ਡਾਕ ਐਤਵਾਰ ਦੀ
ਮਾਂ ਬੋਲੀ ਲਈ ਫ਼ਿਕਰਮੰਦੀ
ਐਤਵਾਰ, 19 ਜਨਵਰੀ ਦੇ ‘ਦਸਤਕ’ ਅੰਕ ਵਿੱਚ ਦਵਿੰਦਰ ਕੌਰ ਖੁਸ਼ ਧਾਲੀਵਾਲ ਦਾ ਲੇਖ ‘ਸਿੱਖਿਆ ਦਾ ਮਾਧਿਅਮ ਬਣੇ ਮਾਂ ਬੋਲੀ’ ਵਿੱਚ ਲੇਖਕਾ ਨੇ ਖੇਤਰੀ ਭਾਸ਼ਾ ਪੰਜਾਬੀ ਵਿੱਚ ਆ ਰਹੇ ਵਿਗਾੜ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਨਾਲ ਹੀ ਉਨ੍ਹਾਂ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਚੀਸ ਵੀ ਵੱਟੀ ਹੈ ਜੋ ਲੇਖਕਾ ਦੇ ਧੁਰ ਅੰਦਰੋਂ ਨਿਕਲੀ ਹੂਕ ਹੈ। ਅਜੋਕੇ ਦੌਰ ਵਿੱਚ ਜਿਸ ਤਰ੍ਹਾਂ ਪੰਜਾਬੀ ਮਾਂ ਬੋਲੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਰਕਾਰੀ ਤੇ ਗ਼ੈਰ-ਸਰਕਾਰੀ ਦਫ਼ਤਰਾਂ ਵਿੱਚ ਦੁਰਕਾਰੀ ਜਾ ਰਹੀ ਹੈ ਉਹ ਨਿੰਦਣਯੋਗ ਹੈ। ਆਮ ਵਰਤਾਰੇ ਵਿੱਚ ਖ਼ੁਸ਼ੀ ਜਾਂ ਗ਼ਮੀ ਦੇ ਕਾਰਡਾਂ ਵਿੱਚ ਪੰਜਾਬੀ ਨੂੰ ਗ਼ੈਰ ਬਣਾ ਦੇਣਾ ਮਾਂ ਬੋਲੀ ਨਾਲ ਗ਼ੱਦਾਰੀ ਕਰਨ ਦੇ ਬਰਾਬਰ ਹੈ। ਲੇਖਕਾ ਨੇ ਖੁਲਾਸਾ ਕੀਤਾ ਕਿ ਖੇਤਰੀ ਪਾਰਟੀ ਦੇ ਸਿੱਖਿਆ ਮੰਤਰੀ ਨੇ ਅੰਗਰੇਜ਼ੀ ਭਾਸ਼ਾ ਪਹਿਲੀ ਜਮਾਤ ਤੋਂ ਲਾਗੂ ਕਰ ਕੇ ਇਸ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਕੋਈ ਕਸਰ ਨਹੀਂ ਛੱਡੀ। ਖੇਤਰੀ ਪਾਰਟੀਆਂ ਨੂੰ ਖੇਤਰੀ ਭਾਸ਼ਾਵਾਂ ਨੂੰ ਬਚਾਉਣ ਦਾ ਤਹੱਈਆ ਕਰਨਾ ਚਾਹੀਦਾ ਹੈ ਨਾ ਕਿ ਇਸ ਦਾ ਭੋਗ ਪਾਉਣ ਦਾ। ਉਨ੍ਹਾਂ ਅਪਣੇ ਲੇਖ ਵਿੱਚ ਇੱਕ ਗ਼ੁਲਾਮ ਦੇਸ਼ ਦੇ ਬੱਚਿਆਂ ਦੁਆਰਾ ਆਪਣੀ ਮਾਂ ਬੋਲੀ ਭਾਸ਼ਾ ਬੋਲਣ ’ਤੇ ਤਸ਼ੱਦਦ ਦੀ ਘਟਨਾ ਨੂੰ ਬਿਆਨ ਕਰਕੇ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਲੇਖਕਾ ਦਾ ਇਹ ਲੇਖ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਬਚਾਉਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ।
ਮਨਮੋਹਨ ਸਿੰਘ ਨਾਭਾ, ਪਟਿਆਲਾ
ਟੂਟੀ ਗਾਢਣਹਾਰ ਗੋਪਾਲ...
