ਸੁਮਨ ਸੈਣੀ ਵੱਲੋਂ ਕੁਰੂਕਸ਼ੇਤਰ ਤੋਂ ਪ੍ਰਯਾਗਰਾਜ ਬੱਸ ਸੇਵਾ ਨੂੰ ਹਰੀ ਝੰਡੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਫਰਵਰੀ
ਹਰਿਆਣਾ ਰਾਜ ਬਾਲ ਕਲਿਆਣ ਪ੍ਰੀਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਕਿਹਾ ਕਿ ਲਾਡਵਾ ਵਿਧਾਨ ਸਭਾ ਹਲਕਾ ਹਰਿਆਣਾ ਵਿੱਚ ਸਹੂਲਤਾਂ ਦੇ ਮਾਮਲੇ ਵਿੱਚ ਵੱਖਰੀ ਪਛਾਣ ਬਣਾਏਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਹਲਕੇ ਦੇ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ, ਮੰਗਾਂ, ਸਿਹਤ, ਸਿਖਿਆ ਤੇ ਖੇਡਾਂ ਵਿਚ ਉੱਚ ਪੱਧਰੀ ਸਹੂਲਤਾਂ ਦੇਣ ਲਈ 24 ਘੰਟੇ ਕੰਮ ਕਰ ਰਹੇ ਹਨ। ਮੁੱਖ ਮੰਤਰੀ ਦੀ ਪਤਨੀ ਸੁਮਨ ਸੈਣੀ ਅੱਜ ਲਾਡਵਾ ਬੱਸ ਅੱਡੇ ’ਤੇ ਹਰਿਆਣਾ ਰੋਡਵੇਜ਼ ਵਿਭਾਗ ਕੁਰੂਕਸ਼ੇਤਰ ਵੱਲੋਂ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਲਾਡਵਾ ਤੋਂ ਪ੍ਰਯਾਗਰਾਜ ਤਕ ਬੱਸ ਸੇਵਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸੁਮਨ ਸੈਣੀ ਨੇ ਸ਼ਰਧਾਲੂਆਂ ਨਾਲ ਗਲੱਬਾਤ ਕਰਦਿਆਂ ਉਨ੍ਹਾਂ ਨੂੰ ਮਹਾਂ ਕੁੰਭ ਦੀ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣੇਗੀ। ਭਾਜਪਾ ਹੀ ਆਮ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਰ ਸੂਬੇ ਵਿਚ ਭਾਜਪਾ ਦੀ ਸਰਕਾਰ ਹੋਵੇਗੀ ਤੇ ਲੋਕਾਂ ਦਾ ਜੀਵਨ ਸੁਖਾਲਾ ਹੋਵੇਗਾ। ਮਗਰੋਂ ਮੀਡੀਆ ਨਾਲ ਗਲੱਬਾਤ ਕਰਦਿਆਂ ਮੁੱਖ ਮੰਤਰੀ ਦੀ ਪਤਨੀ ਸੁਮਨ ਸੈਣੀ ਨੇ ਕਿਹਾ ਕਿ ਲਾਡਵਾ ਤੋਂ ਪ੍ਰਯਾਗਰਾਜ ਤਕ ਦੀ ਸੇਵਾ ਨਾਲ ਲਾਡਵਾ ਨੂੰ ਹੀ ਨਹੀਂ ਸਗੋਂ ਆਸ ਪਾਸ ਦੇ ਹੋਰ ਇਲਾਕਿਆਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਰ ਪਲ ਲਾਡਵਾ ਦੇ ਵਿਕਾਸ ਬਾਰੇ ਸੋਚਦੇ ਹਨ ਤੇ ਆਉਣ ਵਾਲੇ ਸਮੇਂ ਵਿਚ ਕਈ ਵਿਕਾਸ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਭਾਜਪਾ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁੱਖ ਮੰਤਰੀ ਦਫਤਰ ਦੇ ਇੰਚਾਰਜ ਕੈਲਾਸ਼ ਸੈਣੀ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਜ਼ਿਲ੍ਹਾ ਪ੍ਰਧਾਨ ਸਾਕਸ਼ੀ ਖੁਰਾਣਾ ਤੇ ਐੱਸਡੀਐੱਮ ਪੰਕਜ ਸੇਤੀਆ ਮੌਜੂਦ ਸਨ।
ਸੌ ਦਿਨਾਂ ’ਚ ਪਿਹੋਵਾ ਹਲਕੇ ਨੂੰ ਦਿੱਤੀ ਕਰੋੜਾਂ ਦੀ ਸੌਗਾਤ: ਸੁਮਨ ਸੈਣੀ
