ਸੁਖਜਿੰਦਰ ਰੰਧਾਵਾ ਨੇ ਰਾਹੁਲ ਗਾਂਧੀ ਤੇ ਖੜਗੇ ਦੇ ਹੁਕਮਾਂ ’ਤੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ: ਅਕਾਲੀ ਦਲ
ਆਤਿਸ਼ ਗੁਪਤਾ
ਚੰਡੀਗੜ੍ਹ, 10 ਅਪਰੈਲ
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਦੇ ਕਹਿਣ ’ਤੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ ਮੁਅੱਤਲ ਕੀਤੀਆਂ ਜਾਣ ਅਤੇ ਉਨ੍ਹਾਂ ਬਾਗੀ ਅਕਾਲੀ ਧੜੇ ਨਾਲ ਰਲ ਕੇ ਅਜਿਹਾ ਕੀਤਾ ਹੈ। ਇਹ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਚੀਮਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਹੋਰ ਕੁਝ ਨਹੀਂ ਬਲਕਿ ਅਕਾਲੀ ਦਲ ਨੂੰ ਮੁੜ ਮੈਦਾਨ ਵਿਚ ਨਿਤਰਣ ਤੋਂ ਰੋਕਣ ਦਾ ਅਸਫਲ ਯਤਨ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਾਗੀ ਧੜੇ ਨੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਤੇ ਆਮ ਆਦਮੀ ਪਾਰਟੀ (ਆਪ) ਨਾਲ ਰਲ ਕੇ ਕੰਮ ਕੀਤਾ ਤੇ ਹੁਣ ਕਾਂਗਰਸ ਨਾਲ ਹੱਥ ਸਾਂਝੇ ਕਰ ਲਏ ਹਨ। ਇਸ ਨਾਲ ਬਾਗੀ ਧੜਾ ਬਿਲਕੁਲ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਇਹ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਡਰਦੀਆਂ ਹਨ।
ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਬਾਗੀ ਧੜਾ ਪਾਰਟੀ ਦੀ ਮੈਂਬਰਸ਼ਿਪ ਭਰਤੀ ਨੂੰ ਧਰਮ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ ਅਤੇ ਇਸ ਦੀ ਮਾਨਤਾ ਰੱਦ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਗੀ ਧੜੇ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਗੰਢਤੁੱਪ ਨੇ ਇਸ ਨੂੰ ਬੇਨਕਾਬ ਕਰ ਦਿੱਤਾ ਹੈ।