ਐਤਵਾਰ, 12 ਜਨਵਰੀ ਨੂੰ ‘ਦਸਤਕ’ ਅੰਕ ਵਿੱਚ ਡਾ. ਰੂਪ ਸਿੰਘ ਦਾ ਲੇਖ ‘ਖਿਦਰਾਣੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ’ ਪੜ੍ਹਿਆ ਜਿਸ ਵਿੱਚ ਲੇਖਕ ਦੁਆਰਾ ਸਿੱਖ ਇਤਿਹਾਸ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਅਤੇ ਦਿਆਲਤਾ ਨੂੰ ਸਿਜਦਾ ਕੀਤਾ ਹੈ। ਲੇਖਕ ਨੇ ਤਫ਼ਸੀਲ ਵਿੱਚ ਦੱਸਿਆ ਹੈ ਕਿ ਕਰਤਾ ਮਹਾਨਕੋਸ਼ ਅਨੁਸਾਰ ਤਿੰਨ ਵਾਰ ਸਿੰਘਾਂ ਨੂੰ ‘ਮੁਕਤਿਆਂ’ ਦੀ ਉਪਾਧੀ ਮਿਲੀ ਹੈ। ਪਹਿਲੀ ਵਾਰ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ, ਦੂਜੀ ਵਾਰ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਣ ਵਾਲੇ ਅਤੇ ਤੀਜੀ ਵਾਰ ਸ੍ਰੀ ਮੁਕਤਸਰ ਸਾਹਿਬ ਸ਼ਹੀਦ ਹੋਏ ਸਿੰਘ ਮੁਕਤਿਆਂ ਦੀ ਉਪਾਧੀ ਨੂੰ ਪ੍ਰਾਪਤ ਹੋਏ। ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾਂ ਨਾਮ ਖਿਦਰਾਣੇ ਦੀ ਢਾਬ ਜਾਂ ਤਾਲ ਖਿਦਰਾਣਾ ਸੀ। ਤਾਲ ਇਸ ਕਰਕੇ ਕਿ ਇੱਥੇ ਮੀਂਹ ਦਾ ਪਾਣੀ ਭਰਿਆ ਰਹਿੰਦਾ ਸੀ। ਜਦੋਂ 1704 ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਯੁੱਧ ਦੌਰਾਨ ਮੁਗ਼ਲ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਲੰਮੀ ਘੇਰਾਬੰਦੀ ਕੀਤੀ ਤਾਂ ਸਿੰਘ ਭੁੱਖ ਅਤੇ ਪਿਆਸ ਨਾਲ ਤੜਫ਼ਣ ਲੱਗੇ। ਕੁਝ ਸਿੰਘਾਂ ਨੇ ਭੁੱਖ ਤੋਂ ਤੰਗ ਆ ਕੇ ਗੁਰੂ ਤੋਂ ਬੇਮੁਖ ਹੋ ਕੇ ਆਨੰਦਪੁਰ ਸਾਹਿਬ ਨੂੰ ਛੱਡ ਜਾਣ ਦਾ ਫ਼ੈਸਲਾ ਕੀਤਾ। ਉਹ 40 ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ। ਬਾਅਦ ਵਿੱਚ ਉਨ੍ਹਾਂ ਨੂੰ ਗੁਰੂ ਦਾ ਵਿਛੋੜਾ ਤੰਗ ਕਰਨ ਲੱਗਿਆ ਅਤੇ ਘਰ ਪਹੁੰਚਦਿਆਂ ਹੀ ਸ਼ਰਮਿੰਦਗੀ ਨੇ ਘੇਰ ਲਿਆ। 1705 ਵਿੱਚ ਜਦੋਂ ਖਿਦਰਾਣੇ ਦੀ ਢਾਬ ’ਤੇ ਗੁਰੂ ਜੀ ਪੁਹੰਚੇ ਤਾਂ ਵੈਰੀ ਦਾ ਟਿੱਡੀ ਦਲ ਪਿੱਛੇ ਪਿੱਛੇ ਆ ਰਿਹਾ ਸੀ। ਇਸ ਥਾਂ ਉੱਪਰ ਦੁਸ਼ਮਣ ਨੇ ਖਾਲਸਾ ਫ਼ੌਜਾਂ ਉੱਪਰ ਹਮਲਾ ਕਰ ਦਿੱਤਾ। ਇਸ ਯੁੱਧ ਵਿੱਚ ਉਹ 40 ਸਿੰਘ ਮਾਈ ਭਾਗੋ ਦੀ ਅਗਵਾਈ ਵਿੱਚ ਸਭ ਤੋਂ ਅੱਗੇ ਵਧ ਕੇ ਲੜੇ ਅਤੇ ਸ਼ਹੀਦੀਆਂ ਪਾ ਗਏ, ਪਰ ਖਾਲਸਾ ਫ਼ੌਜ ਨੇ ਇਸ ਯੁੱਧ ਵਿੱਚ ਫ਼ਤਹਿ ਪ੍ਰਾਪਤ ਕੀਤੀ। ਦਸਮੇਸ਼ ਪਿਤਾ ਬੇਦਾਵਾ ਲਿਖਣ ਵਾਲੇ ਮਹਾਂ ਸਿੰਘ ਦੇ ਪਾਸ ਗਏ, ਅਜੇ ਉਸ ਦੇ ਸੁਆਸ ਚੱਲਦੇ ਸਨ। ਗੁਰੂ ਜੀ ਨੇ ਮਹਾਂ ਸਿੰਘ ਦੀ ਬੇਨਤੀ ’ਤੇ ਉਹ ਬੇਦਾਵਾ ਟੁਕੜੇ ਟੁਕੜੇ ਕਰ ਦਿੱਤਾ ਅਤੇ ਸਾਰੇ ਸ਼ਹੀਦ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ ਅਤੇ ਇਨ੍ਹਾਂ ਚਾਲੀ ਮੁਕਤਿਆਂ ਦਾ ਆਪਣੇ ਹੱਥੀਂ ਸਸਕਾਰ ਕੀਤਾ, ਜਿਸ ਤੋਂ ਬਾਅਦ ਖਿਦਰਾਣੇ ਦੀ ਢਾਬ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ। ਹੁਣ ਇੱਥੇ ਪਹਿਲੀ ਮਾਘ ਨੂੰ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲਾ ਲੱਗਦਾ ਹੈ।
ਹਰਿੰਦਰ ਜੀਤ ਸਿੰਘ, ਬਿਜਲਪੁਰ (ਪਟਿਆਲਾ)
ਸਖ਼ਤ ਸ਼ਬਦਾਂ ’ਚ ਜਵਾਬ
‘ਪੰਜਾਬੀ ਟ੍ਰਿਬਿਊਨ’ ਦੇ 12 ਜਨਵਰੀ ਦੇ ਸੋਚ ਸੰਗਤ ਪੰਨੇ ’ਤੇ ਅਰਵਿੰਦਰ ਜੌਹਲ ਦੀ ਸੰਪਾਦਕੀ ‘ਗੱਲ੍ਹਾਂ ਜਿਹੀਆਂ ਸੜਕਾਂ ’ਤੇ ਸਿਆਸਤ ਦੀ ਤਿਲਕਣ’ ਬਹੁਤ ਸਲਾਹੁਣਯੋਗ ਅਤੇ ਸਖ਼ਤ ਸ਼ਬਦਾਂ ਵਿੱਚ ਜਵਾਬ ਹੈ ਉਨ੍ਹਾਂ ਲੋਕਾਂ ਦੇ ਘਟੀਆ ਬਿਆਨਾਂ ਦਾ ਜੋ ਔਰਤਾਂ ਨੂੰ ਸਿਰਫ਼ ਭੋਗ ਦੀ ਵਸਤੂ ਸਮਝਦੇ ਹਨ। ਬੜੀ ਸ਼ਰਮ ਆਈ ਸੋਚ ਕੇ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਦੇਸ਼ ਦੇ ਆਗੂ ਚੁਣਦੇ ਹਾਂ ਵੋਟਾਂ ਪਾ ਕੇ ਰਾਜੇ ਬਣਾਉਂਦੇ ਹਾਂ, ਉਹ ਲੋਕ ਸਾਡੇ ਬਾਰੇ ਕਿੰਨੀ ਨੀਵੀਂ ਸੋਚ ਰੱਖਦੇ ਹਨ। ਅਜਿਹੇ ਲੋਕਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਦਿੱਲੀ ਦੀ ਮੁੱਖ ਮੰਤਰੀ ਦੀਆਂ ਅੱਖਾਂ ਵਿੱਚ ਹੰਝੂ ਲਿਆਉਣ ਵਾਲੇ ਲੋਕ ਜੇਲ੍ਹ ਵਿੱਚ ਹੋਣੇ ਚਾਹੀਦੇ ਹਨ। ਔਰਤਾਂ ਲਈ ਇੰਨੇ ਨਿਰਾਦਰ ਭਰੇ ਸ਼ਬਦ ਵਰਤਣ ਵਾਲੇ ਲੋਕਾਂ ਨੂੰ ਸੱਭਿਅਕ ਸਮਾਜ ਵਿੱਚ ਵਿਚਰਨ ਦਾ ਕੋਈ ਹੱਕ ਨਹੀਂ। ਉਨ੍ਹਾਂ ਨੂੰ ਉੱਚੇ ਕਿਰਦਾਰ ਅਤੇ ਸੱਭਿਅਕ ਹੋਣ ਦੇ ਅਰਥ ਹੀ ਨਹੀਂ ਪਤਾ। ਦਸਤਕ ਪੰਨੇ ’ਤੇ ਡਾ. ਰੂਪ ਸਿੰਘ ਦਾ ਲੇਖ ‘ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ’ ਬਹੁਤ ਜਾਣਕਾਰੀ ਭਰਪੂਰ ਲੱਗਿਆ। ਅਸੀਂ ਹੁਣ ਤੱਕ ਸਿਰਫ਼ ਚਾਲੀ ਮੁਕਤਿਆਂ ਬਾਰੇ ਹੀ ਜਾਣਦੇ ਸੀ ਪਰ ਉਨ੍ਹਾਂ ਨੇ ਜਿਸ ਤਰ੍ਹਾਂ ਵਿਸਥਾਰ ਵਿੱਚ ਸਾਰੇ ਯੁੱਧ ਬਾਰੇ ਜਾਣਕਾਰੀ ਦਿੱਤੀ, ਉਹ ਵਧੀਆ ਲੱਗੀ।
ਤਰਲੋਚਨ ਕੌਰ, ਪਟਿਆਲਾ
ਕਿਸਾਨੀ ਦਰਦ ਰੂਪਮਾਨ
ਐਤਵਾਰ 5 ਜਨਵਰੀ ਦੇ ‘ਪੰਜਾਬੀ ਟ੍ਰਿਬਿਊਨ’ ਨੇ ਸੰਪਾਦਕੀ ਲੇਖ ‘ਵਕਤ ਦੇ ਸਫ਼ੇ ’ਤੇ ਲਿਖੀ ਇਬਾਰਤ’ ਵਿੱਚ ਕਿਸਾਨੀ ਦਰਦ ਨੂੰ ਰੂਪਮਾਨ ਕੀਤਾ ਗਿਆ ਹੈ। ਕਿਹੋ ਜਿਹੀ ਵਿਡੰਬਨਾ ਹੈ ਕਿ ਲੋਕਰਾਜੀ ਦੇਸ਼ ਵਿੱਚ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਹਿੱਤਾਂ ਵਾਸਤੇ ਮਰਨ ਵਰਤ ’ਤੇ ਬੈਠਾ ਹੈ। ਉਸ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਕੀ ਭਾਰਤ ਸਰਕਾਰ ਜਗਜੀਤ ਸਿੰਘ ਡੱਲੇਵਾਲ ਦੇ ਵਰਤ ਨੂੰ ਵੇਖ ਨਹੀਂ ਰਹੀ? ਕੀ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਕੇਂਦਰ ਸਰਕਾਰ ਕੁਝ ਕਰ ਨਹੀਂ ਸਕਦੀ? ਇਹ ਹੂਕ ਅਖ਼ਬਾਰ ਨੇ ਉਠਾਈ ਹੈ। ਵਕਤ ਦੀ ਇਸ ਇਬਾਰਤ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਮਿੱਤਰ ਕੌਤਕੀ ਨਾਲ ਸਫ਼ਰ ਕਰਦਿਆਂ ਤੇ ਦਿੱਲੀ ਵਿੱਚ ਰਾਤ ਰਹਿਣ ਦੀਆਂ ਕੀਤੀਆਂ ਰੋਚਕ ਗੱਲਾਂ ਵਿੱਚ ਦੇਸ਼ ਦੇ ਕਈ ਮਸਲੇ ਉਠਾਏ ਹਨ। ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਲੋਕ ਡਰੇ ਹੋਏ ਹਨ। ਕਈ ਭਿਆਨਕ ਘਟਨਾਵਾਂ ਵੀ ਹੋਈਆਂ ਹਨ। ਕੁੱਤਿਆਂ ਨੇ ਕੌਤਕੀ ਨੂੰ ਤਾਂ ਰਾਤ ਭਰ ਸੌਣ ਨਹੀਂ ਦਿੱਤਾ। ਸੜਕਾਂ ਦੇ ਜਾਮ, ਸਾਫ਼-ਸਫਾਈ ਦਾ ਬੁਰਾ ਹਾਲ ਆਦਿ ਸਮੱਸਿਆਵਾਂ ਵੀ ਲਿਖਤ ਵਿੱਚ ਉਭਰਦੀਆਂ ਹਨ। ਨਾਵਲਕਾਰ ਜੰਗ ਬਹਾਦਰ ਗੋਇਲ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਬਹੁਤ ਦਿਲਚਸਪ ਲੱਗਾ। ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸ਼ਾਇਰਾ ਪਾਲ ਕੌਰ ਦੀ ਕਾਵਿ ਕਲਾ ਬਾਰੇ ਕੰਵਲਜੀਤ ਕੌਰ ਨੇ ਚੰਗੀ ਜਾਣਕਾਰੀ ਦਿੱਤੀ ਹੈ।
ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਵਕਤ ਦੇ ਸਫ਼ੇ ’ਤੇ ਲਿਖੀ ਇਬਾਰਤ
ਐਤਵਾਰ 5 ਜਨਵਰੀ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਸੋਚ ਸੰਗਤ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਬਾਰੇ ਉਸ ਦੇ ਦ੍ਰਿੜ੍ਹ ਸੰਕਲਪ ਅਤੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਨੂੰ ਬਿਆਨ ਕਰਦਾ ਹੈ। ਲੇਖਕਾ ਨੇ ਬਿਲਕੁਲ ਸਹੀ ਕਿਹਾ ਹੈ ਕਿ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਬਜਾਏ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰੇ। ਲੇਖਕਾ ਨੇ ਗਾਜ਼ਾ ਪੱਟੀ ਵਿੱਚ ਫਲਸਤੀਨੀਆਂ ਦੇ ਕੀਤੇ ਜਾ ਰਹੇ ਕਤਲੇਆਮ ਦਾ ਜ਼ਿਕਰ ਕੀਤਾ ਹੈ ਅਤੇ ਇਸ ਨੂੰ ਹਥਿਆਰ ਵੇਚਣ ਦੀ ਭੁੱਖ ਵਜੋਂ ਦਰਸਾਇਆ ਹੈ ਜਿਸਦਾ ਮੁਖੀਆ ਅਮਰੀਕਾ ਹੈ। ਬਲਦੇਵ ਸਿੰਘ ਸੜਕਨਾਮਾ ਦਾ ਲੇਖ ‘ਕਿੱਧਰੋਂ ਕਿੱਧਰ ਨੂੰ ਤੁਰ ਪਏ...’ ਵਿੱਚ ਕੇਂਦਰ ਸਰਕਾਰ ਦੁਆਰਾ ਵਾਰ ਵਾਰ ਵਿਕਾਸ ਦੇ ਕੀਤੇ ਜਾਂਦੇ ਦਾਅਵੇ ਦਾ ਮੂੰਹ ਚਿੜਾਉਂਦੀਆਂ ਦਿੱਲੀ ਦੀਆਂ ਸੜਕਾਂ, ਗੰਦਗੀ ਅਤੇ ਚਿੱਕੜ ਦਾ ਜ਼ਿਕਰ ਕੀਤਾ ਹੈ। ਭਗਤ ਸਿੰਘ ਦੇ ਘਰ ਵਿੱਚ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੀਆਂ ਗੱਲਾਂ ਚੱਲਦੀਆਂ ਹੋਣ ਕਾਰਨ ਹੀ ਉਹ ਦੰਬੂਕਾਂ ਬੀਜਣ ਦੀ ਗੱਲ ਕਰਦਾ ਸੀ। ਲੇਖ ਵਿੱਚ ਦੱਸਿਆ ਗਿਆ ਹੈ ਕਿ ਚਾਰੇ ਪਾਸੇ ਧਾਰਮਿਕ ਸਥਾਨਾਂ ਦੇ ਹੇਠਾਂ ਮੰਦਿਰਾਂ ਦੇ ਹੋਣ ਦਾ ਰੌਲਾ ਪਾ ਕੇ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿੱਛੇ ਜਿਹੇ ਤਾਜ ਮਹਿਲ ਸਬੰਧੀ ਵੀ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਸਨ ਜੋ ਕਿ ਬਿਨਾਂ ਕਿਸੇ ਤੱਥਾਂ ਤੋਂ ਸਨ ਜਿਸ ਦਾ ਖੰਡਨ ਭਾਰਤੀ ਪੁਰਾਤਤਵ ਸਰਵੇਖਣ ਨੇ ਕੀਤਾ। ਲੇਖ ਦੇ ਅੰਤ ਵਿੱਚ ਕੁੱਤਿਆਂ ਦਾ ਭੌਂਕਣਾ ਸੰਕੇਤ ਮਾਤਰ ਹੈ ਜਿਸ ਵਿੱਚ ਟੀਵੀ ਚੈਨਲ ’ਤੇ ਚੱਲਦੇ ਚੀਕ ਚਿਹਾੜੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਲੇਖਕ ਦਾ ਕਹਿਣਾ ਕਿ ਟੀਵੀ ਨੂੰ ਤਾਂ ਰਿਮੋਟ ਨਾਲ ਬੰਦ ਕੀਤਾ ਜਾ ਸਕਦਾ ਹੈ ਪਰ ਬਾਹਰ ਭੌਂਕਦੇ ਕੁੱਤਿਆਂ ਨੂੰ ਕਿਵੇਂ ਚੁੱਪ ਕਰਾਵਾਂ, ਇਹ ਆਪਣੇ ਆਪ ਵਿੱਚ ਬੇਵੱਸੀ ਵਾਲੀ ਸਥਿਤੀ ਹੈ। ਐਤਵਾਰ ਦੇ ਇਸ ਅੰਕ ਵਿੱਚ ਲੋਕਾਈ ਨਾਲ ਜੁੜੇ ਲੋਕ ਮੁੱਦਿਆਂ ਦੀ ਗੱਲ ਕੀਤੀ ਗਈ ਹੈ। ਲੇਖਾਂ ਦੀ ਚੋਣ ਸ਼ਲਾਘਾਯੋਗ ਹੈ।
ਚਮਕੌਰ ਸਿੰਘ, ਈ-ਮੇਲ
ਅਤੀਤ ਦੇ ਸਬਕ
