ਸੰਖੇਪ
ਵਿਦਿਆਰਥਣ ਦੀ ਲਾਸ਼ ਬਰਾਮਦ
ਅੰਬਾਲਾ: ਲਾਪਤਾ ਹੋਈ ਨਾਬਾਲਗ ਵਿਦਿਆਰਥਣ ਦੀ ਲਾਸ਼ ਨਰਵਾਣਾ ਬ੍ਰਾਂਚ ਨਹਿਰ ਵਿੱਚੋਂ ਬਰਾਮਦ ਹੋਈ ਹੈ। ਉਹ 22-23 ਜੂਨ ਦੀ ਰਾਤ ਇੱਕ ਵਜੇ ਇਸਮਾਈਲਪੁਰ ਆਪਣੇ ਘਰੋਂ ਲਾਪਤਾ ਹੋਈ ਸੀ। ਪੁਲੀਸ ਨੇ ਪੋਸਟ ਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਇਸਮਾਈਲਪੁਰ ਨਿਵਾਸੀ ਸਲਿੰਦਰ ਕੁਮਾਰ ਨੇ ਨੱਗਲ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੀ ਬੇਟੀ ਸੁਸ਼ਮਾ ਦੇਵੀ (17) 12ਵੀਂ ਪਾਸ ਕਰਨ ਮਗਰੋਂ ਭੁੜੰਗਪੁਰ ਦੇ ਸੀਐੱਸਸੀ ਸੈਂਟਰ ਵਿੱਚ ਕੰਪਿਊਟਰ ਦਾ ਕੋਰਸ ਕਰ ਰਹੀ ਸੀ। ਬੀਤੇ ਦਿਨੀਂ ਰਾਤ ਨੂੰ ਉਹ ਲਾਪਤਾ ਹੋ ਗਈ ਸੀ। ਤਲਾਸ਼ ਕਰਨ ‘ਤੇ ਉਸ ਦੀਆਂ ਚੱਪਲਾਂ ਐੱਸਵਾਈਐੱਲ ਨਹਿਰ ਮਲੌਰ ਪੁਲ ਤੋਂ ਮਿਲੀਆਂ ਹਨ। ਨੱਗਲ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ। -ਨਿੱਜੀ ਪੱਤਰ ਪ੍ਰੇਰਕ
ਅਣਪਛਾਤੀ ਲਾਸ਼ ਮਿਲੀ
ਜ਼ੀਰਕਪੁਰ: ਇਥੋਂ ਦੀ ਜਰਨੈਲ ਐਨਕਲੇਵ ਫੇਜ਼-2 ਤੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਪੜਤਾਲੀਆ ਅਫ਼ਸਰ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 30 ਸਾਲ ਦੇ ਕਰੀਬ ਜਾਪ ਰਹੀ ਹੈ। ਮ੍ਰਿਤਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ 72 ਘੰਟਿਆਂ ਲਈ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ
ਕਰੰਟ ਲੱਗਣ ਕਾਰਨ ਵਿਆਹੁਤਾ ਦੀ ਮੌਤ
ਅੰਬਾਲਾ: ਸ਼ਾਹਜ਼ਾਦਪੁਰ ਥਾਣੇ ਅਧੀਨ ਕੋਰਬਾ ਖ਼ੁਰਦ ਪਿੰਡ ਵਿੱਚ ਛੱਤ ‘ਤੇ ਕੱਪੜੇ ਸੁੱਕਣੇ ਪਾਉਣ ਮੌਕੇ ਮਹਿਲਾ ਦੀ ਕਰੰਟ ਲੱਗਣ ਨਾਲ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਪਤਨੀ ਪ੍ਰਵੀਨ ਉਰਫ਼ ਕਾਕਾ ਵਜੋਂ ਹੋਈ ਹੈ। ਪੇਕੇ ਪਰਿਵਾਰ ਨੂੰ ਮੌਤ ਦੀ ਸੂਚਨਾ ਦੇਣ ਤੋਂ ਬਾਅਦ ਪਤੀ ਤੇ ਸਹੁਰਾ ਘਰੋਂ ਗ਼ਾਇਬ ਹੋ ਗਏ। ਸਹੁਰੇ ਘਰ ਪਹੁੰਚੇ ਪੇਕਾ ਪਰਿਵਾਰ ਨੇ ਆਪਣੀ ਧੀ ਦੀ ਮੌਤ ‘ਤੇ ਸਵਾਲ ਉਠਾਏ। ਸੂਚਨਾ ਮਿਲਣ ਤੇ ਸ਼ਾਹਜ਼ਾਦਪੁਰ ਪੁਲੀਸ ਘਟਨਾ ਸਥਾਨ ‘ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਵਿੱਚ ਜੁੱਟ ਗਈ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਮਨਪ੍ਰੀਤ ਕੌਰ ਛੱਤ ‘ਤੇ ਕੱਪੜੇ ਸੁੱਕਣੇ ਪਾਉਣ ਗਈ ਸੀ। ਲੜਕੀ ਦੇ ਪੇਕਾ ਪਰਿਵਾਰ ਨੇ ਉਸ ਦੇ ਸਹੁਰਾ ਪਰਿਵਾਰ ‘ਤੇ ਸਵਾਲ ਉਠਾਏ ਅਤੇ ਮਨਪ੍ਰੀਤ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ । -ਨਿੱਜੀ ਪੱਤਰ ਪ੍ਰੇਰਕ