For the best experience, open
https://m.punjabitribuneonline.com
on your mobile browser.
Advertisement

ਸੁਲਤਾਨਪੁਰ ਲੋਧੀ: ਗੁਰਦੁਆਰੇ ’ਤੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਤੇ ਪੁਲੀਸ ਵਿਚਾਲੇ ਗੋਲੀਬਾਰੀ ਦੌਰਾਨ ਹੋਮ ਗਾਰਡ ਦੀ ਮੌਤ

07:55 AM Nov 24, 2023 IST
ਸੁਲਤਾਨਪੁਰ ਲੋਧੀ  ਗੁਰਦੁਆਰੇ ’ਤੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਤੇ ਪੁਲੀਸ ਵਿਚਾਲੇ ਗੋਲੀਬਾਰੀ ਦੌਰਾਨ ਹੋਮ ਗਾਰਡ ਦੀ ਮੌਤ
ਨਿਹੰਗ ਗੁਰਦੁਆਰਾ ਛੱਡ ਕੇ ਜਾਂਦੇ ਹੋਏ। -ਫੋਟੋ: ਮਲਕੀਅਤ ਸਿੰਘ
Advertisement

* ਕਪੂਰਥਲਾ ਪ੍ਰਸ਼ਾਸਨ ਨੇ ਧਾਰਾ 145 ਤਹਿਤ ਵਿਵਾਦਤ ਥਾਂ ਖਾਲੀ ਕਰਵਾਈ

* ਹੋਮਗਾਰਡ ਮੁਲਾਜ਼ਮ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇਵੇਗੀ ਦੋ ਕਰੋੜ ਰੁਪਏ

ਦੇਸਰਾਜ/ਪਾਲ ਸਿੰਘ ਨੌਲੀ
ਸੁਲਤਾਨਪੁਰ ਲੋਧੀ/ਜਲੰਧਰ, 23 ਨਵੰਬਰ
ਇੱਥੋਂ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ’ਤੇ ਕਬਜ਼ੇ ਨੂੰ ਲੈ ਕੇ ਤੜਕਸਾਰ ਨਿਹੰਗਾਂ ਅਤੇ ਪੁਲੀਸ ਵਿਚਕਾਰ ਹੋਈ ਝੜਪ ਦੌਰਾਨ ਹੋਮਗਾਰਡ ਦੇ ਜਵਾਨ ਜਸਪਾਲ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਝੜਪ ’ਚ ਚਾਰ ਪੁਲੀਸ ਮੁਲਾਜ਼ਮ ਅਤੇ ਅਤੇ ਕੁਝ ਨਿਹੰਗ ਵੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਣਾਅ ਦਾ ਮਾਹੌਲ ਬਣਨ ਮਗਰੋਂ ਪੁਲੀਸ ਨੇ ਸਾਰਾ ਇਲਾਕਾ ਸੀਲ ਕਰ ਦਿੱਤਾ। ਇਸ ਮਗਰੋਂ ਬਾਬਾ ਬੁੱਢਾ ਦਲ ਨਿਹੰਗ ਸਿੰਘ ਮੁਖੀ ਬਾਬਾ ਮਾਨ ਸਿੰਘ ਅਤੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਹਾਲਾਤ ਸੁਖਾਵੇਂ ਬਣਾਉਣ ਲਈ ਤਕਰੀਬਨ ਤਿੰਨ ਘੰਟੇ ਤੱਕ ਮੀਟਿੰਗ ਹੋਈ। ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ, ਡੀਆਈਜੀ ਰਾਜਪਾਲ ਸਿੰਘ ਸੰਧੂ ਤੇ ਹੋਰ ਅਧਿਕਾਰੀਆਂ ਨੇ ਸਥਿਤੀ ਕਾਬੂ ਹੇਠ ਰੱਖਣ ਦਾ ਉਪਰਾਲਾ ਕੀਤਾ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸ਼ਾਂਤੀਪੂਰਬਕ ਮਨਾਇਆ ਜਾ ਸਕੇ।

Advertisement

ਮ੍ਰਿਤਕ ਹੋਮ ਗਾਰਡ ਜਸਪਾਲ ਸਿੰਘ ਦੀ ਪਤਨੀ ਨੂੰ ਦਿਲਾਸਾ ਦਿੰਦੇ ਹੋਏ ਡੀਜੀਪੀ ਅਰਪਿਤ ਸ਼ੁਕਲਾ। -ਫੋਟੋ: ਮਲਕੀਅਤ ਸਿੰਘ

ਮੀਟਿੰਗ ਮਗਰੋਂ ਨਿਹੰਗ ਸਿੰਘਾਂ ਵੱਲੋਂ ਡੇਰੇ ਨੂੰ ਖਾਲੀ ਕਰ ਦਿੱਤਾ ਗਿਆ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਮਗਾਰਡ ਦੇ ਮੁਲਾਜ਼ਮ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਅਤੇ ਬੀਮਾ ਕੰਪਨੀ ਦੋਵਾਂ ਵੱਲੋਂ ਇੱਕ-ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੀਟਿੰਗ ਮਗਰੋਂ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ 145 ਦੀ ਕਾਰਵਾਈ ਦਾ ਕਲੰਦਰਾ ਪੇਸ਼ ਕੀਤਾ ਗਿਆ ਹੈ ਅਤੇ ਇਸ ਜਗ੍ਹਾ ਤੇ ਦੋਵੇਂ ਧਿਰਾਂ ਦਾ ਕਬਜ਼ਾ ਹਟਾ ਕੇ ਇੱਕ ਰਿਸੀਵਰ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ਦੀ ਦੇਖ-ਰੇਖ ਰਿਸੀਵਰ ਖੁਦ ਕਰੇਗਾ ਅਤੇ ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਅਖੰਡ ਪਾਠ ਨਿਰੰਤਰ ਜਾਰੀ ਰਹਿਣਗੇ ਅਤੇ ਪੂਰੀ ਰਹਿਤ ਮਰਿਆਦਾ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਦੇ ਰੱਖ-ਰਖਾਅ ਲਈ ਤਹਿਸੀਲਦਾਰ ਨੂੰ ਰਿਸੀਵਰ ਨਿਯੁਕਤ ਕੀਤਾ ਜਾਵੇਗਾ ਜੋ ਪੂਰੀ ਤਰ੍ਹਾਂ ਨਾਲ ਇਸ ਦੀ ਦੇਖਭਾਲ ਕਰੇਗਾ ਜਿਸ ਵਿੱਚ ਪੁਲੀਸ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾਵੇਗਾ ਅਤੇ ਕਿਸੇ ਵੀ ਧਿਰ ਨੂੰ ਇੱਥੇ ਕਬਜ਼ਾ ਕਰਨ ਤੋਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਪਸੀ ਸਹਿਮਤੀ ਮਗਰੋਂ ਹੀ ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢਣ ’ਤੇ ਵਿਚਾਰ ਕੀਤਾ ਜਾਵੇਗਾ।

Advertisement

ਸੀਚੇਵਾਲ ਨੇ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਿਆ

ਸੁਲਤਾਨਪੁਰ ਦੇ ਗੁਰਦੁਆਰਾ ਅਕਾਲ ਬੁੰਗਾ ਵਿੱਚ ਗੋਲੀ ਚੱਲਣ ਦੀ ਘਟਨਾ ਦਾ ਪਤਾ ਲਗਦਿਆਂ ਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਜ਼ਖ਼ਮੀ ਪੁਲੀਸ ਜਵਾਨਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਇਸ ਘਟਨਾ ਵਿੱਚ ਮਾਰੇ ਗਏ ਜਸਪਾਲ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਦੋ ਨਿਹੰਗ ਜਥੇਬੰਦੀਆਂ ’ਚ ਚੱਲ ਰਿਹਾ ਸੀ ਟਕਰਾਅ