ਐਤਵਾਰ, 5 ਜਨਵਰੀ ਦੇ ‘ਦਸਤਕ’ ਵਿੱਚ ਰਾਮਚੰਦਰ ਗੁਹਾ ਨੇ ਆਪਣੇ ਲੇਖ ‘ਅਤੀਤ ਤੋਂ ਸਬਕ ਲੈਂਦਿਆਂ’ ਰਾਹੀਂ ਰਾਜਮੋਹਨ ਗਾਂਧੀ ਦੇ ਰਾਜ ਸਭਾ ਵਿੱਚ ਦਿੱਤੇ ਭਾਸ਼ਣ ਦਾ ਹਵਾਲਾ ਦੇ ਕੇ ਸਮੇਂ ਦੀ ਸਰਕਾਰ ਅਤੇ ਸਰਕਾਰ ਪੱਖੀ ਸੋਚ ਦੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਅਤੀਤ ਦੀਆਂ ਭੁੱਲਾਂ ਨੂੰ ਬਦਲੇ ਦੀ ਭਾਵਨਾ ਨਾਲ ਦਰੁਸਤ ਕਰਨ ਵਾਲੇ ਲੋਕ ਸਿਰਫ਼ ਤਬਾਹੀ ਲਿਆ ਸਕਦੇ ਹਨ। ਤਬਾਹੀ ਹਮੇਸ਼ਾ ਲੋਕਾਂ ਦਾ ਘਾਣ ਕਰਦੀ ਹੈ। ਅਜੋਕਾ ਮਾਹੌਲ ਵੀ ਕਿਸੇ ਹੱਦ ਤੱਕ ਨਵ-ਰਾਸ਼ਟਰਵਾਦ ਦੇ ਨਾਂ ’ਤੇ ਵੱਖਵਾਦੀ ਸੋਚ ਦੀ ਹੀ ਭਾਵਨਾ ਪੈਦਾ ਕਰਦਾ ਹੈ। ਅਲਾਹਾਬਾਦ ਹਾਈਕੋਰਟ ਦੇ ਜੱਜ ਸ਼ੇਖਰ ਕੁਮਾਰ ਦੀ ਟਿੱਪਣੀ ਪੜ੍ਹ ਕੇ ਦੁੱਖ ਹੁੰਦਾ ਹੈ ਕਿ ਅਜਿਹੀ ਸੋਚ ਰੱਖਣ ਵਾਲੇ ਜੱਜ ਕਿਵੇਂ ਨਿਰਪੱਖਤਾ ਨਾਲ ਇਨਸਾਫ਼ ਦੇ ਸਕਣਗੇ?
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)
ਫ਼ਿਰਕੂ ਸਿਆਸਤ ਦੀ ਤਸਵੀਰ
ਐਤਵਾਰ 5 ਜਨਵਰੀ ਦੇ ‘ਦਸਤਕ’ ਅੰਕ ਵਿੱਚ ਰਾਮਚੰਦਰ ਗੁਹਾ ਦਾ ਲੇਖ ‘ਅਤੀਤ ਤੋਂ ਸਬਕ ਲੈਂਦਿਆਂ...’ ਪੜ੍ਹ ਕੇ ਮੌਜੂਦਾ ਸਰਕਾਰਾਂ ਦੀ ਨਿਆਂਪਾਲਿਕਾ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਦੀ ਫ਼ਿਰਕੂ ਸਿਆਸਤ ਵਿਖਾਈ ਦਿੰਦੀ ਹੈ। ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਗਿਆਨਵਾਪੀ ਮਸਜਿਦ ਦੇ ਸਰਵੇਖਣ ਦੀ ਇਜਾਜ਼ਤ ਦੇ ਕੇ ਦੇਸ਼ ਵਿੱਚ ਹਿੰਦੂਤਵ ਦੀ ਫ਼ਿਰਕੂ ਰਾਜਨੀਤੀ ਦਾ ਕਾਨੂੰਨੀ ਰਸਤਾ ਖੋਲ੍ਹਣ ਵਿੱਚ ਵੱਡੀ ਕੋਤਾਹੀ ਕੀਤੀ ਅਤੇ ਇਹ ਸੰਸਦ ਵੱਲੋਂ 1991 ਵਿੱਚ ਪਾਸ ਕੀਤੇ ਪੂਜਾ ਸਥਾਨ (ਵਿਸ਼ੇਸ਼ ਤਜਵੀਜ਼ਾਂ) ਦੀ ਘੋਰ ਖਿਲਾਫ਼ਵਰਜ਼ੀ ਸੀ। ਭਾਜਪਾ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਝੂਠੇ ਬਿਰਤਾਂਤ ਸਿਰਜ ਕੇ ਮੁਸਲਿਮ ਭਾਈਚਾਰੇ ਨੂੰ ਹਿੰਦੂ ਬਹੁਗਿਣਤੀ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਣ ਮਿੱਥ ਕੇ ਭਾਰਤ ਵਿਰੋਧੀ ਅਤੇ ਇੱਕ ਦੁਸ਼ਮਣ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ। ਭਾਜਪਾਈ ਸਰਕਾਰਾਂ ਦੀ ਸਰਪ੍ਰਸਤੀ ਹੇਠ ਉਨ੍ਹਾਂ ਉੱਤੇ ਫ਼ਿਰਕੂ ਹਜੂਮੀਆਂ ਵੱਲੋਂ ਹਿੰਸਕ ਜਾਨਲੇਵਾ ਹਮਲੇ ਕੀਤੇ ਗਏ ਹਨ, ਉਨ੍ਹਾਂ ਦੇ ਧਾਰਮਿਕ ਸਥਾਨ ਢਾਹੇ ਗਏ ਹਨ ਅਤੇ ਉਨ੍ਹਾਂ ਦੇ ਘਰਾਂ, ਕਾਰੋਬਾਰਾਂ ਉੱਤੇ ਬੁਲਡੋਜ਼ਰ ਚਲਾਏ ਗਏ ਹਨ। ਵੱਖ ਵੱਖ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਮੁਸਲਿਮ ਵਿਰੋਧੀ ਬਿਆਨਾਂ ਨੇ ਇਸ ਫ਼ਿਰਕੂ ਨਫ਼ਰਤ ਨੂੰ ਹੋਰ ਵਧਾਇਆ ਹੈ। ਜੇਕਰ ਮੁਗ਼ਲ ਕਾਲ ਦੇ ਹੁਕਮਰਾਨਾਂ ਵੇਲੇ ਕੁਝ ਗ਼ਲਤ ਹੋਇਆ ਸੀ ਤਾਂ ਉਸ ਦਾ ਬਦਲਾ ਸਦੀਆਂ ਬਾਅਦ ਦੇ ਨਿਰਦੋਸ਼ ਤੇ ਆਮ ਮੁਸਲਮਾਨਾਂ ਤੋਂ ਲੈਣਾ ਕੋਈ ਸਿਆਣਪ ਨਹੀਂ ਅਤੇ ਨਾ ਹੀ ਦੇਸ਼ ਹਿੱਤ ਵਿੱਚ ਹੈ। ਘੱਟੋ ਘੱਟ ਹਿੰਦੂ ਭਾਈਚਾਰੇ ਨੂੰ ਭਾਜਪਾ ਦੀ ਇਸ ਫ਼ਿਰਕੂ ਰਾਜਨੀਤੀ ਦਾ ਡਟਵਾਂ ਵਿਰੋਧ ਕਰਕੇ ਸਾਂਝੀਵਾਲਤਾ ਅਤੇ ਇਨਸਾਨੀਅਤ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਅਰਵਿੰਦਰ ਜੌਹਲ ਨੇ ਆਪਣੇ ਲੇਖ ਵਿੱਚ ਬਹੁਤ ਹੀ ਅਹਿਮ ਲੋਕ ਮੁੱਦੇ ਉਭਾਰੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਜਮਹੂਰੀ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦੇ ਬਾਵਜੂਦ ਕੇਂਦਰ ਤੇ ਸੂਬਾ ਸਰਕਾਰਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ ਤਾਂ ਫਿਰ ਲੋਕ ਕਿੱਥੇ ਜਾਣ? ਦੂਜੇ ਪਾਸੇ ਯੁੱਧ ਰੋਕਣ ’ਚ ਸੰਯੁਕਤ ਰਾਸ਼ਟਰ ਨਾਕਾਮ ਸਾਬਤ ਹੋਇਆ ਹੈ।
ਦਮਨਜੀਤ ਕੌਰ, ਧੂਰੀ (ਸੰਗਰੂਰ)