ਸੁਲਤਾਨ ਜੋਹੋਰ ਕੱਪ: ਆਸਟਰੇਲੀਆ ਨੇ ਭਾਰਤ ਨੂੰ 4-0 ਨਾਲ ਹਰਾਇਆ
ਜੋਹੋਰ ਬਾਹਰੂ (ਮਲੇਸ਼ੀਆ), 23 ਅਕਤੂਬਰ
ਆਸਟਰੇਲੀਆ ਨੇ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਦੀ ਜੇਤੂ ਮੁਹਿੰਮ ’ਤੇ ਰੋਕ ਲਗਾਉਂਦਿਆਂ ਅੱਜ ਇਥੇ ਸੁਲਤਾਨ ਆਫ ਜੋਹੋਰ ਹਾਕੀ ਟੂਰਨਾਮੈਂਟ ਵਿੱਚ 4-0 ਨਾਲ ਜਿੱਤ ਦਰਜ ਕੀਤੀ। ਪੈਟਰਿਕ ਐਂਡਰਿਊ ਨੇ 29ਵੇਂ ਮਿੰਟ ਵਿੱਚ ਵਿਰੋਧੀ ਟੀਮ ਦਾ ਖਾਤਾ ਖੋਲ੍ਹਿਆ, ਜਿਸ ਮਗਰੋਂ ਡੇਕਿਨ ਸਟੇਂਗਰ ਨੇ 33ਵੇਂ, 39ਵੇਂ ਅਤੇ 53ਵੇਂ ਮਿੰਟ ਵਿੱਚ ਗੋਲ ਕਰਕੇ ਹੈਟ੍ਰਿਕ ਬਣਾ ਕੇ ਟੀਮ ਦੀ ਜਿੱਤ ਯਕੀਨੀ ਬਣਾਈ। ਹਾਰ ਦੇ ਬਾਵਜੂਦ ਭਾਰਤ ਨੌਂ ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਚੱਲ ਰਿਹਾ ਹੈ, ਜਦਕਿ ਆਸਟਰੇਲੀਆ ਸੱਤ ਅੰਕ ਨਾਲ ਤੀਜੇ ਸਥਾਨ ’ਤੇ ਹੈ। ਨਿਊਜ਼ੀਲੈਂਡ ਅੱਠ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਨੇ ਹੁਣ ਤੱਕ ਤਿੰਨ ਮੁਕਾਬਲੇ ਜਿੱਤੇ ਹਨ ਅਤੇ ਰਾਊਂਡ ਰੌਬਿਨ ਵਿੱਚ ਉਸ ਨੇ ਇੱਕ ਮੈਚ ਹੋਰ ਖੇਡਣਾ ਹੈ, ਜਿਸ ਵਿੱਚ ਟੀਮ ਫਾਈਨਲ ’ਚ ਜਗ੍ਹਾ ਬਣਾਉਣ ਦੀ ਮਜ਼ਬੂਤ ਦਾਅਵੇਦਾਰ ਹੈ। ਆਸਟਰੇਲੀਆ ਨੂੰ ਪਹਿਲੇ ਕੁਆਰਟਰ ਦੇ ਆਖ਼ਰੀ ਮਿੰਟਾਂ ’ਚ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਗੋਲਕੀਪਰ ਬਿਕਰਮਜੀਤ ਸਿੰਘ ਨੇ ਗੋਲ ਨਹੀਂ ਹੋਣ ਦਿੱਤਾ। ਅਲੀ ਖ਼ਾਨ ਨੇ ਵੀ 18ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ’ਤੇ ਗੋਲ ਬਚਾਇਆ। ਪਲਟਵਾਰ ਕਰਦਿਆਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਟੀਮ ਆਸਟਰੇਲੀਆ ਦੇ ਡਿਫੈਂਸ ਨੂੰ ਨਹੀਂ ਤੋੜ ਸਕੀ। -ਪੀਟੀਆਈ
ਹਾਕੀ: ਜਰਮਨੀ ਤੋਂ 0-2 ਨਾਲ ਹਾਰੀ ਭਾਰਤੀ ਟੀਮ
