ਸਮੁੰਦਰ ਦਾ ਗੁਆਂਢੀ ਸੀ ਸੁਖਬੀਰ
ਇਹ ਗੱਲ ਵੀਹ ਬਾਈ ਸਾਲ ਪਹਿਲਾਂ ਦੀ ਹੈ। ਜੂਨ ਦਾ ਮਹੀਨਾ। ਸਮੁੰਦਰ ਆਪਣੀ ਲੋਰ ’ਚ ਸੀ। ਦੇਵਨੀਤ ਤੇ ਮੈਂ ਰੂਬੀ ਦੇ ਦਾਖਲੇ ਲਈ ਬੰਬੇ ਗਏ ਹੋਏ ਸਾਂ। ਕੰਮ ਨਬਿੇੜ ਕੇ ਅਸੀਂ ਸੁਖਬੀਰ ਹੁਰਾਂ ਨੂੰ ਫੋਨ ਮਿਲਾਇਆ, ‘‘ਅੱਜ ਦੇਖਦੇ ਹਾਂ ਥੋਡੇ ਘਰ ਦਾ ਬੂਹਾ ਖੁੱਲ੍ਹਾ ਮਿਲਦੈ ਕਿ ਬੰਦ?’’ ਅੱਗੋਂ ਉਹ ਬੜੇ ਮੋਹ ਨਾਲ ਬੋਲੇ, ‘‘ਜੀ ਆਇਆਂ ਨੂੰ, ਬੂਹੇ ਦੇ ਨਾਲ ਨਾਲ ਮੇਰਾ ਦਿਲ ਵੀ ਖੁੱਲ੍ਹਾ ਮਿਲੇਗਾ।’’
ਸੁਖਬੀਰ ਭਾਵੇਂ ਮਸ਼ਹੂਰ ਨਹੀਂ, ਪਰ ਵੱਖਰੀ ਸ਼ੈਲੀ ਦੇ ਲੇਖਕਾਂ ਦੀ ਢਾਣੀ ਦਾ ਮੋਢੀ ਤੇ ਬਹੁ-ਵਿਧਾਵੀ ਲੇਖਕ ਰਹੇ ਹਨ। ਮੌਲਿਕ ਬਾਈ ਕਿਤਾਬਾਂ ਤੋਂ ਇਲਾਵਾ ਉਨ੍ਹਾਂ ਨੇ ਲਿਓ ਟਾਲਸਟਾਏ ਦੇ ਸੰਸਾਰ ਪ੍ਰਸਿੱਧ ਵੱਡ-ਆਕਾਰੀ ਨਾਵਲ ‘ਜੰਗ ਤੇ ਅਮਨ’ ਦਾ ਅਨੁਵਾਦ ਕੀਤਾ। ਮੈਕਸਿਮ ਗੋਰਕੀ, ਸ਼ੋਲੋਖੋਵ, ਪਸਤੋਵਸਕੀ ਤੇ ਹੋਰ ਅਨੇਕਾਂ ਲੇਖਕਾਂ ਨੂੰ ਪੰਜਾਬੀਆਂ ਲਈ ਉਲਥਾਇਆ ਹੈ। ਸੁਖਬੀਰ ਨੂੰ ਪੜ੍ਹਦਿਆਂ ਅਸੀਂ ਜਾਣ ਸਕਦੇ ਹਾਂ ਕਿ ਲਿਖਣਾ ਇੱਕ ਲੰਮੀ ਘਾਲਣਾ ਹੈ। ਉਹ ਤਾਂ ਜਦੋਂ ਦੋਸਤ ਨੂੰ ਖ਼ਤ ਵੀ ਲਿਖਦੇ ਸਨ ਤਾਂ ਪਹਿਲਾਂ ਰਫ ਲਿਖ ਕੇ, ਉਹਦੇ ਇੱਕ ਇੱਕ ਸ਼ਬਦ ਨੂੰ ਘੋਖਦੇ ਪਰਖਦੇ ਸਨ। ਅਸੀਂ ਖ਼ੁਦ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਹਿਤ ਰਚਦਿਆਂ ਉਹ ਇੱਕ ਇੱਕ ਰਚਨਾ ਲਿਖਣ ਲਈ ਕਿੰਨੀ-ਕਿੰਨੀ ਵਾਰ ਲਿਖਦੇ ਮਿਟਾਉਂਦੇ ਹੋਣਗੇ।
