ਸੁਨਾਮ ਵਿਕਾਸ ਪੱਖੋਂ ਬਣੇਗਾ ਮੋਹਰੀ ਹਲਕਾ: ਅਮਨ ਅਰੋੜਾ
ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਸ਼ਹਿਰ ਦੇ ਵਾਸੀਆਂ ਨੂੰ ਇੱਕ ਹੋਰ ਅਹਿਮ ਸੌਗਾਤ ਦਿੰਦੇ ਹੋਏ ਸਰਹਿੰਦ ਚੋਅ ਦੇ ਨਾਲ ਨਵੇਂ ਬਣਾਏ ਗਏ ‘ਵਾਕਿੰਗ ਟਰੈਕ’ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਸੀ ਕਿ ਮੁੱਖ ਸੜਕਾਂ ਦੇ ਆਲੇ ਦੁਆਲੇ ਸੈਰ ਕਰਨ ਵਾਲੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਕੋਈ ਅਜਿਹਾ ਪ੍ਰਾਜੈਕਟ ਬਣਾਇਆ ਜਾਵੇ ਜਿਥੇ ਲੋਕ ਬੇਫ਼ਿਕਰ ਹੋ ਕੇ ਖੁਸ਼ਗਵਾਰ ਮਾਹੌਲ ਵਿੱਚ ਸੈਰ ਦਾ ਆਨੰਦ ਮਾਣ ਸਕਣ। ਇਸ ਤਹਿਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਉਨ੍ਹਾਂ ਨੇ ਸੁਨਾਮ ਸ਼ਹਿਰ ਵਿੱਚ ਜਿਹੜੇ ਪ੍ਰਾਜੈਕਟ ਮੁਢਲੇ ਤੌਰ ’ਤੇ ਆਰੰਭੇ ਸਨ, ਉਨ੍ਹਾਂ ਵਿੱਚ ਇਹ ਵਾਕਿੰਗ ਟਰੈਕ ਪ੍ਰਾਜੈਕਟ ਵੀ ਸ਼ਾਮਲ ਸੀ, ਜਿਹੜਾ ਕਿ ਅੱਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ‘ਵਾਕਿੰਗ ਟਰੈਕ’ ਦੀ ਲੰਬਾਈ 1300 ਮੀਟਰ ਤੇ ਚੌੜਾਈ 8 ਫੁੱਟ ਹੈ ਜਿਸ ਵਿੱਚ ਆਉਣ ਵਾਲੇ ਸਮੇਂ ਦੌਰਾਨ ਲੋਕਾਂ ਦੀ ਸੁਵਿਧਾ ਲਈ ਹੋਰ ਸਹੂਲਤਾਂ ਵੀ ਯਕੀਨੀ ਬਣਾਈਆਂ ਜਾਣਗੀਆਂ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਵਾਕਿੰਗ ਟਰੈਕ ਦਾ ਲਾਭ ਲੈਣ ਵਾਲੇ ਲੋਕਾਂ ਦੀ ਸੁਵਿਧਾ ਲਈ ਇੱਥੇ ਬੈਠਣ ਦੇ ਪ੍ਰਬੰਧ ਵੀ ਕੀਤੇ ਗਏ ਹਨ ਅਤੇ ਹਰਿਆਲੀ ਭਰਪੂਰ ਵਾਤਾਵਰਨ ਸਿਰਜਣ ਲਈ 3700 ਬੂਟੇ ਲਗਾਏ ਜਾ ਰਹੇ ਹਨ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੁਨਾਮ ਊਧਮ ਸਿੰਘ ਵਾਲਾ ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣਾਉਣ ਲਈ ਵਿਕਾਸ ਕਾਰਜ ਜਾਰੀ। ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਅਜੇ ਗਰਗ, ਬਾਲ ਕ੍ਰਿਸ਼ਨ ਈਓ, ਕੌਂਸਲਰ ਚਮਕੌਰ ਹਾਂਡਾ ਤੇ ਹਰਪਾਲ ਸਿੰਘ ਹਾਂਡਾ ਆਦਿ ਹਾਜ਼ਰ ਸਨ।