ਨਵੀਂ ਦਿੱਲੀ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਦੋ ਮੈਚਾਂ ਦੀ ਦੁਵੱਲੀ ਲੜੀ ਦੇ ਪਹਿਲੇ ਮੈਚ ਵਿੱਚ ਅੱਜ ਇੱਥੇ ਜਰਮਨੀ ਖ਼ਿਲਾਫ਼ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਦੌਰਾਨ ਪੈਰਿਸ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਜਰਮਨੀ ਦੀ ਟੀਮ ਤਰਫ਼ੋਂ ਹੈਨਰਿਕ ਮਾਰਗੇਨਸ ਨੇ ਚੌਥੇ ਮਿੰਟ ਵਿੱਚ ਪਹਿਲਾ ਗੋਲ ਕੀਤਾ, ਜਦਕਿ ਲੁਕਾਸ ਵਿੰਡਫੇਡਰ ਨੇ 30ਵੇਂ ਮਿੰਟ ਵਿੱਚ ਮਹਿਮਾਨ ਟੀਮ ਦੀ ਲੀਡ ਨੂੰ 2-0 ਕਰ ਦਿੱਤਾ। ਭਾਰਤ ਤੋਂ ਇਹ ਲੀਡ ਟੁੱਟੀ ਨਹੀਂ। ਪੈਰਿਸ ਓਲੰਪਿਕ ਦੇ ਕਾਂਸੀ ਦਾ ਤਗ਼ਮਾ ਜੇਤੂ ਭਾਰਤ ਨੇ ਕਈ ਮੌਕੇ ਬਣਾਏ ਪਰ ਟੀਮ ਨੂੰ ਗੋਲ ਕਰਨ ਵਿੱਚ ਸਫ਼ਲਤਾ ਨਾ ਮਿਲੀ। ਲੜੀ ਦਾ ਦੂਜਾ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ। -ਪੀਟੀਆਈ
ਸੁਰਜੀਤ ਹਾਕੀ: ਇੰਡੀਅਨ ਆਇਲ ਮੁੰਬਈ ਸੈਮੀਫਾਈਨਲ ’ਚ
ਜਲੰਧਰ (ਹਤਿੰਦਰ ਮਹਿਤਾ): ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਨੇ ਭਾਰਤੀ ਏਅਰ ਫੋਰਸ ਨੂੰ ਸਖ਼ਤ ਮੁਕਾਬਲੇ ਮਗਰੋਂ 1-0 ਦੇ ਫਰਕ ਨਾਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਕਦਮ ਰੱਖਿਆ। ਦੂਜੇ ਮੈਚ ਵਿੱਚ ਪੰਜਾਬ ਪੁਲੀਸ ਜਲੰਧਰ ਅਤੇ ਭਾਰਤ ਪੈਟਰੋਲੀਅਮ ਮੁੰਬਈ ਦੀਆਂ ਟੀਮਾਂ 1-1 ਨਾਲ ਬਰਾਬਰ ਰਹੀਆਂ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਦੌਰਾਨ ਇੰਡੀਅਨ ਆਇਲ ਨੇ ਲੀਗ ਮੈਚਾਂ ਵਿੱਚ ਪਹਿਲਾਂ ਬੀਐੱਸਐੱਫ ਨੂੰ ਹਰਾਇਆ ਸੀ। ਲੀਗ ਗੇੜ ਵਿੱਚ ਦੋ ਮੈਚ ਜਿੱਤ ਕੇ 6 ਅੰਕ ਹਾਸਲ ਕਰਕੇ ਪੂਲ-ਏ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮੈਚ ਬਰਾਬਰ ਰਹਿਣ ਕਰਕੇ ਭਾਰਤ ਪੈਟਰੋਲੀਅਮ ਮੁੰਬਈ ਦੇ ਦੋ ਲੀਗ ਮੈਚਾਂ ਵਿੱਚ 2 ਅੰਕ ਹਨ ਕਿਉਂਕਿ ਭਾਰਤ ਪੈਟਰਲੀਅਮ ਦੇ ਦੋਵੇਂ ਮੈਚ ਬਰਾਬਰ ਰਹੇ ਹਨ। ਜਦਕਿ ਪੰਜਾਬ ਪੁਲੀਸ ਦੇ ਖਾਤੇ ਵਿੱਚ ਇਕ ਅੰਕ ਹੈ ਅਤੇ ਉਸ ਦਾ ਰੇਲ ਕੋਚ ਫੈਕਟਰੀ ਕਪੂਰਥਲਾ ਖ਼ਿਲਾਫ਼ 30 ਮਿੰਟ ਦਾ ਮੈਚ ਬਾਕੀ ਹੈ ਜੋ ਬੀਤੇ ਦਿਨ ਫਲੱਡ ਲਾਇਟਾਂ ਦੀ ਤਕਨੀਕੀ ਖਰਾਬੀ ਕਾਰਨ ਬਾਕੀ ਰਹਿ ਗਿਆ ਸੀ, ਜੋ ਕਿ 24 ਅਕਤੂਬਰ ਨੂੰ ਖੇਡਿਆ ਜਾਵੇਗਾ, ਉਸ ਤੋਂ ਬਾਅਦ ਪੂਲ-ਬੀ ਦੀ ਸਥਿਤੀ ਸਾਫ ਹੋਵੇਗੀ।