ਅੱਧੇ ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ‘ਸਨ ਐਂਡ ਸੀ’ ਪਹੁੰਚ ਗਏ। ਲੇਖਕ-ਪਾਠਕ ਸੁਖਬੀਰ ਦੇ ਨਾਵਲਾਂ, ਕਹਾਣੀਆਂ ਤੇ ਕਵਿਤਾਵਾਂ ਦੇ ਨਾਵਾਂ ਵਾਂਗ ਇਸ ਇਮਾਰਤ ਨੂੰ ਵੀ ਜਾਣਦੇ ਹਨ। ਮੁੰਬਈ ਗਿਆ ਹਰ ਲੇਖਕ ਤਾਂ ਸੁਖਬੀਰ ਨੂੰ ਮਿਲ ਕੇ ਆਉਂਦਾ ਹੀ ਸਗੋਂ ਬਹੁਤੇ ਪਾਠਕ ਵੀ ਉਨ੍ਹਾਂ ਨੂੰ ਮਿਲਣ ਜਾਂਦੇ। ਘੰਟੀ ਦਾ ਬਟਨ ਦਬਾਉਣ ਹੀ ਲੱਗੇ ਸਾਂ ਕਿ ਉਨ੍ਹਾਂ ਸਾਨੂੰ ਗਲਵਕੜੀ ਪਾ ਲਈ। ਘਰ ’ਚ ਵੜਦਿਆਂ ਹੀ ਡਿਉਢੀ ਦੀਆਂ ਦੋਵੇਂ ਕੰਧਾਂ ਕਿਤਾਬਾਂ ਦੇ ਭਰੇ ਖਾਨਿਆਂ ਨਾਲ ਸਜੀਆਂ ਹੋਈਆਂ ਦਿਸੀਆਂ। ਇਹ ਵੀਹੀ ਸਿੱਧੀ ਬੈਠਕ ਨੂੰ ਜਾਂਦੀ ਸੀ। ਬੈਠਕ ਦੀ ਸਾਹਮਣੀ ਕੰਧ ਕੱਚ ਦੀ ਸੀ ,ਜਿਸ ’ਚੋਂ ਛੱਲੋ-ਛੱਲ ਹੋਇਆ ਵਿਸ਼ਾਲ ਸਮੁੰਦਰ ਨਜ਼ਰ ਆਇਆ। ਮੇਰੇ ਮੂੰਹੋਂ ਆਪਮੁਹਾਰੇ ਨਿਕਲਿਆ, ‘‘ਵੱਡੇ ਤੇ ਗਹਿਰੇ ਸਮੁੰਦਰ ਦਾ ਗੁਆਂਢੀ ਹੋਣ ਕਰਕੇ ਹੀ ਸੁਖਬੀਰ ਵੱਡੀ ਕੈਨਵਸ ਦਾ ਡੂੰਘਾ ਲੇਖਕ ਹੈ।’’
ਸੱਤਵੀਂ ’ਚ ਪੜ੍ਹਦਿਆਂ ਹੀ ਲਿਖਣਾ ਸ਼ੁਰੂ ਕਰਨ ਵਾਲੇ ਸੁਖਬੀਰ ਨੂੰ ਚਿੱਤਰਕਲਾ ਦਾ ਵੀ ਸ਼ੌਕ ਸੀ। ਅਸਲ ਸ਼ੌਕ ਇੰਜੀਨੀਅਰੀ ਦਾ ਸੀ ਜੋ ਇੰਜੀਨੀਅਰ ਪਿਤਾ ਤੋਂ ਵਿਰਸੇ ’ਚ ਮਿਲਿਆ, ਪਰ ਉਹ ਕਾਲਜ ਪ੍ਰੋਫੈਸਰ ਬਣੇ ਤੇ ਦੋ ਸਾਲਾਂ ਬਾਅਦ ਹੀ ਨੌਕਰੀ ਛੱਡ ਕੇ ਸੁਤੰਤਰ ਲੇਖਕ ਬਣ ਗਏ। ਮੈਂ ਆਪਣੀ ਹੈਰਾਨੀ ਸਾਂਝੀ ਕੀਤੀ, ‘‘ਪੰਜਾਬੀ ਹਿੰਦੀ ’ਚ ਲਿਖ ਕੇ ਹੀ ਢਿੱਡ ਕਿਵੇਂ ਭਰਦੇ ਰਹੇ?’’ ਉਹ ਮੁਸਕਰਾਉਂਦਿਆਂ ਦੱਸਣ ਲੱਗੇ, ‘‘ਢਿੱਡ ਭਰਨ ਦਾ ਹੀ ਤਾਂ ਸਵਾਲ ਸੀ। ਅਸਲ ’ਚ ਮੈਂ ਲੋੜ ਅਨੁਸਾਰ ਕਮਾਈ ਕੀਤੀ, ਲੋਭ ਅਨੁਸਾਰ ਨਹੀਂ। ਲੋੜ ਤਾਂ ਪੂਰੀ ਹੋ ਜਾਂਦੀ ਹੈ ਪਰ ਲੋਭ ਦਾ ਢਿੱਡ ਕਦੇ ਨਹੀਂ ਭਰਦਾ। ਜੇ ਮੈਂ ਲੋਭ ਦਾ ਸ਼ਿਕਾਰ ਹੋ ਜਾਂਦਾ ਤਾਂ ਲਿਖਣਾ ਠੱਪ ਹੋ ਜਾਂਦਾ ਅਤੇ ਪੜ੍ਹਨ ਤੇ ਅਧਿਐਨ ਦੀ ਤਾਂ ਲੋੜ ਹੀ ਨਹੀਂ ਸੀ ਪੈਣੀ।’’
ਸੁਖਬੀਰ ਦੀ ਪਤਨੀ ਜਸਬੀਰ ਕੌਰ ਇੱਕ ਟਰੇਅ ’ਚ ਤਿੰਨ ਕੱਪ ਚਾਹ ਤੇ ਖ਼ੁਦ ਬਣਾਏ ਪਤੌੜ ਮੇਜ਼ ’ਤੇ ਰੱਖ ਗਏ। ਦੇਵਨੀਤ ਨੇ ਚਾਹ ਦੀ ਘੁੱਟ ਭਰਦਿਆਂ ਪੁੱਛਿਆ, ‘‘ਤੁਹਾਡੀ ਲੇਖਣੀ ’ਚ ਤੁਹਾਡੀ ਬੀਵੀ ਤੇ ਬੱਚਿਆਂ ਦਾ ਕੀ ਯੋਗਦਾਨ ਹੈ?’’ ਸੁਖਬੀਰ ਨੇ ਪਤੌੜਾਂ ਵਾਲੀ ਪਲੇਟ ਸਾਡੇ ਵੱਲ ਕੀਤੀ। ਮੈਂ ਸੋਚਿਆ ਦੇਵਨੀਤ ਦੀ ਇਸ ਗੱਲ ਦਾ ਅੱਧਾ ਉੱਤਰ ਤਾਂ ਇਸ ਪਲੇਟ ’ਚ ਹੀ ਪਿਆ ਹੈ। ਉਨ੍ਹਾਂ ਸਹਿਜ ਸੁਭਾਅ ਕਿਹਾ, ‘‘ਮੇਰੀ ਪਤਨੀ ਮੇਰੀਆਂ ਰਚਨਾਵਾਂ ਸ਼ੌਕ ਨਾਲ ਪੜ੍ਹਦੀ ਹੈ। ਇਸ ਦੀ ਸਾਹਿਤਕ ਸੂਝ-ਬੂਝ ਇੱਕ ਚੰਗੇ ਪਾਠਕ ਵਰਗੀ ਹੈ। ਮੇਰੇ ਤਿੰਨੇ ਬੱਚੇ ਵੀ ਮੈਨੂੰ ਸ਼ੌਕ ਨਾਲ ਪੜ੍ਹਦੇ ਹਨ। ਸ਼ੁਰੂ ਦੇ ਔਖੇ ਵਰ੍ਹਿਆਂ ਵਿੱਚ ਪਰਵਾਰ ਵੱਲੋਂ ਮੈਨੂੰ ਬਹੁਤ ਸਹਿਯੋਗ ਮਿਲਿਆ। ਉਦੋਂ ਪਰਿਵਾਰ ਦੇ ਜੀਆਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਲੇਖਕ ਵਜੋਂ ਮੇਰਾ ਕਿੰਨਾ ਕੁ ਨਾਂ ਤੇ ਕਮਾਈ ਹੋਣੀ ਹੈ। ਸਾਡੇ ਸਮਾਜ ਵਿੱਚ ਨਾਮ ਤੇ ਕਮਾਈ ਤੋਂ ਬਨਿਾਂ ਕਿਸੇ ਵੀ ਕੰਮ ਦੀ ਅਹਿਮੀਅਤ ਬਹੁਤ ਘੱਟ ਹੁੰਦੀ ਹੈ। ਉਦੋਂ ਤਾਂ ਮੈਨੂੰ ਵੀ ਆਪਣੇ ਲਿਖਣ ਅਤੇ ਲੇਖਕ ਬਣਨ ਦੀ ਅਹਿਮੀਅਤ ਦਾ ਓਨਾ ਅਹਿਸਾਸ ਨਹੀਂ ਸੀ। ਫਿਰ ਵੀ ਸ਼ੁਰੂ ਤੋਂ ਹੀ ਪਰਿਵਾਰ ਵਿੱਚ ਮੇਰੀ ਕਦਰ ਰਹੀ ਹੈ ਜੋ ਸਮੇਂ ਦੇ ਨਾਲ ਵਧਦੀ ਗਈ।’’
