ਡਾਕ ਐਤਵਾਰ ਦੀ
ਕਿੱਧਰ ਤੁਰ ਪਏ ਅਸੀਂ?
ਐਤਵਾਰ 9 ਫਰਵਰੀ ਦੇ ‘ਦਸਤਕ’ ਅੰਕ ਵਿੱਚ ਅਮ੍ਰਤ ਦਾ ਲੇਖ ‘ਬੇੜੀਆਂ ਵਿੱਚ ਜਕੜੇ ਸੁਪਨੇ’ ਅਤੇ ਸਵਰਨ ਸਿੰਘ ਟਹਿਣਾ ਦਾ ਲੇਖ ‘ਬਿਨ ਬੁਲਾਏ ਆਇਆ ਜਹਾਜ਼’ ਭਾਰਤ ਦੀ ਧਰਤੀ ’ਤੇ ਬਿਨ ਬੁਲਾਏ ਮਹਿਮਾਨ ਵਾਂਗ ਪਹੁੰਚੇ ਅਮਰੀਕੀ ਹਵਾਈ ਜਹਾਜ਼ ਵਿੱਚੋਂ ਉਤਰੇ 104 ਵਿਅਕਤੀਆਂ ਦੀ ਜ਼ਖ਼ਮਾਂ ਭਰੀ ਦਾਸਤਾਨ ਨੂੰ ਬਾਖ਼ੂਬੀ ਬਿਆਨ ਕਰਦੇ ਹਨ। ਉਨ੍ਹਾਂ ਸਾਰਿਆਂ ਦੇ ਦੁੱਖਾਂ ਦੀ ਕਹਾਣੀ ਪੜ੍ਹ ਕੇ ਮਨ ਉਦਾਸ ਹੋਏ ਬਿਨਾਂ ਨਹੀਂ ਰਹਿ ਸਕਦਾ। ਗ਼ਰੀਬੀ ਤੇ ਕਰਜ਼ਿਆਂ ਤੋਂ ਤੰਗ ਆ ਕੇ ਉਨ੍ਹਾਂ ਨੇ ਤਾਂ ਗ਼ਲਤ ਤਰੀਕੇ ਨਾਲ ਆਪਣਿਆਂ ਤੋਂ ਦੂਰ-ਦੁਰਾਡੇ ਸੱਤ ਸਮੁੰਦਰ ਪਾਰ ਜਾਣ ਦੀ ਗ਼ਲਤੀ ਕਰ ਲਈ, ਪਰ ਦੋਸਤ ਮੁਲਕ ਨੇ ਕੀ ਕੀਤਾ? ਬੇੜੀਆਂ ਹੱਥਕੜੀਆਂ ਵਿੱਚ ਬੰਨ੍ਹ ਕੇ ਉਨ੍ਹਾਂ ਨੂੰ ਜ਼ਲਾਲਤ ਦੀ ਡੂੰਘੀ ਖਾਈ ਵਿੱਚ ਸੁੱਟਣ ’ਚ ਕੋਈ ਕਸਰ ਨਹੀਂ ਛੱਡੀ। ਕੀ ਸਚਮੁੱਚ ਇਹ ਦੋਸਤੀ ਨਿਭਾਈ ਜਾ ਰਹੀ ਹੈ? ਮੈਨੂੰ ਤਾਂ ਇਸ ਵਿੱਚੋਂ ਕਿਸੇ ਸਾਜ਼ਿਸ਼ ਦੀ ਬੂ ਆ ਰਹੀ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਸਿਰਫ਼ ਭਾਰਤ ਦੇ ਲੋਕ ਹੀ ਅਮਰੀਕਾ ਕੈਨੇਡਾ ਜਾਂ ਹੋਰ ਮੁਲਕਾਂ ਵਿੱਚ ਦੋ ਨੰਬਰ ਵਿੱਚ ਰਹਿ ਰਹੇ ਹਨ, ਕਿਸੇ ਹੋਰ ਮੁਲਕ ਦੇ ਨਹੀਂ? ਜੇ ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਹੋਰ ਮੁਲਕਾਂ ਦੇ ਲੋਕ ਵੀ ਇਸ ਤਰ੍ਹਾਂ ਰਹਿ ਰਹੇ ਹਨ ਤਾਂ ਫੇਰ ਭਾਰਤ ਨਾਲ ਇਹ ਵਿਤਕਰਾ ਕਿਉਂ? ਜਾਂ ਭਾਰਤ ਨੂੰ ਨੀਵਾਂ ਦਿਖਾਉਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ? ਇਉਂ ਦੋਸਤੀ ਨਹੀਂ ਸਗੋਂ ਦੁਸ਼ਮਣੀ ਨਿਭਾਈ ਜਾ ਰਹੀ ਹੈ। ਭਾਵੇਂ ਇਨ੍ਹਾਂ ਸਾਰਿਆਂ ਨਾਲ ਬਹੁਤ ਹਮਦਰਦੀ ਹੈ, ਪਰ ਗ਼ਲਤ ਤਾਂ ਗ਼ਲਤ ਹੀ ਰਹੇਗਾ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਜਾਣਬੁੱਝ ਕੇ ਆਪਣੇ ਪੈਰੀਂ ਕੁਹਾੜਾ ਮਾਰਨ ਵਾਲੇ ਨੂੰ ਸਿਆਣਾ ਨਹੀਂ ਕਿਹਾ ਜਾ ਸਕਦਾ। ਅਸੀਂ ਕਿਉਂ ਸਮਝਦੇ ਹਾਂ ਕਿ ਬਾਹਰ ਪੌਂਡ ਤੇ ਡਾਲਰ ਦਰੱਖਤਾਂ ਨੂੰ ਲੱਗਦੇ ਹਨ ਤੇ ਜਾ ਕੇ ਤੋੜ ਲਵਾਂਗੇ? ਸੱਠ-ਸੱਠ ਲੱਖ ਲਾ ਕੇ ਕਰਨੀ ਤਾਂ ਉੱਥੇ ਵੀ ਮਿਹਨਤ ਹੀ ਹੈ ਤਾਂ ਆਪਣੇ ਮੁਲਕ ਵਿੱਚ ਇੰਨੇ ਪੈਸੇ ਲਾ ਕੇ ਮਿਹਨਤ ਕਿਉਂ ਨਹੀਂ ਕੀਤੀ ਜਾ ਸਕਦੀ? ਜੇ ਸੱਚੇ ਮਨ ਨਾਲ ਆਪਣੇ ਅੰਦਰ ਝਾਤੀ ਮਾਰਾਂਗੇ ਤਾਂ ਜਵਾਬ ਅੰਦਰੋਂ ਹੀ ਮਿਲ ਜਾਣਗੇ। ਬਾਹਰਲੇ ਮੁਲਕਾਂ ਵਿੱਚ ਅਸੀਂ ਭਾਰਤੀਆਂ, ਖ਼ਾਸਕਰ ਪੰਜਾਬੀਆਂ ਨੇ ਕਈ ਵਾਰ ਗ਼ਲਤ ਕੰਮ ਕਰਕੇ ਜੋ ਬਿੰਬ ਬਣਾਇਆ ਹੈ ਇਸ ਹਸ਼ਰ ਲਈ ਕੁਝ ਹੱਦ ਤੱਕ ਅਸੀਂ ਖ਼ੁਦ ਵੀ ਜ਼ਿੰਮੇਵਾਰ ਹਾਂ।
ਡਾ. ਤਰਲੋਚਨ ਕੌਰ, ਪਟਿਆਲਾ
ਗ਼ਲਤ ਢੰਗਾਂ ਤੋਂ ਤੌਬਾ
ਐਤਵਾਰ 9 ਫਰਵਰੀ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪਿਆ ਲੇਖ ‘ਬੇੜੀਆਂ ’ਚ ਜਕੜੇ ਸੁਫਨੇ’ ਪੜ੍ਹਿਆ। ਮਨੁੱਖ ਦੀ ਸਦਾ ਹੀ ਇੱਛਾ ਰਹੀ ਹੈ ਕਿ ਉਹ ਵਿਦੇਸ਼ ਵਿੱਚ ਜਾਵੇ ਅਤੇ ਚੰਗਾ ਭਵਿੱਖ ਬਣਾਵੇ। ਵਿਦੇਸ਼ ਜਾ ਕੇ ਵਸਣ ਦਾ ਕਾਰਨ ਜ਼ਿਆਦਾਤਰ ਧਨ ਦੀ ਲਾਲਸਾ ਹੁੰਦੀ ਹੈ। ਪਹਿਲਾਂ ਪਹਿਲ ਦੁਆਬੇ ਦੇ ਲੋਕ ਹੀ ਵਿਦੇਸ਼ ਜਾਂਦੇ ਸਨ ਅਤੇ ਚੰਗੀ ਕਮਾਈ ਵੀ ਕਰਦੇ ਸਨ। ਗ਼ਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਲਈ ਵਿਦੇਸ਼ਾਂ ਵਿੱਚ ਬਹੁਤ ਕੰਮ ਕੀਤਾ। ਹੌਲੀ ਹੌਲੀ ਵਿਦੇਸ਼ ਜਾਣ ਦਾ ਰੁਝਾਨ ਮਾਝੇ ਅਤੇ ਮਾਲਵੇ ਵਿੱਚ ਵੀ ਵਧ ਗਿਆ ਹੈ। ਪੰਜਾਬ ਦੇ ਲੋਕ ਵਿਦੇਸ਼ੋਂ ਆਏ ਹੋਏ ਆਪਣੇ ਭੈਣ ਭਰਾਵਾਂ ਨੂੰ ਵੇਖਦੇ ਹਨ ਤਾਂ ਉਨ੍ਹਾਂ ਦੀ ਚਕਾਚੌਂਧ ਦੇਖ ਤੇ ਗੱਲਾਂ ਸੁਣ ਕੇ ਮਨ ਵਿੱਚ ਧਾਰ ਲੈਂਦੇ ਹਨ ਕਿ ਆਪਾਂ ਵੀ ਵਿਦੇਸ਼ ਜਾਈਏ। ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਨਾਮ ਵੀ ਖ਼ੂਬ ਕਮਾਇਆ ਹੈ। ਕਈ ਉੱਚੇ ਅਹੁਦਿਆਂ ’ਤੇ ਵੀ ਲੱਗੇ ਹੋਏ ਹਨ, ਆਪਣੇ ਪਰਿਵਾਰ ਨੂੰ ਵੀ ਨਾਲ ਲੈ ਗਏ ਹਨ ਅਤੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ। ਪੰਜਾਬ ਰਹਿੰਦੇ ਆਪਣੇ ਮਾਪਿਆਂ, ਭੈਣ ਭਰਾਵਾਂ ਅਤੇ ਰਿਸ਼ਤੇਦਾਰਾਂ ਦੀ ਮਾਲੀ ਮਦਦ ਵੀ ਕਰਦੇ ਹਨ। ਪਰ ਕਈ ਵਾਰ ਜਾਅਲੀ ਏਜੰਟਾਂ ਦੇ ਮੱਕੜਜਾਲ ਵਿੱਚ ਫਸ ਕੇ ਗ਼ਲਤ ਤਰੀਕੇ ਨਾਲ ਵਿਦੇਸ਼ੀਂ ਪੁੱਜਦੇ ਹਨ, ਜਿਸ ਦੇ ਮਾੜੇ ਨਤੀਜੇ ਭੁਗਤਣੇ ਪੈਂਦੇ ਹਨ। ਕਈ ਨੌਜਵਾਨ ਜ਼ਮੀਨ ਜ਼ਾਇਦਾਦ ਵੇਚਣ ਤੇ ਕਰਜ਼ਾ ਚੁੱਕਣ ਲਈ ਆਪਣੇ ਮਾਪਿਆਂ ਨੂੰ ਮਜਬੂਰ ਕਰਕੇ 40-50 ਲੱਖ ਰੁਪਏ ਲਾ ਕੇ ਡੰਕੀ ਲਗਾਉਣ ਲਈ ਤਿਆਰ ਹੁੰਦੇ ਹਨ। ਉਨ੍ਹਾਂ ਦਾ ਮੁੱਖ ਮਕਸਦ ਇਹੋ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਜਿਹੇ ਦੇਸ਼ਾਂ ਵਿੱਚ ਪਹੁੰਚ ਜਾਣ। ਬੀਤੇ ਸਾਲਾਂ ਵਿੱਚ ਕਈ ਮੁੰਡੇ ਪਨਾਮਾ ਵਰਗੇ ਹਾਦਸਿਆਂ ਦਾ ਸ਼ਿਕਾਰ ਹੋ ਗਏ। ਇਸ ਦੇ ਬਾਵਜੂਦ ਕਈ ਠੱਗ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਗ਼ਲਤ ਤਰੀਕੇ ਅਪਣਾ ਕੇ ਵਿਦੇਸ਼ ਜਾਂਦੇ ਹਨ ਅਤੇ ਫੜੇ ਜਾਣ ’ਤੇ ਉੱਥੇ ਕੈਦ ਕਰ ਲਏ ਜਾਂਦੇ ਹਨ ਅਤੇ ਕਈ ਵਾਰ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੁੰਦੇ ਹਨ। ਅਖ਼ੀਰ ਨੂੰ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਗ਼ੈਰ-ਕਾਨੂੰਨੀ ਢੰਗ ਨਾਲ ਆਏ ਆਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿੰਦੀਆਂ ਹਨ। ਅਜਿਹੇ ਆਪੋ-ਆਪਣੇ ਮੁਲਕ ਦੇ ਕਾਨੂੰਨ ਅਨੁਸਾਰ ਕੀਤਾ ਜਾਂਦਾ ਹੈ ਜਿਵੇਂ ਅਮਰੀਕਾ ਨੇ ਹੁਣ ਕੀਤਾ ਹੈ। ਸਾਡੇ ਪਰਵਾਸੀ ਧੀਆਂ ਪੁੱਤ ਨਾ ਘਰ ਰਹਿੰਦੇ ਹਨ ਤੇ ਨਾ ਘਾਟ ਦੇ। ਇਧਰੋਂ ਮਾਪੇ ਵੀ ਕਰਜ਼ਾਈ ਹੋ ਜਾਂਦੇ ਹਨ। ਜ਼ਮੀਨ ਜ਼ਾਇਦਾਦ ਵਿਕ ਜਾਂਦੀ ਹੈ ਅਤੇ ਆਪ ਡਿਪਰੈਸ਼ਨ ਵਿੱਚ ਆ ਜਾਂਦੇ ਹਨ ਅਤੇ ਕਈ ਖ਼ੁਦਕੁਸ਼ੀ ਤੱਕ ਕਰ ਜਾਂਦੇ ਹਨ। ਜੇਕਰ ਇੱਥੇ ਹੀ ਸਾਨੂੰ ਰੁਜ਼ਗਾਰ ਦੇ ਮੌਕੇ ਮੁੱਹਈਆ ਕਰਵਾਏ ਜਾਣ ਤਾਂ ਕਿਸੇ ਦਾ ਮਨ ਪਰਵਾਸ ਕਰਨ ਨੂੰ ਨਹੀਂ ਕਰਦਾ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜਾਅਲੀ ਏਜੰਟਾਂ ਅਤੇ ਇਮੀਗ੍ਰੇਸ਼ਨ ਕੇਂਦਰਾਂ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਹੋਰ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਦੇ ਚੁੰਗਲ ਵਿੱਚ ਨਾ ਫਸਣ। ਡਿਪੋਰਟ ਕੀਤੇ ਹੋਏ ਪਰਵਾਸੀਆਂ ਦੀ ਬਾਂਹ ਸਰਕਾਰ ਨੂੰ ਫੜਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਵਰਨ ਸਿੰਘ ਟਹਿਣਾ ਦਾ ਲਿਖਿਆ ਹੋਇਆ ਲੇਖ ‘ਬਿਨ ਬੁਲਾਏ ਆਇਆ ਜਹਾਜ਼’ ਵੀ ਜਾਣਕਾਰੀ ਭਰਪੂਰ ਹੈ। ਇਹ ਵੀ ਸਾਨੂੰ ਸੁਚੇਤ ਕਰ ਗਿਆ ਹੈ। ਵਿਦੇਸ਼ ਵਿੱਚ ਕਾਨੂੰਨੀ ਪ੍ਰਕਿਰੀਆ ਰਾਹੀਂ ਹੀ ਜਾਣਾ ਚਾਹੀਦਾ ਹੈ। ਗ਼ਲਤ ਢੰਗ ਤਰੀਕੇ ਨਹੀਂ ਅਪਣਾਉਣੇ ਚਾਹੀਦੇ।
ਡਾਕਟਰ ਨਰਿੰਦਰ ਭੱਪਰ, ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)
ਸਫ਼ਰ ਦੀ ਦਾਸਤਾਨ
ਐਤਵਾਰ 2 ਫਰਵਰੀ ਦੇ ਅੰਕ ਵਿੱਚ ਅਰਵਿੰਦਰ ਜੌਹਲ ਨੇ ‘ਪੰਜਾਬੀ ਟ੍ਰਿਬਿਊਨ’ ਅਦਾਰੇ ’ਚ ਕੀਤੇ ਆਪਣੇ ਸਫ਼ਰ ਦੀ ਦਾਸਤਾਨ ਨੂੰ ਬਿਆਨ ਕੀਤਾ ਹੈ। ਇਹ ਪੜ੍ਹ ਕੇ ਜਾਪਦਾ ਹੈ ਕਿ ਇਸ ਅਦਾਰੇ ਨੂੰ ਚਲਾ ਰਹੇ ਸੁਹਿਰਦ ਸੱਜਣ ਕਿਸੇ ਨਾਮਵਰ ਵਿਅਕਤੀ ਦੀ ਭਾਲ ਨਹੀਂ ਕਰਦੇ, ਸਗੋਂ ਉਹ ਨਾਮਵਰ ਵਿਅਕਤੀ ਪੈਦਾ ਕਰਦੇ ਹਨ, ਆਪਣੇ ਅਦਾਰੇ ਦੇ ਅੰਦਰ ਵੀ ਤੇ ਬਾਹਰ ਵੀ। ਹੇਠਲੇ ਡੰਡੇ ਤੋਂ ਉੱਪਰ ਜਾ ਰਹੇ ਵਿਅਕਤੀ ਦੇ ਕੰਮ-ਢੰਗ ਨੂੰ ਪਰਖਦੇ ਹੋਏ ਉਹ ਅਹਿਮ ਫ਼ਰਜ਼ਾਂ ਵਾਲੇ ਮੁਕਾਮ ’ਤੇ ਪਹੁੰਚਾ ਦਿੰਦੇ ਹਨ ਤੇ ਇਹ ਵੀ ਹੈ ਕਿ ਉਹ ਸ਼ਖ਼ਸ ਆਪਣੀ ਜ਼ਿੰਮੇਵਾਰੀ ’ਤੇ ਖ਼ਰਾ ਉਤਰਦਾ ਹੈ। ਹਰ ਵਾਰ ਜਦੋਂ ਸੰਪਾਦਕ ਬਦਲਦਾ ਤਾਂ ਜਾਪਦਾ ਕਿ ਹੁਣ ਐਤਵਾਰੀ ਸੰਪਾਦਕੀ ਵਿੱਚ ਉਹ ਰਸ, ਉਹ ਸੁਹਜ, ਉਹ ਗਿਆਨ, ਉਹ ਚੇਤਨਾ ਸੰਚਾਰ ਨਹੀਂ ਰਹੇਗਾ ਜੋ ਪਿੱਛੇ ਦੇਖਣ ਨੂੰ ਮਿਲਦਾ ਰਿਹਾ ਹੈ, ਪਰ ਇਹ ਸਾਰਾ ਵਹਿਮ ਹੀ ਰਿਹਾ ਸਗੋਂ ਪਹਿਲਾਂ ਨਾਲੋਂ ਵੀ ਬਿਹਤਰ ਕੁਝ ਦੇਖਣ ਨੂੰ ਮਿਲਿਆ। ਅਰਵਿੰਦਰ ਜੌਹਲ ਦੇ ਇੱਕ ਸਾਲ ਦੇ ਕਾਰਜਕਾਰੀ ਸੰਪਾਦਕੀ ਦੌਰਾਨ ਉਨ੍ਹਾਂ ਦੀ ਲਿਖਣ-ਸ਼ੈਲੀ, ਬੇਬਾਕੀ ਤੇ ਦਲੇਰੀ ਨਾਲ ਗੱਲ ਕਹਿਣ ਦੀ ਹਿੰਮਤ ਪਾਠਕ ਵਰਗ ਨੇ ਮਹਿਸੂਸ ਕੀਤੀ।
ਕੁਲਵਿੰਦਰ ਸਿੰਘ ਮਲੋਟ, ਮਲੋਟ (ਸ੍ਰੀ ਮੁਕਤਸਰ ਸਾਹਿਬ)
ਸਹੀ ਨਿਰਖ-ਪਰਖ
ਐਤਵਾਰ, 19 ਜਨਵਰੀ ਦੇ ਅੰਕ ਵਿੱਚ ਰਾਮਚੰਦਰ ਗੁਹਾ ਮਨਮੋਹਨ ਸਿੰਘ ਦੀ ਵਿਰਾਸਤ ਦੀ ਨਿਰਖ-ਪਰਖ ਕਰਦੇ ਹੋਏ ਫਰਾਂਸੀਸੀ ਚਿੰਤਕ ਵਾਲਟੇਅਰ ਦੇ ਕਥਨ ‘ਬੰਦੇ ਦੇ ਜਿਊਂਦੇ ਜੀਅ ਸਤਿਕਾਰ ਦੇਣਾ ਬਣਦਾ ਹੈ, ਪਰ ਫੌਤ ਹੋ ਜਾਣ ’ਤੇ ਸਾਨੂੰ ਉਸ ਬਾਰੇ ਸਿਰਫ਼ ਤੇ ਸਿਰਫ਼ ਸੱਚ ਬੋਲਣਾ ਬਣਦਾ ਹੈ’ ਉੱਤੇ ਪੂਰੇ ਉੱਤਰੇ ਹਨ। ਉਨ੍ਹਾਂ ਮਨਮੋਹਨ ਸਿੰਘ ਦੀਆਂ ਗ਼ਲਤੀਆਂ ਅਤੇ ਕੁਤਾਹੀਆਂ ਵੀ ਬਾਖ਼ੂਬੀ ਬਿਆਨ ਕੀਤੀਆਂ ਹਨ ਜਿਨ੍ਹਾਂ ਨੂੰ ਅਸੀਂ ਆਮ ਸ਼ਰਧਾਂਜਲੀ ਸਮਾਗਮਾਂ ’ਤੇ ਨਹੀਂ ਬਿਆਨਦੇ। ਜਿਵੇਂ ਕਿ ਲੇਖਕ ਲਿਖਦਾ ਹੈ ਕਿ ਅਜਿਹੀਆਂ ਕਈ ਕੁਤਾਹੀਆਂ ਦਾ ਸਿੱਟਾ ਹੀ ਸੱਤਾ ਪਰਿਵਰਤਨ ਦਾ ਵੱਡਾ ਕਾਰਨ ਬਣਿਆ। ਮਨਮੋਹਨ ਸਿੰਘ ਦੀ ਵਿਰਾਸਤ ਦੇ ਅਜੋਕੇ ਸਮੇਂ ’ਤੇ ਪ੍ਰਭਾਵ ਵੀ ਬਾਖ਼ੂਬੀ ਦੱਸੇ ਗਏ ਹਨ। ਲੇਖ ਸ਼ਲਾਘਾਯੋਗ ਹੈ।
ਜਗਰੂਪ ਸਿੰਘ, ਉਭਾਵਾਲ