ਡਾਕ ਐਤਵਾਰ ਦੀ
ਚੰਗੀਆਂ ਰਵਾਇਤਾਂ ਕਾਇਮ
ਐਤਵਾਰ 12 ਜਨਵਰੀ ਦੇ ਅੰਕ ਵਿੱਚ ਪੇਸ਼ ਕੀਤੀਆਂ ਸ਼ਾਨਦਾਰ ਰਚਨਾਵਾਂ, ਲੇਖ ਪੜ੍ਹ ਕੇ ਮਨ ਨੂੰ ਬੇਹੱਦ ਖ਼ੁਸ਼ੀ ਅਤੇ ਸਕੂਨ ਮਿਲਿਆ। ਅੱਜ ਵੀ ‘ਪੰਜਾਬੀ ਟ੍ਰਿਬਿਊਨ’ ਆਪਣੀਆਂ ਪੁਰਾਣੀਆਂ ਮਹਾਨ ਰਵਾਇਤਾਂ ਨੂੰ ਕਾਇਮ ਰੱਖ ਰਿਹਾ ਹੈ। ਇਸ ਲਈ ਮੁੱਖ ਸੰਪਾਦਕ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਡਾ. ਰੂਪ ਸਿੰਘ ਦਾ ਲੇਖ ‘ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ’ ਅਤੇ ਬਲਬੀਰ ਸਿੰਘ ਸਰਾਂ ਦੀ ਰਚਨਾ ‘ਖਿਦਰਾਣੇ ਦੀ ਜੰਗ ਦਾ ਰਣਨੀਤਕ ਪੱਖ’ ਪੜ੍ਹ ਕੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਹਾਸਿਲ ਹੋਈ। ਡਾ. ਅਮੀਰ ਸੁਲਤਾਨਾ ਦਾ ਲੰਮੇਰਾ ਸਾਹਿਤਕ ਲੇਖ ‘ਤੇਰਾ ਸਿੰਘ ਚੰਨ: ਇੱਕ ਲਾਸਾਨੀ ਮਨੁੱਖ’ ਪੰਜਾਬੀ ਟ੍ਰਿਬਿਊਨ ਦੀ ਸ਼ਾਹਕਾਰ ਰਚਨਾ ਹੈ। ਲੇਖਿਕਾ ਨੇ ਤੇਰਾ ਸਿੰਘ ਚੰਨ ਦੀ ਮਹਾਨ ਸ਼ਖ਼ਸੀਅਤ ਬਾਰੇ ਬਹੁਤ ਹੀ ਖ਼ੂਬਸੂਰਤ ਅਤੇ ਭਾਵਪੂਰਤ ਢੰਗ ਨਾਲ ਪਾਠਕਾਂ ਨੂੰ ਜਾਣਕਾਰੀ ਦਿੱਤੀ ਹੈ। ਤੇਰਾ ਸਿੰਘ ਚੰਨ ਜੀ ਦੀ ਮਹਾਨ ਸ਼ਖ਼ਸੀਅਤ ਬਾਰੇ ਮੈਂ ਲਗਭਗ ਪੰਜਾਹ ਵਰ੍ਹੇ ਪਹਿਲਾਂ ਗਿਆਨੀ ਦੀ ਪੜ੍ਹਾਈ ਕਰਦਿਆਂ ਪੜ੍ਹਿਆ ਸੀ। ਚੰਨ ਜੀ ਬਾਰੇ ਪੜ੍ਹ ਕੇ ਹੋਰ ਡੂੰਘੇਰੀ ਜਾਣਕਾਰੀ ਹਾਸਿਲ ਹੋਈ ਹੈ। ਡਾ. ਚੰਦਰ ਤ੍ਰਿਖਾ ਦੀ ਸੰਖੇਪ ਰਚਨਾ ‘ਵੱਖਰੀ ਪਛਾਣ ਦੀ ਮਾਲਕ ਗਗਨ ਗਿੱਲ’ ਪੜ੍ਹ ਕੇ ਹਿੰਦੀ ਸਾਹਿਤ ਦੀ ਇਸ ਮਹਾਨ ਕਲਾਕਾਰ ਸਬੰਧੀ ਵਧੀਆ ਜਾਣਕਾਰੀ ਹਾਸਿਲ ਹੋਈ। ਡਾ. ਅਰਵਿੰਦਰ ਜੌਹਲ ਦਾ ਲੇਖ ‘ਗੱਲ੍ਹਾਂ ਜਿਹੀਆਂ ਸੜਕਾਂ ’ਤੇ ਸਿਆਸਤ ਦੀ ਤਿਲ੍ਹਕਣ’ ਅੱਜ ਦੇ ਸਿਆਸਤਦਾਨਾਂ ਦੇ ਕਿਰਦਾਰ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦਾ ਹੈ।