‘‘ਇੱਕ ਲੇਖਕ ਮਨੁੱਖ ਵਜੋਂ ਕਿਹੋ ਜਿਹਾ ਹੋਣਾ ਚਾਹੀਦਾ ਹੈ?’’ ਅਸੀਂ ਗੱਲ ਨੂੰ ਅੱਗੇ ਤੋਰਿਆ। ਉਹ ਮੁਸਕਰਾਏ, ‘‘ਕਈ ਲੇਖਕ ਖ਼ੁਦ ਨੂੰ ਜਿੱਥੇ ਆਦਰਸ਼ਵਾਦੀ ਅਤੇ ਸਮਾਜ ਤੇ ਸਾਹਿਤ ਦੇ ਸੇਵਕ ਕਹਿ ਕੇ ਵਡਿਆਉਂਦੇ ਨੇ, ਉੱਥੇ ਪਰਿਵਾਰਕ ਤੇ ਸਮਾਜਿਕ ਜ਼ਿੰਦਗੀ ਵਿੱਚ ਮਨੁੱਖ ਵਜੋਂ ਉਨ੍ਹਾਂ ਦਾ ਬਿੰਬ ਚੰਗਾ ਨਹੀਂ ਹੁੰਦਾ। ਆਮ ਤੌਰ ’ਤੇ ਲੋਕਾਂ ਵਿੱਚ ਵੀ ਲੇਖਕ ਦਾ ਬਿੰਬ ਏਨਾ ਚੰਗਾ ਨਹੀਂ ਹੈ। ਕੁਝ ਲੇਖਕ ਤਾਂ ਖ਼ੁਦ ਉਸ ਮਾੜੇ ਬਿੰਬ ਨੂੰ ਉਛਾਲਦੇ ਅਤੇ ਮੰਨਦੇ ਨੇ ਕਿ ਲੇਖਕ ਲਈ ਮੰਦਾ ਚੰਗਾ ਸਭ ਜਾਇਜ਼ ਹੈ ਤੇ ਉਹ ਆਮ ਲੋਕਾਂ ਤੋਂ ਉਪਰ ਹੈ। ਲੇਖਕ ਤੇ ਮਨੁੱਖ ’ਚ ਇਹ ਦੁਫਾੜ ਮੈਂ ਠੀਕ ਨਹੀਂ ਸਮਝਦਾ।’’
ਮੇਰੇ ਯਾਦ ਆਇਆ, ਕਿਸੇ ਵਿਦਿਆਰਥੀ ਨੇ ਮੈਥੋਂ ਸੁਖਬੀਰ ਦਾ ਅਸਲ ਨਾਂ ਪੁੱਛਿਆ ਸੀ। ਨਾਂ ਬਦਲਣ ਦੀ ਗੱਲ ਪੁੱਛਣ ’ਤੇ ਉਹ ਦੱਸਣ ਲੱਗੇ, ‘‘ਮੇਰਾ ਨਾਂ ਬਲਬੀਰ ਸਿੰਘ ਹੈ, ਸ਼ੁਰੂ ’ਚ ਮੈਂ ਇਸੇ ਨਾਂ ਨਾਲ ਛਪਦਾ ਰਿਹਾ ਹਾਂ। ਉਦੋਂ ਇੱਕ ਹੋਰ ਲੇਖਕ ਦਾ ਵੀ ਇਹੋ ਨਾਂ ਸੀ। ਮੈਨੂੰ ਕਿਸੇ ਮਿੱਤਰ ਨੇ ਦੱਸਿਆ ਕਿ ਉਹ ਮੇਰੀਆਂ ਰਚਨਾਵਾਂ ਨੂੰ ਪਾਠਕਾਂ ’ਚ ਆਪਣੀਆਂ ਹੀ ਦੱਸਦਾ ਰਹਿੰਦਾ ਹੈ। ਫਿਰ ਪ੍ਰੀਤਲੜੀ ਦੇ ਸੰਪਾਦਕ ਨਵਤੇਜ ਸਿੰਘ ਨੇ ਮੇਰਾ ਨਾਂ ਸੁਖਬੀਰ ਧਰ ਦਿੱਤਾ।’’
