ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਲਤਾਨ ਜੋਹੋਰ ਹਾਕੀ ਕੱਪ: ਭਾਰਤੀ ਟੀਮ ਨੇ ਜਪਾਨ ਨੂੰ 4-2 ਨਾਲ ਹਰਾਇਆ

07:55 AM Oct 20, 2024 IST
ਮੈਚ ਦੌਰਾਨ ਗੋਲ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਭਾਰਤੀ ਖਿਡਾਰੀ।

ਜੋਹੋਰ, 19 ਅਕਤੂਬਰ
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਇੱਥੇ ਸੁਲਤਾਨ ਜੋਹੋਰ ਕੱਪ ਵਿੱਚ ਜੇਤੂ ਸ਼ੁਰੂਆਤ ਕਰਦਿਆਂ ਜਪਾਨ ਨੂੰ 4-2 ਨਾਲ ਹਰਾ ਦਿੱਤਾ ਹੈ। ਭਾਰਤ ਲਈ ਅਮੀਰ ਅਲੀ ਨੇ 12ਵੇਂ, ਗੁਰਜੋਤ ਸਿੰਘ ਨੇ 36ਵੇਂ, ਆਨੰਦ ਸੌਰਭ ਕੁਸ਼ਵਾਹਾ ਨੇ 44ਵੇਂ ਅਤੇ ਅੰਕਿਤ ਪਾਲ ਨੇ 47ਵੇਂ ਮਿੰਟ ’ਚ ਗੋਲ ਦਾਗ਼ਿਆ, ਜਦਕਿ ਜਪਾਨ ਲਈ ਸੁਬਾਸਾ ਤਨਾਕਾ ਨੇ 26ਵੇਂ ਅਤੇ ਰਾਕੂਸੇਈ ਯਮਾਨਾਕਾ ਨੇ 57ਵੇਂ ਮਿੰਟ ’ਚ ਗੋਲ ਕੀਤਾ। ਭਾਰਤ ਦੇ ਮਹਾਨ ਸਾਬਕਾ ਗੋਲਕੀਪਰ ਅਤੇ ਜੂਨੀਅਰ ਟੀਮ ਦੇ ਕੋਚ ਪੀਆਰ ਸ੍ਰੀਜੇਸ਼ ਨੇ ਵੱਡੀ ਮੁਸਕਰਾਹਟ ਨਾਲ ਜਿੱਤ ਦਾ ਸਵਾਗਤ ਕੀਤਾ। ਮੈਚ ਦੇ ਸ਼ੁਰੂ ਵਿੱਚ ਹੀ ਭਾਰਤੀ ਖਿਡਾਰੀਆਂ ਨੇ ਵਿਰੋਧੀ ਟੀਮ ’ਤੇ ਦਬਦਬਾ ਬਣਾ ਲਿਆ ਸੀ। ਮੈਚ ਦੇ 12ਵੇਂ ਮਿੰਟ ਵਿੱਚ ਅਮੀਰ ਅਲੀ ਨੇ ਮੈਦਾਨੀ ਗੋਲ ਕਰਦਿਆਂ ਲੀਡ ਬਣਾਈ, ਜਦੋਂ ਕਿ ਵਿਰੋਧੀ ਖਿਡਾਰੀ ਸੁਬਾਸਾ ਤਨਾਕਾ ਨੇ 26ਵੇਂ ਮਿੰਟ ਵਿੱਚ ਗੋਲ ਕਰਕੇ ਜਪਾਨੀ ਟੀਮ ਨੂੰ ਬਰਾਬਰੀ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਅੱਧੇ ਸਮੇਂ ਦੀ ਬਰੇਕ ਤੋਂ ਛੇ ਮਿੰਟ ਬਾਅਦ ਭਾਰਤ ਨੇ ਆਪਣੀ ਲੀਡ ਮੁੜ ਹਾਸਲ ਕੀਤੀ, ਜਦੋਂ ਪਿਛਲੇ ਮਹੀਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੀਨੀਅਰ ਕੌਮਾਂਤਰੀ ਸ਼ੁਰੂਆਤ ਕਰਨ ਵਾਲੇ ਗੁਰਜੋਤ ਨੇ ਬਿਹਤਰੀਨ ਮੈਦਾਨੀ ਗੋਲ ਕੀਤਾ। ਕੁੱਝ ਹੀ ਮਿੰਟਾਂ ਬਾਅਦ ਆਨੰਦ ਸੋਰਭ ਕੁਸ਼ਵਾਹਾ ਨੇ ਗੋਲ ਕਰਕੇ ਟੀਮ ਦੀ ਲੀਡ 44ਵੇਂ ਮਿੰਟ ਵਿੱਚ 3-1 ਕਰ ਲਈ। ਇਸ ਮਗਰੋਂ ਫਾਈਨਲ ਕੁਆਰਟਰ ਦੌਰਾਨ 47ਵੇਂ ਮਿੰਟ ਵਿੱਚ ਅੰਕਿਤ ਨੇ ਗੋਲ ਕਰਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਮੈਚ ਖ਼ਤਮ ਹੋਣ ਤੋਂ ਕੁੱਝ ਹੀ ਸਮਾਂ ਪਹਿਲਾਂ ਜਪਾਨ ਦੇ ਖਿਡਾਰੀ ਰਾਕੂਸੇਈ ਯਮਾਨਾਕਾ ਨੇ 57ਵੇਂ ਮਿੰਟ ’ਚ ਟੀਮ ਲਈ ਆਖ਼ਰੀ ਗੋਲ ਕੀਤਾ। -ਪੀਟੀਆਈ

Advertisement

ਸੁਰਜੀਤ ਹਾਕੀ: ਏਅਰ ਫੋਰਸ ਨੇ ਬੀਐੱਸਐੱਫ ਨੂੰ 2-1 ਨਾਲ ਹਰਾਇਆ

ਜਲੰਧਰ (ਹਤਿੰਦਰ ਮਹਿਤਾ): ਭਾਰਤੀ ਏਅਰ ਫੋਰਸ ਨੇ ਬੀਐੱਸਐੱਫ ਜਲੰਧਰ ਨੂੰ ਸਖ਼ਤ ਮੁਕਾਬਲੇ ਮਗਰੋਂ 2-1 ਫਰਕ ਨਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀਤਾ। ਜਲੰਧਰ ਦੇ ਡਿਪਟੀ ਕਸ਼ਿਨਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਹਿਮਾਸ਼ੂ ਅਗਰਵਾਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਉਦਘਾਟਨੀ ਮੈਚ ਭਾਰਤੀ ਨੇਵੀ ਅਤੇ ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਖੇਡਿਆ ਗਿਆ। ਖੇਡ ਸਿਰਫ 27 ਮਿੰਟ ਦੀ ਹੀ ਹੋਈ ਸੀ ਕਿ ਫਲੱਡ ਲਾਇਟਾਂ ਵਿੱਚ ਤਕਨੀਕੀ ਖਰਾਬੀ ਆਈ ਜਿਸ ਕਰਕੇ ਮੈਚ ਪੂਰਾ ਨਾ ਹੋ ਸਕਿਆ ਅਤੇ ਮੈਚ ਦਾ ਬਾਕੀ ਹਿੱਸਾ ਐਤਵਾਰ ਸਵੇਰੇ ਅੱਠ ਵਜੇ ਖੇਡਿਆ ਜਾਵੇਗਾ।

Advertisement
Advertisement