ਗਰਮੀ ਦਾ ਕਹਿਰ: ਪਾਣੀ ਦੇ ਤਿਹਾਏ ਲੋਕ ਸੜਕਾਂ ’ਤੇ ਆਏ
ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਜੂਨ
ਕਹਿਰ ਦੀ ਗਰਮੀ ’ਚ ਪਿਛਲੇ ਇੱਕ ਮਹੀਨੇ ਤੋਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਸ਼ਹਿਰ ਦੇ ਸੰਤ ਨਗਰ ਦੇ ਵਸਨੀਕਾਂ ਵੱਲੋਂ ਅੱਜ ਇਥੇ ਦਿੱਲੀ-ਲੁਧਿਆਣਾ ਕੌਮੀ ਹਾਈਵੇਅ ’ਤੇ ਰੋਸ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ। ਸਿਖ਼ਰ ਦੁਪਹਿਰੇ ਅੰਤਾਂ ਦੀ ਗਰਮੀ ’ਚ ਕੌਮੀ ਹਾਈਵੇਅ ਉਪਰ ਟਰਾਲਾ ਖੜ੍ਹਾ ਕਰਦਿਆਂ ਰੋਸ ਧਰਨਾ ਲਾ ਦਿੱਤਾ ਅਤੇ ਲੋਕਾਂ ਵੱਲੋਂ ਪੰਜਾਬ ਸਰਕਾਰ, ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਦੌਰਾਨ ਮਹਿਲਾਂ ਰੋਡ ਸਥਿਤ ਸੰਤ ਨਗਰ ਦੇ ਵਸਨੀਕ ਬਲਵਿੰਦਰ ਸਿੰਘ, ਪਰਮਜੀਤ ਕੌਰ, ਗੁਰਮੀਤ ਕੌਰ, ਮਲਕੀਤ ਕੌਰ, ਬਬੀਤਾ ਰਾਣੀ, ਸੁਨੀਤਾ ਰਾਣੀ ਅਤੇ ਪਰਮਿੰਦਰ ਕੌਰ ਨੇ ਦੱਸਿਆ ਕਿ ਸੰਤ ਨਗਰ ਦੇ ਵਸਨੀਕ ਪਿਛਲੇ ਕਰੀਬ ਇੱਕ ਮਹੀਨੇ ਤੋਂ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਹੇ ਹਨ। ਕਹਿਰ ਦੀ ਗਰਮੀ ਪੈ ਰਹੀ ਹੈ ਅਤੇ ਤਾਪਮਾਨ ਲਗਾਤਾਰ ਵਧ ਰਿਹਾ ਹੈ ਪਰੰਤੂ ਲੋਕਾਂ ਨੂੰ ਪਾਣੀ ਨਸੀਬ ਨਹੀਂ ਹੋ ਰਿਹਾ। ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਨਿੱਤ ਦਿਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪਾਣੀ ਲਈ ਇਧਰ-ਉਧਰ ਰੋਜ਼ਾਨਾ ਭਟਕਣਾ ਅਤੇ ਖੱਜਲ ਖੁਆਰ ਹੋਣਾ ਪੈਂਦਾ ਹੈ ਅਤੇ ਦੂਰ-ਦਰਾਡੇ ਇਲਾਕੇ ਤੋਂ ਪਾਣੀ ਲਿਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੀਣ ਲਈ ਪਾਣੀ ਦੇ ਕੈਂਪਰ ਖਰੀਦ ਕੇ ਡੰਗ ਸਾਰਿਆ ਜਾ ਰਿਹਾ ਹੈ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਅਨੇਕਾਂ ਵਾਰ ਹਲਕਾ ਵਿਧਾਇਕ ਦੇ ਦਫ਼ਤਰ ਗੇੜੇ ਮਾਰ ਚੁੱਕੇ ਹਾਂ। ਪ੍ਰਸ਼ਾਸ਼ਨ , ਵਾਟਰ ਸਪਲਾਈ ਅਤੇ ਨਗਰ ਕੌਂਸਲ ਵਲੋਂ ਵੀ ਪਾਣੀ ਦੀ ਸਪਲਾਈ ਲਈ ਕੁੱਝ ਨਹੀਂ ਕੀਤਾ ਜਿਸ ਕਾਰਨ ਲੋਕਾਂ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਪੁੱਜੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਤਹਿਸੀਲਦਾਰ ਵਲੋਂ ਤੁਰੰਤ ਨਗਰ ਕੌਂਸਲ ਦੇ ਈ.ਓ. ਨੂੰ ਜਲਦ ਪਾਣੀ ਦੀ ਸਪਲਾਈ ਬਹਾਲ ਕਰਵਾਉਣ ਅਤੇ ਟੈਂਕਰ ਭੇਜ ਕੇ ਪਾਣੀ ਦੀ ਜ਼ਰੂਰਤ ਪੂਰੀ ਕਰਨ ਦੀ ਹਦਾਇਤ ਕੀਤੀ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 19 ਜੂਨ ਤੱਕ ਪਾਣੀ ਦੀ ਸਪਲਾਈ ਬਹਾਲ ਨਾ ਹੋਈ ਤਾਂ ਕੌਮੀ ਹਾਈਵੇਅ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਜਾਵੇਗਾ।