For the best experience, open
https://m.punjabitribuneonline.com
on your mobile browser.
Advertisement

ਗਰਮੀ ਦਾ ਕਹਿਰ

07:49 AM May 31, 2024 IST
ਗਰਮੀ ਦਾ ਕਹਿਰ
Advertisement

ਦੇਸ਼ ਦੇ ਉੱਤਰ ਪੱਛਮੀ ਹਿੱਸਿਆਂ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਹੈ। ਤਾਪਮਾਨ ਦੇ ਇਸ ਅਸਹਿ ਵਾਧੇ ਕਾਰਨ ਦਿੱਲੀ ਵਿੱਚ ਇੱਕ ਅਤੇ ਪੰਜਾਬ ਵਿੱਚ ਦੋ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਗਰਮੀ ਅਤੇ ਲੂ ਦੇ ਅਜਿਹੇ ਹਾਲਾਤ ਬਹੁਤ ਸਾਰੇ ਵਿਅਕਤੀਆਂ ਲਈ ਖ਼ਤਰਨਾਕ ਸਿੱਧ ਹੋ ਸਕਦੇ ਹਨ। ਦਿੱਲੀ ਵਿੱਚ 52.9 ਡਿਗਰੀ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਪਾਰ ਜਾ ਚੁੱਕਾ ਹੈ। ਰਾਤਾਂ ਵੀ ਆਮ ਨਾਲੋਂ ਵਧੇਰੇ ਗਰਮ ਹਨ। ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਤਾਪਮਾਨ 46.7 ਡਿਗਰੀ ਤੱਕ ਜਾ ਪੁੱਜਾ ਹੈ ਅਤੇ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ 1988 ਵਿੱਚ ਮਈ ਮਹੀਨੇ ਚੰਡੀਗੜ੍ਹ ਦਾ ਤਾਪਮਾਨ 46.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ।
ਮੌਸਮ ਵਿਗਿਆਨੀਆਂ ਵੱਲੋਂ ਸਖ਼ਤ ਗਰਮੀ ਪੈਣ ਦੀਆਂ ਪੇਸ਼ੀਨਗੋਈਆਂ ਸਹੀ ਸਿੱਧ ਹੋਈਆਂ ਹਨ ਪਰ ਚਿੰਤਾ ਦੀ ਗੱਲ ਇਹ ਹੈ ਕਿ ਤਾਪਮਾਨ ਦਾ ਇਹ ਵਾਧਾ ਅਚਾਨਕ ਨਹੀਂ ਹੋਇਆ ਅਤੇ ਨਾ ਹੀ ਇਹ ਅਣਕਿਆਸਿਆ ਹੈ। ਆਉਣ ਵਾਲੇ ਸਾਲਾਂ ਵਿੱਚ ਹਾਲਤ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਹੈ। ਗਰਮੀ ਦੇ ਇਸ ਕਹਿਰ ਕਾਰਨ ਸਕੂਲ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਅਤੇ ਦਿਨ ਵੇਲੇ ਆਪਣੇ ਕੰਮਕਾਰ ਲਈ ਨਿਕਲਣ ਵਾਲਿਆਂ ਨੂੰ ਲੂ ਤੋਂ ਬਚਣ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਤਾਪਮਾਨ ਦੇ ਵਾਧੇ ਨਾਲ ਬਿਜਲੀ ਅਤੇ ਪਾਣੀ ਦੀ ਮੰਗ ਵੀ ਵਧ ਰਹੀ ਹੈ। ਕਈ ਖੇਤਰਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਥਾਈਂ ਬਿਜਲੀ ਦੇ ਲੱਗਦੇ ਲੰਮੇ ਕੱਟ ਲੋਕਾਂ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਹਨ।
ਪੇਂਡੂ ਖੇਤਰਾਂ ਦੇ ਮੁਕਾਬਲੇ ਸ਼ਹਿਰਾਂ ਵਿੱਚ ਇਸ ਦਾ ਕਹਿਰ ਵਧੇਰੇ ਹੈ ਕਿਉਂਕਿ ਅਸੀਂ ਹਰ ਪਾਸੇ ਕੰਕਰੀਟ ਦੇ ਜੰਗਲ ਉਸਾਰ ਲਏ ਹਨ। ਸ਼ਹਿਰਾਂ ਦੇ ਆਲੇ ਦੁਆਲੇ ਅਤੇ ਪਿੰਡਾਂ ਵਿੱਚ ਕਈ ਵਾਰ ਦੂਰ ਤੱਕ ਕੋਈ ਦਰੱਖ਼ਤ ਨਜ਼ਰ ਨਹੀਂ ਆਉਂਦਾ। ਆਲਮੀ ਪੱਧਰ ’ਤੇ ਵੀ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਗਲੇਸ਼ੀਅਰ ਪਿਘਲ ਰਹੇ ਹਨ। ਵਾਤਾਵਰਨ ਵਿੱਚ ਤਿੱਖੀਆਂ ਤਬਦੀਲੀਆਂ ਆਖਿ਼ਰਕਾਰ ਅਜਿਹੀਆਂ ਕੁਦਰਤੀ ਆਫ਼ਤਾਂ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਵਧਦੇ ਤਾਪਮਾਨ ਦੇ ਪੱਕੇ ਹੱਲ ਲਈ ਕਈ ਮੰਚਾਂ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ ਪਰ ਇਸ ਪਾਸੇ ਅਜੇ ਤਸੱਲੀ ਬਖ਼ਸ਼ ਕਾਮਯਾਬੀ ਨਹੀਂ ਮਿਲ ਸਕੀ ਹੈ। ਉਂਝ, ਸਥਾਨਕ ਪੱਧਰ ’ਤੇ ਵੀ ਕਈ ਖ਼ਾਮੀਆਂ ਹਨ ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਨਵੀਆਂ ਉਸਾਰੀਆਂ ਜਾ ਰਹੀਆਂ ਕਲੋਨੀਆਂ ਵਸਾਉਣ ਵੇਲੇ ਢੁਕਵੀਂ ਯੋਜਨਾਬੰਦੀ ਨਾ ਕੀਤੇ ਜਾਣ ਕਾਰਨ ਸਾਡੇ ਸ਼ਹਿਰ ਤੰਦੂਰ ਵਾਂਗ ਤਪਣ ਲੱਗੇ ਹਨ। ਸੜਕਾਂ ਚੌੜੀਆਂ ਕਰਨ ਲਈ ਦਰੱਖ਼ਤਾਂ ਦੀ ਹਰੀ ਪੱਟੀ ਛਾਂਗ ਦਿੱਤੀ ਗਈ ਜਾਂ ਖ਼ਤਮ ਕਰ ਦਿੱਤੀ ਗਈ ਹੈ। ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸਥਿਤੀ ਆਉਣ ਵਾਲੇ ਸਮਿਆਂ ਵਿੱਚ ਹੋਰ ਖ਼ਰਾਬ ਹੋਵਗੀ ਤੇ ਪਾਰਾ ਹੋਰ ਉੱਤੇ ਚੜ੍ਹੇਗਾ। ਇਹ ਚਿਤਾਵਨੀ ਸਾਡੇ ਲਈ ਅੱਖਾਂ ਖੋਲ੍ਹਣ ਵਾਲੀ ਹੈ ਤੇ ਲੋਕਾਂ ਨੂੰ ਗਰਮੀ ਦੇ ਵਧਦੇ ਕਹਿਰ ਤੋਂ ਬਚਾਉਣ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×