ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਰਮੀ ਦਾ ਕਹਿਰ: ਮਾਲਵੇ ਵਿੱਚ ਫਿਜ਼ਾ ਨੂੰ ਝੁਲਸਾਉਣ ਲੱਗੀ ਲੂ

07:49 AM May 30, 2024 IST
ਬਠਿੰਡਾ ਵਿਚ ਬੁੱਧਵਾਰ ਨੂੰ ਆਪਣੇ ਸਿਰ ਵਿੱਚ ਪਾਣੀ ਪਾ ਕੇ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰਦਾ ਹੋਇਆ ਇਕ ਨੌਜਵਾਨ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 29 ਮਈ
ਪਿਛਲੇ ਕਾਫੀ ਦਿਨਾਂ ਤੋਂ ਅੱਗ ਵਾਂਗ ਵਰ੍ਹਦੀ ਲੂ ਅੱਜ ਵੀ ਪੂਰਾ ਦਿਨ ਫ਼ਿਜ਼ਾ ਨੂੰ ਝੁਲਸਾਉਂਦੀ ਰਹੀ। ਬਠਿੰਡਾ ’ਚ ਅੱਜ ਦਿਨ ਦਾ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਮੁਤਾਬਿਕ 31 ਮਈ ਤੋਂ ਪਾਰੇ ’ਚ ਕਰੀਬ 2 ਡਿਗਰੀ ਸੈਂਟੀਗ੍ਰੇਡ ਦੀ ਗਿਰਾਵਟ ਆਵੇਗੀ ਜਿਸ ਨਾਲ ਮਾਮੂਲੀ ਰਾਹਤ ਮਿਲਣ ਦੇ ਆਸਾਰ ਹਨ। ਮਾਹਿਰਾਂ ਮੁਤਾਬਕ 30 ਜਾਂ 31 ਮਈ ਨੂੰ ਇਕ ਕਮਜ਼ੋਰ ਪੱਛਮੀ ਗੜਬੜੀ ਆਉਣ ਦੀ ਉਮੀਦ ਹੈ। ਇਸ ਨਾਲ ਗਰਜ ਨਾਲ ਕਿਤੇ-ਕਿਤੇ ਛਿੱਟੇ ਪੈ ਸਕਦੇ ਹਨ। ਇਸ ਤੋਂ ਇਲਾਵਾ ਬਹੁਤੇ ਥਾਈਂ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਤੋਂ ਅਸਥਾਈ ਰਾਹਤ ਮਿਲੇਗੀ। 5-6 ਜੂਨ ਨੂੰ ਇਕ ਹੋਰ ਪੱਛਮੀ ਗੜਬੜੀ ਪੰਜਾਬ ਵਿੱਚ ਕਾਰਵਾਈ ਕਰ ਸਕਦੀ ਹੈ। ਇਸ ਬਾਰੇ ਪੁਖ਼ਤਾ ਅੰਦਾਜ਼ਾ 1-2 ਜੂਨ ਨੂੰ ਲੱਗ ਸਕੇਗਾ। ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਸੰਭਵ ਹੋ ਸਕੇ ਲੂ ਦੇ ਸੰਪਰਕ ਵਿੱਚ ਆਉਣ ਤੋਂ ਪ੍ਰਹੇਜ਼ ਕੀਤਾ ਜਾਵੇ। ਦਿਨ ਵੇਲੇ ਬਿਨਾਂ ਜ਼ਰੂਰੀ ਕੰਮ ਤੋਂ ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚਿਆ ਜਾਵੇ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਕਿਸਾਨ ਲੋੜੀਂਦਾ ਪਾਣੀ ਦਿੰਦੇ ਰਹਿਣ।
ਗਰਮੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਔਸਤਨ ਤਾਪਮਾਨ 45-46 ਡਿਗਰੀ ਸੈਲਸੀਅਸ ਤੱਕ ਪੁੱਜ ਚੁੱਕਾ ਹੈ। ਵੱਧ ਦੇ ਹੋਏ ਤਾਪਮਾਨ ਦਾ ਪਸ਼ੂਆਂ ਦੀ ਸਿਹਤ ਉੱਪਰ ਬੁਰਾ ਪ੍ਰਾਭਾਵ ਪੈਂਦਾ ਹੈ।
ਇਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਮਾਹਿਰ ਵਿਗਿਆਨੀ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਪਸ਼ੂ ਪਾਲਕਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਪਸ਼ੂਆਂ ਲਈ ਲਗਾਤਾਰ ਠੰਢੇ ਪਾਣੀ ਦਾ ਇੰਤਜ਼ਾਮ ਕਰਨ, ਪਸ਼ੂਆਂ ਨੂੰ ਛਾਂ ਥੱਲੇ ਰੱਖਣ, ਤਾਜ਼ੇ ਪਾਣੀ ਤੇ ਖੁਰਾਕੀ ਮਾਤਰਾ ਵਿੱਚ ਪ੍ਰੋਟੀਨ ਅਤੇ ਊਰਜਾ ਦੀ ਬਹੁਤਾਤ ਰੱਖਣ, ਹਰਾ ਚਾਰਾ ਖੁੱਲ੍ਹੀ ਮਾਤਰਾ ਵਿੱਚ ਧਾਰਾਂ ਕੱਢਣ ਤੋਂ ਬਾਅਦ ਪਾਉਣ। ਧਾਰਾਂ ਠੰਢੇ ਪਹਿਰ ਕੱਢ ਲਈਆਂ ਜਾਣ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਵਾਰ-ਵਾਰ ਨੁਹਾਉਣਾ ਚਾਹੀਦਾ ਹੈ ਜਾਂ ਸ਼ੈੱਡ ਅੰਦਰ ਫ਼ੁਆਰੇ ਆਦਿ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਗਰਮੀ ਦਾ ਪ੍ਰਕੋਪ ਘਟਾਉਣ ਲਈ ਵਿਟਾਮਿਨ ਏ, ਡੀ, ਸੀ ਅਤੇ ਬੀ ਕੰਪਲੈਕਸ ਦੀ ਮਾਤਰਾ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਮੁਰਗੀਆਂ ਲਈ ਤਾਜ਼ਾ ਪਾਣੀ 24 ਘੰਟੇ ਉਪਲੱਬਧ ਰਹਿਣਾ ਚਾਹੀਦਾ ਹੈ। ਮੁਰਗੀਆਂ ਨੂੰ ਖੁਰਾਕ ਸਵੇਰੇ ਜਲਦੀ ਅਤੇ ਰਾਤ ਦੇ ਸਮੇਂ ਜਦੋਂ ਮੌਸਮ ਠੰਡਾ ਹੋ ਜਾਵੇ ਤਦ ਪਾਉਣੀ ਚਾਹੀਦੀ ਹੈ।

Advertisement

Advertisement