਈ ਹੋਰ ਆਰਥਿਕ ਸਰੋਤ ਪੈਦਾ ਕੀਤੇ ਜਾ ਸਕਦੇ ਸਨ। ਇਹ ਇਕ ਤੱਥ ਹੈ ਕਿ ਸੋਸ਼ਲ ਮੀਡੀਆ ਸਮੁੱਚੀ ਲੋਕਾਈ ਅਤੇ ਖ਼ਾਸਕਰ ਜਵਾਨੀ ਨੂੰ ਕੁਰਾਹੇ ਪਾ ਕੇ ਬਰਬਾਦੀ ਦੀ ਦਲਦਲ ਵਿੱਚ ਸੁੱਟਣ ਲਈ ਨਿਰੰਤਰ ਕਾਰਜਸ਼ੀਲ ਹੈ ਜਿਸ ਵਿੱਚ ਉਸ ਨੇ ਕਾਫ਼ੀ ਹੱਦ ਤੀਕ ਕਾਮਯਾਬੀ ਵੀ ਹਾਸਲ ਕਰ ਲਈ ਹੈ, ਪਰ ਕਈ ਰੋਜ਼ਾਨਾ ਅਖ਼ਬਾਰਾਂ ਵੱਲੋਂ ਸਮਾਜ ਨੂੰ ਸ਼ਰਮ ਹਯਾ ਦੀਆਂ ਹੱਦਾਂ ਵਿੱਚ ਰੱਖ ਕੇ ਨਿੱਗਰ ਸਮਾਜ ਦੀ ਸਿਰਜਣਾ ਲਈ ਲਗਾਤਾਰ ਵਡਮੁੱਲਾ ਸਾਹਿਤ ਹੀ ਪਰੋਸਿਆ ਜਾ ਰਿਹਾ ਹੈ ਜਿਸਦੀ ਅਗਵਾਈ ਦਾ ਸਿਹਰਾ ‘ਪੰਜਾਬੀ ਟ੍ਰਿਬਿਊਨ’ ਦੇ ਸਿਰ ਹੈ।
ਸ਼ਮਸ਼ੇਰ ਪੁਰਖਾਲਵੀ, ਮੁਹਾਲੀ