ਇਕਬਾਲ ਸਿੰਘ ਸਕਰੌਦੀ, ਸੰਗਰੂਰ
ਖਿਦਰਾਣੇ ਦੀ ਢਾਬ
ਐਤਵਾਰ 12 ਜਨਵਰੀ ਦੇ ਅੰਕ ਵਿੱਚ ਡਾ. ਰੂਪ ਸਿੰਘ ਦਾ ਲੇਖ ‘ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ’ ਗੁਰੂ ਗੋਬਿੰਦ ਸਿੰਘ ਜੀ ਦੀ ਮੁਕਤਸਰ ਸਾਹਿਬ ਦੀ ਜੰਗ ਦਾ ਦ੍ਰਿਸ਼ ਪੇਸ਼ ਕਰਦਾ ਹੈ। ਇਹ ਜੰਗ ਵਿਸਾਖ ਵਿੱਚ ਹੋਈ ਦੱਸੀ ਜਾਂਦੀ ਹੈ, ਪਰ ਚਾਲੀ ਮੁਕਤਿਆਂ ਦਾ ਇਹ ਪਾਵਨ ਦਿਹਾੜਾ ਠੰਢ ਵਿੱਚ ਮਾਘੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਦਾ ਕਾਰਨ ਕੀ ਹੈ। ਕੀ ਇਸ ਬਾਰੇ ਪੰਥ ਨੇ ਕੋਈ ਫ਼ੈਸਲਾ ਕੀਤਾ ਹੈ? ਇਸ ਜੰਗ ਵਿੱਚ ਮਾਝੇ ਦੇ ਜਰਨੈਲ ਭਾਈ ਮਹਾਂ ਸਿੰਘ ਵੱਲੋਂ ਲਿਖਿਆ ਬੇਦਾਵਾ ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਟੁੱਟੀ ਗੰਢੀ ਸੀ। ਗੁਰੂ ਦੀਆਂ ਸੰਗਤਾਂ ਹਰ ਸਾਲ ਉਸ ਮਹਾਨ ਪੁਰਖ ਭਾਈ ਮਹਾਂ ਸਿੰਘ ਸਮੇਤ ਚਾਲੀ ਮੁਕਤਿਆਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਦੀਆਂ ਹਨ। ਦੂਜੇ ਲੇਖ ਵਿੱਚ ਇਸ ਜੰਗ ਦੇ ਕਈ ਫ਼ੌਜੀ ਪੱਖ ਬਲਬੀਰ ਸਿੰਘ ਸਰਾਂ ਨੇ ਲਿਖੇ ਹਨ। ਗੁਰੂ ਸਾਹਿਬ ਨੇ ਲੱਖਾਂ ਦੀ ਮੁਗ਼ਲ ਫ਼ੌਜ ਨਾਲ ਜਿਸ ਤਰ੍ਹਾਂ ਮੁਕਾਬਲਾ ਕੀਤਾ, ਉਹ ਚਮਤਕਾਰੀ ਹੈ। ਗੁਰੂ ਸਾਹਿਬ ਨੇ ਸਾਰੀਆਂ ਜੰਗਾਂ ਵਿੱਚ ਹੀ ਸੂਰਬੀਰਤਾ ਦੇ ਜੌਹਰ ਵਿਖਾਏ। ਉਨ੍ਹਾਂ ਦਾ ਇਰਾਦਾ ਰਾਜ ਭਾਗ ਲੈਣ ਦਾ ਨਹੀਂ, ਸਿਰਫ਼ ਧਰਮ ਦੀ ਰਾਖੀ ਕਰਨਾ ਤੇ ਜ਼ੁਲਮ ਦਾ ਖਾਤਮਾ ਕਰਨਾ ਸੀ। ਡਾ. ਅਮੀਰ ਸੁਲਤਾਨਾ ਨੇ ਤੇਰਾ ਸਿੰਘ ਚੰਨ ਦੀ ਅਜ਼ੀਮ ਸ਼ਖਸੀਅਤ ਬਾਰੇ ਬਹੁਤ ਵਧੀਆ ਲਿਖਿਆ ਹੈ। ਤੇਰਾ ਸਿੰਘ ਚੰਨ ਹਰੇਕ ਮਨੁੱਖ ਨੂੰ ਉਸਦੀ ਜਾਤ ਤੋਂ ਉੱਪਰ ਉੱਠ ਕੇ ਵੇਖਦੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਦਾ ਇਤਿਹਾਸਕ ਜ਼ਿਕਰ ਗੁਰਦੇਵ ਸਿੰਘ ਸਿੱਧੂ ਨੇ ਕੀਤਾ। ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸੌ ਸਾਲ ਦਾ ਇਤਿਹਾਸ ਸ਼ਾਨਾਮੱਤਾ ਹੈ। ਗੁਰਦੁਆਰਾ ਸੁਧਾਰ ਲਹਿਰ ਵਿੱਚ ਇਸ ਨੇ ਬਹੁਤ ਯੋਗਦਾਨ ਦਿੱਤਾ ਹੈ। ਇਹ ਕੇਵਲ ਸਿਆਸੀ ਨਹੀਂ ਸਗੋਂ ਸਿੱਖਾਂ ਦੀ ਸਿਰਮੌਰ ਸੰਸਥਾ ਹੈ।
ਗੁਰਮੀਤ ਸਿੰਘ ਫ਼ਾਜ਼ਿਲਕਾ
ਸਾਹਿਤਕ ਸਾਧਨਾ ਦਾ ਸਿੱਟਾ
ਪੰਜ ਜਨਵਰੀ ਦੇ ‘ਦਸਤਕ’ ਪੰਨੇ ’ਤੇ ਕੰਵਲਜੀਤ ਕੌਰ ਦਾ ਲੇਖ ‘ਜ਼ੰਜੀਰਾਂ ਕੱਟਦੀ ਰਬਾਬ ਦੀ ਜਾਈ ਪਾਲ ਕੌਰ’ ਡਾਕਟਰ ਪਾਲ ਕੌਰ ਦੀ ਸੰਘਰਸ਼ਮਈ ਜ਼ਿੰਦਗੀ, ਕਵਿਤਾਵਾਂ ਤੇ ਉਸ ਦੀਆਂ ਪ੍ਰਾਪਤੀਆਂ ’ਤੇ ਅੰਤਰ-ਝਾਤ ਪਾਉਂਦਾ ਹੈ। ਪਾਲ ਕੌਰ ਨੇ ਆਪਣੀ ਸਖ਼ਤ ਮਿਹਨਤ, ਲਿਆਕਤ ਤੇ ਕਾਬਲੀਅਤ ਦੇ ਦਮ ’ਤੇ ਫੁੱਲ ਬਣ ਵਿਖਾਇਆ। ਸਾਡੇ ਪਿੱਤਰਸੱਤਾ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਹਮੇਸ਼ਾ ਦਬਾ ਕੇ ਰੱਖਿਆ ਗਿਆ ਹੈ। ਉਸ ਨੂੰ ਪੜ੍ਹਨ ਲਿਖਣ ਤੋਂ ਵਰਜਿਤ ਕਰਕੇ ਘਰ ਦੀ ਚਾਰਦੀਵਾਰੀ ਵਿੱਚ ਪਰਿਵਾਰ ਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਤੱਕ ਸੀਮਤ ਰੱਖਿਆ ਗਿਆ ਹੈ। ਪਾਲ ਕੌਰ ਨੇ ਵੀ ਇਹ ਸੰਤਾਪ ਆਪਣੇ ਹੱਡੀਂ ਹੰਢਾਇਆ ਹੈ ਪਰ ਉਹ ਇਸ ਦੀ ਗ੍ਰਿਫ਼ਤ ਵਿੱਚ ਆ ਕੇ ਢਹਿ-ਢੇਰੀ ਨਹੀਂ ਹੋਈ ਸਗੋਂ ਇਸ ਦੀਆਂ ਜ਼ੰਜੀਰਾਂ ਨੂੰ ਤੋੜਿਆ ਹੈ। ਅੰਮ੍ਰਿਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਉੱਤੇ ਉਸ ਨੇ ਅਕੀਦਤ ਵਜੋਂ ‘ਕਟਹਿਰੇ ਵਿੱਚ ਔਰਤ: ਅੰਮ੍ਰਿਤਾ ਦੇ ਅੰਗ-ਸੰਗ’ ਲਿਖੀ। ਪਾਲ ਕੌਰ ਨੂੰ ਕਾਵਿ-ਸੰਗ੍ਰਹਿ ‘ਸੁਣ ਗੁਣਵੰਤਾ ਸੁਣ ਬੁਧਿਵੰਤਾ’ ’ਤੇ ਸਾਹਿਤ ਅਕਾਦਮੀ ਐਵਾਰਡ ਮਿਲਣਾ ਉਸ ਦੀ ਸਾਹਿਤਕ ਕਰਮੱਠ ਸਾਧਨਾ ਦਾ ਸਿੱਟਾ ਹੈ।
