ਸੁਮੇਰ ਪ੍ਰਤਾਪ ਸਿੰਘ ਹੋਣਗੇ ਚੰਡੀਗੜ੍ਹ ਦੇ ਨਵੇਂ ਐੱਸਐੱਸਪੀ ਸੁਰੱਖਿਆ ਤੇ ਆਵਾਜਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਫਰਵਰੀ
ਚੰਡੀਗੜ੍ਹ ਨੂੰ ਤਿੰਨ ਮਹੀਨਿਆਂ ਬਾਅਦ ਨਵਾਂ ਐੱਸਐੱਸਪੀ ਸੁਰੱਖਿਆ ਅਤੇ ਆਵਾਜਾਈ ਮਿਲ ਗਿਆ ਹੈ। ਕੇਂਦਰ ਸਰਕਾਰ ਵੱਲੋਂ ਹਰਿਆਣਾ ਕਾਡਰ ਦੇ ਸਾਲ 2012 ਦੇ ਆਈਪੀਐੱਸ ਅਧਿਕਾਰੀ ਸੁਮੇਰ ਪ੍ਰਤਾਪ ਸਿੰਘ ਨੂੰ ਚੰਡੀਗੜ੍ਹ ਦਾ ਨਵਾਂ ਐੱਸਐੱਸਪੀ ਸੁਰੱਖਿਆ ਅਤੇ ਆਵਾਜਾਈ ਲਗਾਇਆ ਗਿਆ ਹੈ। ਕੇਂਦਰ ਸਰਕਾਰ ਨੇ ਹਰਿਆਣਾ ਕਾਰਡ ਦੇ ਆਈਪੀਐੱਸ ਅਧਿਕਾਰੀ ਸੁਮੇਰ ਪ੍ਰਤਾਪ ਸਿੰਘ ਨੂੰ ਤਿੰਨ ਸਾਲਾਂ ਲਈ ਚੰਡੀਗੜ੍ਹ ਵਿੱਚ ਡੈਪੂਟੇਸ਼ਨ ’ਤੇ ਭੇਜਿਆ ਹੈ। ਉਹ ਜਲਦ ਹੀ ਚੰਡੀਗੜ੍ਹ ਵਿੱਚ ਆਪਣਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਉਹ ਪੰਚਕੂਲਾ ਵਿੱਚ ਬਤੌਰ ਡੀਸੀਪੀ ਤਾਇਨਾਤ ਸਨ।
ਦੱਸਣਯੋਗ ਹੈ ਕਿ ਪਹਿਲਾਂ ਚੰਡੀਗੜ੍ਹ ਵਿੱਚ ਹਰਿਆਣਾ ਕਾਡਰ ਦੀ ਆਈਪੀਐੱਸ ਅਧਿਕਾਰੀ ਮਨੀਸ਼ਾ ਚੌਧਰੀ ਐੱਸਐੱਸਪੀ ਸੁਰੱਖਿਆ ਤੇ ਆਵਾਜਾਈ ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਨੂੰ 20 ਨਵੰਬਰ 2023 ਨੂੰ ਹਰਿਆਣਾ ਸਰਕਾਰ ਨੇ ਵਾਪਸ ਬੁਲਾ ਲਿਆ ਸੀ। ਉਸ ਤੋਂ ਬਾਅਦ ਤਿੰਨ ਮਹੀਨਿਆਂ ਤੋਂ ਚੰਡੀਗੜ੍ਹ ’ਚ ਇਹ ਅਹੁਦਾ ਖਾਲੀ ਚੱਲ ਰਿਹਾ ਸੀ। ਪਰ ਹੁਣ ਕੇਂਦਰ ਸਰਕਾਰ ਨੇ ਹਰਿਆਣਾ ਕਾਡਰ ਦੇ ਸਾਲ 2012 ਦੇ ਆਈਪੀਐੱਸ ਅਧਿਕਾਰੀ ਸੁਮੇਰ ਪ੍ਰਤਾਪ ਸਿੰਘ ਨੂੰ ਚੰਡੀਗੜ੍ਹ ਦਾ ਨਵਾਂ ਐੱਸਐੱਸਪੀ ਸੁਰੱਖਿਆ ਤੇ ਆਵਾਜਾਈ ਨਿਯੁਕਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਐੱਸਐੱਸਪੀ ਸੁਰੱਖਿਆ ਅਤੇ ਆਵਾਜਾਈ ਦਾ ਅਹੁਦਾ ਹਰਿਆਣਾ ਕਾਰਡ ਦੇ ਆਈਪੀਐੱਸ ਅਧਿਕਾਰੀ ਲਈ ਰਾਖਵਾਂ ਰੱਖਿਆ ਹੋਇਆ ਹੈ।