ਸੁਖਬੀਰ ਨੇ ਇੰਜੀਨੀਅਰ ਤੇ ਚਿੱਤਰਕਾਰ ਨਾ ਬਣ ਸਕਣ ਦੀ ਭੁੱਖ ਦੀ ਤ੍ਰਿਪਤੀ ਕਰਨ ਲਈ ਕਿਸੇ ਹੱਦ ਤਕ ਆਰਕੀਟੈਕਚਰ ਤੇ ਖ਼ਾਸਕਰ ਚਿੱਤਰਕਲਾ ਬਾਰੇ ਬਹੁਤ ਪੜ੍ਹਿਆ। ਇਸੇ ਕਰਕੇ ਉਨ੍ਹਾਂ ਨੇ ਚਿੱਤਰਕਲਾ ਦੀ ਤਕਨੀਕ ’ਚ ਅਨੇਕਾਂ ਕਵਿਤਾਵਾਂ ਲਿਖੀਆਂ। ਕਾਵਿ-ਕਿਤਾਬ ‘ਨੈਣ ਨਕਸ਼’ ਵਿਚਲੀਆਂ ਕਵਿਤਾਵਾਂ- ਪੋਰਟ੍ਰੇਟ, ਲੈਂਡ-ਸਕੇਪ, ਸਟਿਲ ਲਾਈਫ, ਕੋਲਾਜ ਤੇ ਸੈਲਫ ਪੋਰਟ੍ਰੇਟ ਆਦਿ ਅਸਲ ਵਿੱਚ ਚਿੱਤਰ ਹੀ ਹਨ। ਆਪਣੀ ਇਸ ਨਜ਼ਰ ਬਾਰੇ ਉਨ੍ਹਾਂ ਨੇ ਵਿਸਥਾਰ ’ਚ ਦੱਸਿਆ, ‘‘ਸ਼ਬਦਾਂ ਦੇ ਰੰਗਾਂ, ਰੂਪਾਂ, ਧੁਨੀਆਂ, ਬਿੰਬਾਂ ਨੂੰ ਸਮਝਣ ’ਚ ਚਿੱਤਰਕਲਾ ਦੇ ਸ਼ੌਕ ਨੇ ਮੇਰੀ ਬੜੀ ਮਦਦ ਕੀਤੀ।
ਸ਼ਬਦ ਮੈਨੂੰ ਚਿੱਤਰਾਂ ਦੇ ਰੂਪ ਵਿੱਚ ਦਿਸਦੇ ਨੇ। ਕਵਿਤਾਵਾਂ ਵਿੱਚ ਹੀ ਨਹੀਂ, ਕਹਾਣੀਆਂ ਤੇ ਨਾਵਲਾਂ ’ਚ ਵੀ ਮੇਰੀ ਚਿੱਤਰਕਲਾ ਦੀ ਨਜ਼ਰ ਵੇਖੀ ਜਾ ਸਕਦੀ ਹੈ- ਚੀਜ਼ਾਂ ਨੂੰ ਵੇਖਣ ਤੇ ਮਹਿਸੂਸਣ ਵਿੱਚ ਹੀ ਨਹੀਂ, ਉਨ੍ਹਾਂ ਦੀਆਂ ਸ਼ਕਲਾਂ ਤੇ ਡਿਜ਼ਾਈਨਾਂ ਨੂੰ ਰੂਪਮਾਨ ਕਰਨ ਵਿੱਚ ਵੀ। ਮੇਰੀਆਂ ਰਚਨਾਵਾਂ ਵਿੱਚ ਕਿਸੇ ਹਦ ਤਕ ਆਰਕੀਟੈਕਚਰ ਦਾ ਵੀ ਅਸਰ ਵੇਖਿਆ ਜਾ ਸਕਦਾ ਹੈ।’’
ਕੱਚ ਦੀ ਬਾਰੀ ਨਾਲ ਖਹਿੰਦੀਆਂ ਸਮੁੰਦਰੀ ਛੱਲਾਂ ਸਾਡੀ ਗੱਲਬਾਤ ’ਚ ਰਲਣਾ ਚਾਹੁੰਦੀਆਂ ਸਨ, ਜਿਵੇਂ ਉਨ੍ਹਾਂ ਨੇ ਸਾਡੇ ਮਨ ਦਾ ਸਵਾਲ ਆਪ ਕਰਨਾ ਹੋਵੇ, ‘‘ਤੁਹਾਨੂੰ ਕਿਸ ਵਿਧਾ ’ਚ ਲਿਖ ਕੇ ਸਭ ਤੋਂ ਵੱਧ ਰੱਜ ਆਇਆ?’’