ਮਾਸਟਰ ਤਰਸੇਮ ਸਿੰਘ ਡਕਾਲਾ, ਪਟਿਆਲਾ
ਉੱਚ ਕੋਟੀ ਦਾ ਰਸਾਲਾ
ਐਤਵਾਰ, 24 ਨਵੰਬਰ ਦੇ ‘ਦਸਤਕ’ ਵਿੱਚ ਡਾ. ਮੇਘਾ ਸਿੰਘ ਦੁਆਰਾ ਪ੍ਰਸਿੱਧ ਰਸਾਲੇ ‘ਫੁਲਵਾੜੀ’ ਦੇ ਇੱਕ ਸਦੀ ਦੇ ਸਫ਼ਰ ਨੂੰ ਸਮਰਪਿਤ ਲੇਖ ਨੂੰ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੀ ਫੁਲਵਾੜੀ ਸਿਰਲੇਖ ਹੇਠ ਬਹੁਤ ਸੋਹਣੇ ਸ਼ਬਦਾਂ ਵਿੱਚ ਚਿਤਰਿਆ ਹੈ। ਇਸ ਦੇ ਬਾਨੀ ਗਿਆਨੀ ਹੀਰਾ ਸਿੰਘ ਦਰਦ ਤੋਂ ਲੈ ਕੇ ਸਮੇਂ ਸਮੇਂ ਦੇ ਪ੍ਰਸਿੱਧ ਵਿਦਵਾਨਾਂ ਨੇ ਵੱਖ ਵੱਖ ਵਿਸ਼ਿਆਂ ਨੂੰ ਛੋਹ ਕੇ ਇਸ ਨੂੰ ਸਾਹਿਤਕ ਖੇਤਰ ਦਾ ਉੱਚ ਕੋਟੀ ਦਾ ਰਸਾਲਾ ਬਣਾਇਆ। ਇਸ ਵਿੱਚ ਛਪਦੀਆਂ ਰਚਨਾਵਾਂ ਨੇ ਜਿੱਥੇ ਆਜ਼ਾਦੀ ਦੀ ਲੜਾਈ ’ਚ ਜੋਸ਼ ਭਰਿਆ, ਉੱਥੇ ਨਵੇਂ ਲੇਖਕਾਂ ਨੂੰ ਸਾਹਿਤ ਨਾਲ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ‘ਫੁਲਵਾੜੀ’ ਦੇ ਵਿਸ਼ੇਸ਼ ਅੰਕ ਅੱਜ ਵੀ ਓਨੇ ਹੀ ਅਹਿਮ ਹਨ ਜਿੰਨੇ ਛਪਣ ਸਮੇਂ ਸਨ। ਅੱਜ ਬਾਜ਼ਾਰ ਵਿੱਚ ਹੋਰ ਵੀ ਰਸਾਲੇ ਸਾਹਿਤਕ ਰਚਨਾਵਾਂ ਛਾਪ ਰਹੇ ਹਨ, ਪਰ ਉਸ ਸਮੇਂ ਜਦੋਂ ਤਕਨਾਲੋਜੀ ਦੀ ਸ਼ੁਰੂਆਤ ਹੀ ਹੋਈ ਸੀ, ‘ਫੁਲਵਾੜੀ’ ਵਰਗੇ ਰਸਾਲੇ ਨੂੰ ਛਾਪਣਾ ਪੰਜਾਬੀ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਵੱਲੋਂ ਵਡਮੁੱਲਾ ਉਪਰਾਲਾ ਸੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਰਸਾਲੇ ਦਾ ਇੱਕ ਸਦੀ ਦਾ ਸਫ਼ਰ ਮਾਂ ਬੋਲੀ ਪੰਜਾਬੀ ਵਿੱਚ ਪਾਏ ਯੋਗਦਾਨ ਕਰਕੇ ਸ਼ਾਨਦਾਰ ਅਤੇ ਪੰਜਾਬੀ ਸਾਹਿਤ ਨੂੰ ਮਜ਼ਬੂਤ ਕਰਨ ਵਿੱਚ ਕਾਮਯਾਬ ਰਿਹਾ। ਇਸੇ ਅੰਕ ਵਿੱਚ ‘ਸੋਚ ਸੰਗਤ’ ਪੰਨੇ ’ਤੇ ਛਪੇ ਸੁਖਪਾਲ ਸਿੰਘ ਗਿੱਲ ਦੇ ਪ੍ਰਤੀਕਰਮ ‘ਮੌਤ ਕੁੜੀ ਪ੍ਰਨਾਵਣ ਚੱਲਿਆ, ਭਗਤ ਸਿੰਘ ਸਰਦਾਰ ਵੇ...’ ਵਿੱਚ ਛਪੀਆਂ ਸਤਰਾਂ 28 ਸਤੰਬਰ 1907 ਤੋਂ 30 ਮਾਰਚ 1931 ਦੇ ਜੀਵਨ ਪੰਧ ਦੌਰਾਨ ਦਰੁਸਤੀ ਦੀ ਮੰਗ ਕਰਦੀਆਂ ਹਨ ਕਿਉਂਕਿ ਭਗਤ ਸਿੰਘ ਨੇ 23 ਮਾਰਚ 1931 ਨੂੰ ਹੀ ਆਪਣੇ ਦੋ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਸਮੇਤ ਫ਼ਾਂਸੀ ਦਾ ਰੱਸਾ ਚੁੰਮ ਲਿਆ ਸੀ। ਫਿਰ ਜੀਵਨ ਪੰਧ 30 ਮਾਰਚ ਤੱਕ ਦੱਸਣਾ ਸਹੀ ਨਹੀਂ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਰੰਜ ਦੂਰ ਕਰਨ ਦੀ ਕੋਸ਼ਿਸ਼
ਐਤਵਾਰ 24 ਨਵੰਬਰ ਦੇ ‘ਦਸਤਕ’ ਵਿੱਚ ਪਵਨ ਟਿੱਬਾ ਵੱਲੋਂ ਅਨੁਵਾਦਿਤ ਲੇਖ ‘ਮੰਟੋ ਦੇ ਹਰਫ਼ਾਂ ’ਚ ਦਿਸਦਾ ਪੰਜਾਬ’ ਪੜ੍ਹਿਆ। ਅਨੁਵਾਦਕ ਨੇ ਪੰਜਾਬੀ ਪਾਠਕਾਂ ਦਾ ਉਹ ਰੰਜ ਦੂਰ ਕਰਨ ਦੀ ਕਾਮਯਾਬ ਕੋਸ਼ਿਸ਼ ਕੀਤੀ ਕਿ ਮੰਟੋ ਨੇ ਪੰਜਾਬੀ ਹੁੰਦੇ ਹੋਏ ਪੰਜਾਬੀ ਵਿੱਚ ਜਾਂ ਪੰਜਾਬ ਬਾਰੇ ਕੁਝ ਨਹੀਂ ਲਿਖਿਆ। ਦਰਅਸਲ, ਅਜੋਕੇ ਪੰਜਾਬੀ ਪਾਠਕ ਸ਼ਾਇਦ ਇਸ ਗੱਲੋਂ ਅਣਜਾਣ ਹਨ ਕਿ ਉਰਦੂ ਵੀ ਪੰਜਾਬ ਦੀ ਬੋਲ-ਚਾਲ ਅਤੇ ਸਰਕਾਰੀ ਕੰਮ-ਕਾਜ ਦੀ ਭਾਸ਼ਾ ਸੀ। ਉਸ ਦੀ ਅੱਖਰ ਬਣਤਰ ਅਲੱਗ ਸੀ ਅਤੇ ਇਸ ਨੂੰ ਸ਼ਾਹਮੁਖੀ ਕਹਿੰਦੇ ਹਨ। ਅਨੁਵਾਦਿਤ ਲੇਖ ਉਰਦੂ ਵਿੱਚ ਹੋਣ ਦੇ ਬਾਵਜੂਦ ਪੰਜਾਬੀਆਂ ਦੇ ਲੋਕ ਗੀਤਾਂ ਨਾਲ ਭਰੂਪਰ ਹੋਣਾ ਦੱਸਦਾ ਹੈ ਕਿ ਸਆਦਤ ਹਸਨ ਮੰਟੋ ਪੰਜਾਬ ਅਤੇ ਪੰਜਾਬੀ ਬਾਰੇ ਵੀ ਲਿਖਦੇ ਸਨ। ਕੱਲਾ ਟੱਕਰੇਂ ਤਾਂ ਹਾਲ ਸੁਣਾਵਾਂ - ਬਿਲਕੁਲ ਠੇਠ ਪੰਜਾਬੀ ਹੈ।
ਜਗਰੂਪ ਸਿੰਘ, ਉੱਭਾਵਾਲ