Sukhdev singh Dhindsa ਅਕਾਲ ਤਖ਼ਤ ਤੋਂ ਲੱਗੀ ਸੇਵਾ ਪੂਰੀ ਕਰਨ ਮਗਰੋਂ ਢੀਂਡਸਾ ਵੱਲੋਂ ਸਰਗਰਮ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 8 ਦਸੰਬਰ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਯਾਫਤਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਦੂਜੇ ਦਿਨ ਦੀ ਸੇਵਾ ਲਈ ਅੱਜ ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ। ਇਸ ਦੌਰਾਨ ਢੀਂਡਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਮੁਕੰਮਲ ਹੋਣ ਉਪਰੰਤ ਉਹ ਸਰਗਰਮ ਸਿਆਸਤ ਛੱਡ ਦੇਣਗੇ। ਉਨ੍ਹਾਂ ਦੇ ਇਸ ਐਲਾਨ ਨੇ ਬੀਤੇ ਕਈ ਸਾਲਾਂ ਤੋਂ ਹਾਸ਼ੀਏ ’ਤੇ ਜਾ ਚੁੱਕੇ ਅਕਾਲੀ ਦਲ ਦੀਆਂ ਸਿਆਸੀ ਸਫਾਂ ਵਿੱਚ ਮੁੜ ਗਰਮੀ ਲਿਆ ਦਿੱਤੀ ਹੈ। ਇਸ ਦੌਰਾਨ ਜਿੱਥੇ ਢੀਂਡਸਾ ਨੇ ਪਹਿਰੇਦਾਰੀ ਵਾਲੀ ਡਿਊਟੀ ਨਿਭਾਈ, ਉੱਥੇ ਹੀ ਭਾਂਡੇ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਉਪਰੰਤ ਉਹ ਕੀਰਤਨ ਸਰਵਣ ਕਰਨਗੇ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖਾਹ ਤਹਿਤ ਦੂਸਰੇ ਦਿਨ ਸੇਵਾ ਨਿਭਾਉਣ ਲਈ ਪੁੱਜੇ ਸੁਖਦੇਵ ਸਿੰਘ ਢੀਂਡਸਾ ਨੇ ਬੀਤੇ ਦਿਨ ਦਿੱਤੇ ਬਿਆਨ ’ਤੇ ਕਾਇਮ ਰਹਿਣ ਦੀ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਤੋਂ ਇਹ ਗੱਲ ਸਪੱਸ਼ਟ ਨਹੀਂ ਹੋਈ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਭਰਤੀ ਤਹਿਤ ਜਿਸ ਨੂੰ ਵੀ ਚੁਣਿਆ ਜਾਂਦਾ ਹੈ ਅਤੇ ਵਿਧਾਨਕ ਤੌਰ ’ਤੇ ਜੋ ਮਨਜ਼ੂਰ ਹੋਵੇਗਾ ਉਹ ਹਰੇਕ ਨੂੰ ਹੀ ਮਨਜ਼ੂਰ ਹੋਵੇਗਾ। ਉਨ੍ਹਾਂ ਕਿਹਾ, ‘‘ਭਰਤੀ ਉਪਰੰਤ ਜੇਕਰ ਸੁਖਬੀਰ ਬਾਦਲ ਮੁੜ ਚੁਣੇ ਜਾਂਦੇ ਹਨ ਤਾਂ ਸਾਡੇ ਵੱਲੋਂ ਕਿਸੇ ਬਾਰੇ ਇਤਰਾਜ਼ ਨਹੀਂ ਕੀਤਾ ਜਾ ਸਕਦਾ ਹੈ।’’
ਆਏ ਦਿਨ ਰਵਨੀਤ ਬਿੱਟੂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਢੀਂਡਸਾ ਨੇ ਕਿਹਾ ਕਿ ਬਿੱਟੂ ਕਿਸਾਨਾਂ ਵਿਰੁੱਧ ਬੋਲੀ ਜਾ ਰਿਹਾ ਹੈ ਪਰ ਲੋਕ ਕਿਸਾਨਾਂ ਦੇ ਨਾਲ ਹਨ। ਸੁਖਬੀਰ ਬਾਦਲ ’ਤੇ ਹਮਲੇ ਸਬੰਧੀ ਬਿੱਟੂ ਦੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਗੋਲੀ ਚੱਲਣੀ ਬੁਹਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਭਾਜਪਾ ਨੂੰ ਕਿਸਾਨੀ ਮਸਲਿਆਂ ਦੇ ਹੱਲ ਨਾ ਕਰਨ ਕਰ ਕੇ ਹੀ ਛੱਡਿਆ ਸੀ ਅਤੇ ਹੁਣ ਭਾਜਪਾ ਨੂੰ ਇਹ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ। ਇਸ ਮੌਕੇ ਢੀਂਡਸਾ ਧੜੇ ਨਾਲ ਸਬੰਧਤ ਜ਼ਿਲ੍ਹੇ ਦੇ ਆਗੂ ਭੁਪਿੰਦਰ ਸਿੰਘ ਬਜਰੂੜ, ਹਰਬੰਸ ਸਿੰਘ ਮੰਝਪੁਰ, ਸਤਵਿੰਦਰ ਪਾਲ ਸਿੰਘ ਢੱਠ ਹੁਸ਼ਿਆਰਪੁਰ, ਅਮਰਜੀਤ ਸਿੰਘ ਪੁਰਖੋਵਾਲ, ਉੱਜਲ ਸਿੰਘ ਲੌਂਗੀਆ, ਕਮਲਜੀਤ ਸਿੰਘ ਲੌਂਗੀਆ, ਲਖਬੀਰ ਸਿੰਘ ਰੋਪਾਲਹੇੜੀ, ਕੁਲਵੰਤ ਸਿੰਘ ਚੋਲਟਾ, ਹਰਪਾਲ ਸਿੰਘ ਪੱਤੜਾਂ ਤੋਂ ਇਲਾਵਾ ਮਨਜਿੰਦਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।