ਸੁਲਤਾਨਪੁਰ ਲੋਧੀ ਕਸਬਾ ਜਦੋਂ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਬਾਬੇ ਨਾਨਕ ਦੇ ਰੰਗ ਵਿੱਚ ਰੰਗਿਆ ਜਾ ਰਿਹਾ ਸੀ ਤਾਂ ਅੱਜ ਤੜਕੇ ਚਾਰ ਵਜੇ ਦੇ ਕਰੀਬ ਗੁਰਦੁਆਰਾ ਅਕਾਲ ਬੁੰਗਾ ਵਿੱਚ ਕਾਬਜ਼ 96 ਕਰੋੜੀ ਬਾਬਾ ਬੁੱਢਾ ਦਲ ਦੇ ਮੁਖੀ ਨਿਹੰਗ ਸਿੰਘ ਸੰਤ ਮਾਨ ਸਿੰਘ ਦੇ ਜਥੇ ਨੂੰ ਬਾਹਰ ਕੱਢਣ ਲਈ ਪੁਲੀਸ ਨੇ ਚੜ੍ਹਾਈ ਕਰ ਦਿੱਤੀ। ਦੋਹਾਂ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ ਦੌਰਾਨ ਹੋਮਗਾਰਡ ਦਾ ਮੁਲਾਜ਼ਮ ਮਾਰਿਆ ਗਿਆ। ਇਸ ਅਸਥਾਨ ’ਤੇ ਪਿਛਲੇ ਤਿੰਨ-ਚਾਰ ਸਾਲ ਤੋਂ ਨਿਹੰਗ ਸਿੰਘ ਬਾਬਾ ਬਲਬੀਰ ਸਿੰਘ ਦਾ ਕਬਜ਼ਾ ਚਲਿਆ ਆ ਰਿਹਾ ਸੀ। ਉਨ੍ਹਾਂ ਦੇ ਦੋ ਭਰੋਸੇ ਵਾਲੇ ਬੰਦੇ ਨਿਰਵੈਰ ਸਿੰਘ ਤੇ ਜਗਜੀਤ ਸਿੰਘ ਇਸ ਅਸਥਾਨ ਦੀ ਦੇਖਭਾਲ ਕਰਦੇ ਆ ਰਹੇ ਸਨ। ਜਾਣਕਾਰੀ ਅਨੁਸਾਰ ਤਿੰਨ ਸਾਲ ਪਹਿਲਾਂ ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਨੇ ਬਾਬਾ ਬਲਬੀਰ ਸਿੰਘ ਦਾ ਗੁਰਦੁਆਰਾ ਅਕਾਲ ਬੁੰਗਾ ’ਤੇ ਕਬਜ਼ਾ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਵਿੱਚ ਤਣਾਅ ਬਣਿਆ ਹੋਇਆ ਸੀ। ਪੁਲੀਸ ਅਤੇ ਸਿਵਲ ਪ੍ਰਸ਼ਾਸਨ ਇਸ ਝਗੜੇ ਨੂੰ ਨਿਪਟਾਉਣ ਵਿੱਚ ਲੱਗਾ ਹੋਇਆ ਸੀ। ਪ੍ਰਤੱਖਦਰਸ਼ੀਆਂ ਮੁਤਾਬਕ ਨਿਹੰਗ ਸਿੰਘਾਂ ਅਤੇ ਪੁਲੀਸ ਵਿਚਕਾਰ ਹੋਈ ਗੋਲੀਬਾਰੀ ਦੀਆਂ ਆਵਾਜ਼ ਦੂਰ-ਦੂਰ ਤੱਕ ਸੁਣਾਈ ਦੇ ਰਹੀਆਂ ਸਨ। ਕਪੂਰਥਲਾ ਦੀ ਐੱਸਐੱਸਪੀ ਵਤਸਲ ਗੁਪਤਾ ਨੇ ਦੱਸਿਆ ਕਿ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਯਤਨਾਂ ਸਦਕਾ ਇਹ ਮਸਲਾ ਹੱਲ ਹੋ ਗਿਆ ਹੈ ਅਤੇ ਹਾਲਾਤ ਕਾਬੂ ਹੇਠ ਹਨ। ਪੁਲੀਸ ਨੇ ਬੀਤੇ ਕੱਲ ਨਿਹੰਗ ਸੰਤ ਮਾਨ ਸਿੰਘ ਦੇ 10 ਸਮਰਥਕਾਂ ਵਿਰੁੱਧ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

ਜਸਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਦੇਰ ਸ਼ਾਮ ਹੋਮ ਗਾਰਡ ਜਵਾਨ ਜਸਪਾਲ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਮਨਿਆਲਾ ਵਿੱਚ ਪੂਰੇ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਜਸਪਾਲ ਸਿੰਘ ਦੇ ਇੱਕ ਬੱਚੇ ਨੂੰ ਪੰਜਾਬ ਪੁਲੀਸ ਵਿੱਚ ਭਰਤੀ ਕੀਤਾ ਜਾਵੇਗਾ ਅਤੇ ਦੂਜੇ ਨੂੰ ਵੀ ਕੋਈ ਵਧੀਆ ਨੌਕਰੀ ਦਿੱਤੀ ਜਾਵੇਗੀ।

Advertisement
Author Image

joginder kumar

View all posts

Advertisement