ਸਕੂਲਾਂ ਵਿੱਚ ਸਮਰ ਕੈਂਪ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਜੁਲਾਈ
ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਤੋਂ ਖੁੱਲ੍ਹੇ ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ 15 ਜੁਲਾਈ ਤੱਕ ਬੱਚਿਆਂ ਵਿੱਚ ਸਿਰਜਣਾਤਮਕ ਅਤੇ ਕਲਾਤਮਕ ਗੁਣ ਪੈਦਾ ਕਰਨ ਲਈ ਸਮਰ ਕੈਂਪਾਂ ਦੀ ਸ਼ੁਰੂਆਤ ਕੀਤੀ ਹੈ। ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਵੀ ਇਸ ਦੇ ਮੱਦੇਨਜ਼ਰ ਪੁਖਤਾ ਇੰਤਜਾਮ ਕੀਤੇ ਗਏ ਹਨ।
ਸੰਗਰੂਰ ਬਲਾਕ ਦੇ ਸਕੂਲਾਂ ਵਿੱਚ ਚੱਲ ਰਹੇ ਸਮਰ ਕੈਂਪਾਂ ਦਾ ਦੌਰਾ ਕਰਨ ਪੁੱਜੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸ਼ਿਵ ਰਾਜ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਜਿੱਥੇ ਸਕੂਲਾਂ ਦੀ ਚੈਕਿੰਗ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਉੱਥੇ ਅਧਿਆਪਕਾਂ ਨੂੰ ਵੀ ਲੋਡ਼ੀਂਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬੱਚਿਆਂ ਲਈ ਵਿਭਾਗ ਵੱਲੋਂ ਰਚਨਾਤਮਕ ਕਾਰਜ ਲਈ ਸਾਰੇ ਸਕੂਲਾਂ ਨੂੰ ਸਮਗਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਰਕਾਰ ਦਾ ਵਧਿਆ ਉਪਰਾਲਾ ਹੈ, ਇਸ ਨਾਲ ਜਿੱਥੇ ਬੱਚਿਆਂ ਵਿੱਚ ਹੱਥੀ ਕੁਝ ਸਿੱਖਣ ਦੀ ਪ੍ਰੇਰਨਾ ਪੈਦਾ ਹੋਵੇਗੀ, ਉਥੇ ਉਨ੍ਹਾਂ ਵਿੱਚ ਪੜ੍ਹਨ ਪ੍ਰਤੀ ਵੀ ਰੁਚੀ ਵਿਕਸਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਢਾਂਚਾਗਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਤੇ ਨਾਲ ਨਾਲ ਬੱਚਿਆਂ ਨੂੰ ਆਧੁਨਿਕ ਢੰਗਾਂ ਨਾਲ ਸਿੱਖਿਆ ਨਾਲ ਜੋੜ ਰਹੀ ਹੈ, ਉਹ ਦਿਨ ਦੂਰ ਨਹੀਂ ਜਦ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਦੇਣਗੇ।
ਵਿਗਿਆਨ ਦੇ ਪ੍ਰਯੋਗ ਸਿਖਾਏ
ਲਹਿਰਾਗਾਗਾ: ਸਰਕਾਰੀ ਹਾਈ ਸਕੂਲ ਖੰਡੇਬਾਦ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਮਰ ਕੈਂਪ ਲਗਾਇਆ ਗਿਆ। ਇਸ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਕਾਲਜ ਬੁਢਲਾਡਾ ਦੇ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਨਾਲ ਸਬੰਧਤ ਪ੍ਰਯੋਗਾਂ ਨੂੰ ਬਹੁਤ ਹੀ ਰੌਚਿਕ ਢੰਗ ਨਾਲ ਸਿਖਾਇਆ ਗਿਆ। ਉਨ੍ਹਾਂ ਕਿਹਾ ਕਿ ਸਾਇੰਸ ਵਿਸ਼ੇ ਨੂੰ ਰੌਚਕ ਬਣਾਉਣ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਆਰਟ ਕਰਾਫ਼ਟ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਸਕੂਲ ਮੁਖੀ ਅਰੁਣ ਗਰਗ, ਐਚਟੀ ਰਮਨਜੀਤ, ਕੈਂਪ ਕੋਆਰਡੀਨੇਟਰ ਕੰਵਲਜੀਤ ਕੌਰ, ਰਾਜ ਰਾਣੀ, ਮੱਖਣ ਸਿੰਘ ਮਨਜੀਤ ਸਿੰਘ, ਗੁਰਸੇਵ ਸਿੰਘ ਤੇ ਲਲਿਤ ਗਰਗ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