ਪਿਹੋਵਾ (ਸਤਪਾਲ ਰਾਮਗੜ੍ਹੀਆ): ਹਰਿਆਣਾ ਬਾਲ ਭਲਾਈ ਪ੍ਰੀਸ਼ਦ ਦੀ ਮੀਤ ਪ੍ਰਧਾਨ ਅਤੇ ਮੁੱਖ ਮੰਤਰੀ ਨਾਇਬ ਸੈਣੀ ਦੀ ਪਤਨੀ ਸੁਮਨ ਸੈਣੀ ਨੇ ਕਿਹਾ ਕਿ ਪਿਹੋਵਾ ਦੀ ਪਵਿੱਤਰ ਧਰਤੀ ਤੋਂ ਉਨ੍ਹਾਂ ਦੇ ਪਤੀ ਨੂੰ ਲੋਕ ਸਭਾ ਮੈਂਬਰ ਵਜੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੈਣੀ ਦਾ ਪਿਹੋਵਾ ਨਾਲ ਖਾਸ ਲਗਾਅ ਹੈ। ਪਿਹੋਵਾ ਤੀਰਥ ਨਗਰੀ ਦੇ ਲੋਕਾਂ ਨੇ ਪਿਆਰ ਅਤੇ ਸਮਰਥਨ ਦੇ ਰੂਪ ਵਿੱਚ ਆਪਣਾ ਆਸ਼ੀਰਵਾਦ ਦਿੱਤਾ ਜਿਸ ਕਾਰਨ ਨਾਇਬ ਸੈਣੀ ਰਾਜ ਦੇ ਮੁੱਖ ਮੰਤਰੀ ਬਣੇ। ਸੁਮਨ ਸੈਣੀ ਕੁਰੂਕਸ਼ੇਤਰ ਰੋਡ ਸਥਿਤ ਭਾਜਪਾ ਦਫਤਰ ਵਿੱਚ ਸਨਮਾਨ ਪ੍ਰੋਗਰਾਮ ਵਿੱਚ ਪੁੱਜੀ ਸੀ। ਇੱਥੇ ਪਹੁੰਚਣ ’ਤੇ ਭਾਜਪਾ ਆਗੂ ਜੈ ਭਗਵਾਨ ਸ਼ਰਮਾ (ਡੀਡੀ) ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨਾਇਬ ਸਿੰਘ ਸੈਣੀ ਨੇ ਆਪਣੇ 100 ਦਿਨਾਂ ਦੇ ਕਾਰਜਕਾਲ ਦੌਰਾਨ ਪਿਹੋਵਾ ਵਿਧਾਨ ਸਭਾ ਹਲਕੇ ਤੋਂ ਹੀ ਕੁਰੂਕਸ਼ੇਤਰ ਨੂੰ ਵਿਕਾਸ ਕਾਰਜਾਂ ਦਾ ਤੋਹਫ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਵਿਧਾਨ ਸਭਾ ਹਲਕੇ ਵਿੱਚ ਧੰਨਵਾਦ ਰੈਲੀ ਦੌਰਾਨ ਕਰੋੜਾਂ ਰੁਪਏ ਦੇ ਚਾਰ ਪ੍ਰਾਜੈਕਟਾਂ ਦੀ ਸੌਗਾਤ ਦੇ ਨਾਲ-ਨਾਲ ਪਿਹੋਵਾ ਦੀਆਂ ਸੜਕਾਂ, ਸ਼ਹਿਰ ਅਤੇ ਪਿੰਡ ਦੇ ਵਿਕਾਸ ਲਈ ਕਈ ਕਰੋੜ ਰੁਪਏ ਦੀ ਗ੍ਰਾਂਟ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਰਾਬਰ ਵਿਕਾਸ ਦੀ ਨੀਤੀ ’ਤੇ ਚੱਲ ਕੇ ਪੂਰੇ ਸੂਬੇ ਵਿੱਚ ਵਿਕਾਸ ਕਾਰਜ ਕਰਵਾ ਰਹੀ ਹੈ। ਸਾਰੀਆਂ ਪਾਰਟੀਆਂ ਇਸ ਗੱਲ ਦੀ ਖੋਜ ਕਰ ਰਹੀਆਂ ਹਨ ਕਿ ਭਾਜਪਾ ਵਰਕਰਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਕਿਸ ਤਾਕਤ ਨਾਲ ਲੜੀਆਂ। ਕਾਂਗਰਸ ਨੇ ਸੂਬੇ ਵਿੱਚ ਸਰਕਾਰ ਬਣਾਉਣ ਦਾ ਭਰਮ ਫੈਲਾਇਆ ਜਿਸ ਕਾਰਨ ਭਾਜਪਾ ਦੀਆਂ ਸੀਟਾਂ ਘੱਟ ਗਈਆਂ। ਉਨ੍ਹਾਂ ਕਿਹਾ ਕਿ ਪਿਹੋਵਾ ਦਾ ਸੰਪੂਰਨ ਵਿਕਾਸ ਜੈ ਭਗਵਾਨ ਸ਼ਰਮਾ ਦੀ ਅਗਵਾਈ ਹੇਠ ਹੀ ਹੋਵੇਗਾ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਰਾਣਾ, ਜ਼ਿਲ੍ਹਾ ਉਪ ਪ੍ਰਧਾਨ ਅਨੂ ਮਲਯਾਨ, ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਕੰਵਲਜੀਤ ਕੌਰ, ਨਗਰ ਪਾਲਿਕਾ ਪ੍ਰਧਾਨ ਆਸ਼ੀਸ਼ ਚੱਕਰਪਾਣੀ, ਮੰਡਲ ਪ੍ਰਧਾਨ ਪ੍ਰਿੰਸ ਮੰਗਲਾ, ਸਤੀਸ਼ ਸਿੰਗਲਾ, ਪਵਨ ਸ਼ਰਮਾ, ਗੈਰੀ ਰੰਧਾਵਾ ਅਤੇ ਹੋਰ ਬਹੁਤ ਸਾਰੇ ਭਾਜਪਾ ਵਰਕਰ ਮੌਜੂਦ ਸਨ।