ਸੁਲਤਾਨ ਜੋਹੋਰ ਕੱਪ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਡਰਾਅ
ਜੋਹੋਰ ਬਾਹਰੂ, 25 ਅਕਤੂਬਰ
ਨਿਊਜ਼ੀਲੈਂਡ ਖ਼ਿਲਾਫ਼ ਸੁਲਤਾਨ ਜੋਹੋਰ ਕੱਪ ਵਿੱਚ ਅੱਜ ਖੇਡੇ ਗਏ ਰਾਊਂਡ ਰੌਬਿਨ ਮੁਕਾਬਲੇ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3-3 ਨਾਲ ਡਰਾਅ ਖੇਡਿਆ। ਭਾਰਤ ਲਈ ਗੁਰਜੋਤ ਸਿੰਘ ਨੇ ਛੇਵੇਂ ਮਿੰਟ, ਰੋਹਿਤ ਨੇ 17ਵੇਂ ਅਤੇ ਟੀ. ਪ੍ਰਿਯਬ੍ਰਤ ਨੇ 60ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਡਰੈਗ ਫਲਿੱਕਰ ਜੌਂਟੀ ਐਲਮਸ ਨੇ 17ਵੇਂ, 32ਵੇਂ ਅਤੇ 45ਵੇਂ ਮਿੰਟ ’ਚ ਗੋਲ ਕਰਕੇ ਨਿਊਜ਼ੀਲੈਂਡ ਲਈ ਹੈਟ੍ਰਿਕ ਲਗਾਈ। ਭਾਰਤ ਅੰਕ ਸੂਚੀ ਵਿੱਚ 10 ਅੰਕਾਂ ਨਾਲ ਸਿਖਰ ’ਤੇ ਹੈ। ਫਾਈਨਲ ਵਿੱਚ ਪਹੁੰਚਣ ’ਤੇ ਫ਼ੈਸਲਾ ਬਰਤਾਨੀਆ ਅਤੇ ਆਸਟਰੇਲੀਆ ਦੇ ਕਰਮਵਾਰ ਜਪਾਨ ਅਤੇ ਮਲੇਸ਼ੀਆ ਖ਼ਿਲਾਫ਼ ਹੋਣ ਵਾਲੇ ਮੈਚਾਂ ਦੇ ਆਧਾਰ ’ਤੇ ਹੋਵੇਗਾ।
ਭਾਰਤ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਛੇਵੇਂ ਹੀ ਮਿੰਟ ਵਿੱਚ ਗੁਰਜੋਤ ਨੇ ਗੋਲ ਕੀਤਾ। ਦੋ ਮਿੰਟ ਮਗਰੋਂ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਗੋਲ ਨਹੀਂ ਹੋ ਸਕਿਆ। ਇਸ ਦਰਮਿਆਨ ਨਿਊਜ਼ੀਲੈਂਡ ਨੇ ਪਲਟਵਾਰ ਕੀਤੇ ਪਰ ਭਾਰਤੀ ਡਿਫੈਂਸ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਨਿਊਜ਼ੀਲੈਂਡ ਲਈ ਪਹਿਲਾ ਗੋਲ 17ਵੇਂ ਮਿੰਟ ਵਿੱਚ ਐਲਮਸ ਨੇ ਕੀਤਾ। ਭਾਰਤ ਨੇ ਇਸੇ ਮਿੰਟ ਵਿੱਚ ਰੋਹਿਤ ਦੇ ਗੋਲ ਦੇ ਸਿਰ ’ਤੇ ਲੀਡ ਬਣਾ ਲਈ। ਭਾਰਤ ਨੇ ਦੂਜੇ ਕੁਆਰਟਰ ਵਿੱਚ ਕਈ ਪੈਨਲਟੀ ਕਾਰਨਰ ਬਣਾਏ ਪਰ ਸਫ਼ਲਤਾ ਨਹੀਂ ਮਿਲੀ। ਨਿਊਜ਼ੀਲੈਂਡ ਲਈ ਤੀਜੇ ਕੁਆਰਟਰ ਵਿੱਚ ਐਲਮਸ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਉਸ ਨੇ ਹੀ 45ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਨਿਊਜ਼ੀਲੈਂਡ ਦੀ ਲੀਡ 3-2 ਕਰ ਦਿੱਤੀ। ਭਾਰਤ ਨੂੰ ਆਖ਼ਰੀ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਜਿਸ ’ਤੇ ਪ੍ਰਿਯਬ੍ਰਤ ਨੇ ਗੋਲ ਕੀਤਾ। -ਪੀਟੀਆਈ