ਸੁਖਬੀਰ ਨੇ ਆਪਣੇ ਅੰਦਰਲੇ ਸਮੁੰਦਰ ਦੀ ਛੱਲ ਉਸ ਕੱਚ ਦੀ ਬਾਰੀ ਵੱਲ ਵਗਾਹੀ, ‘‘ਮੈਂ ਖ਼ੁਦ ਨੂੰ ਬੁਨਿਆਦੀ ਤੌਰ ’ਤੇ ਕਵੀ ਸਮਝਦਾਂ ਤੇ ਕਵਿਤਾ ਲਿਖ ਕੇ ਮੈਨੂੰ ਕਲਾਤਮਿਕ ਨੁਕਤੇ ਤੋਂ ਵਧੇਰੇ ਸੰਤੁਸ਼ਟੀ ਹੋਈ ਹੈ, ਭਾਵੇਂ ਮੇਰੀ ਕਵਿਤਾ ਬਹੁਤ ਥੋੜ੍ਹੇ ਪਾਠਕਾਂ ਤਕ ਪਹੁੰਚੀ ਤੇ ਹੋਰ ਵੀ ਥੋੜ੍ਹੇ ਪਾਠਕਾਂ ਨੇ ਪਸੰਦ ਕੀਤੀ। ਮੇਰੀਆਂ ਕਹਾਣੀਆਂ ਤੇ ਨਾਵਲਾਂ ਦੀਆਂ ਕਈ ਖ਼ੂਬੀਆਂ ਮੇਰੇ ਕਵੀ ਹੋਣ ਕਰਕੇ ਹੀ ਨੇ ਜਾਂ ਕਹਾਂ ਕਿ ਮੈਂ ਕਵੀ ਨਾ ਹੁੰਦਾ ਤਾਂ ਮੇਰੀਆਂ ਕਹਾਣੀਆਂ ਤੇ ਨਾਵਲ ਕਲਾਤਮਿਕ ਨੁਕਤੇ ਤੋਂ ਘੱਟ ਚੰਗੇ ਹੋਣੇ ਸਨ। ਇਨ੍ਹਾਂ ਵਿੱਚ ਮੈਂ ਪਾਤਰਾਂ, ਜਜ਼ਬਿਆਂ, ਚੀਜ਼ਾਂ, ਜਿਣਸਾਂ ਆਦਿ ਨੂੰ ਕਾਫ਼ੀ ਹੱਦ ਤਕ ਇੱਕ ਕਵੀ ਦੀ ਨਜ਼ਰ ਤੇ ਸੰਵੇਦਨਾ ਨਾਲ ਵੇਖਿਆ ਤੇ ਚਿਤਰਿਆ ਹੈ, ਜਿਵੇਂ ਕਵਿਤਾ ਵਿੱਚ ਮੈਂ ਕਹਿਣ ਦੀ ਥਾਂ ਵਧੇਰੇ ਕਰਕੇ ਚਿਤਰਦਾ ਹਾਂ।’’ ਮੈਨੂੰ ਪ੍ਰਸਿੱਧ ਨਾਵਲ ‘ਸੜਕਾਂ ਤੇ ਕਮਰੇ’ ਯਾਦ ਆਇਆ ਜੋ ਕਾਲਜਾਂ ਯੂਨੀਵਰਸਿਟੀਆਂ ’ਚ ਬਹੁਤ ਪੜ੍ਹਾਇਆ ਗਿਆ ਤੇ ਪੜ੍ਹਾਇਆ ਜਾਂਦਾ ਰਹੇਗਾ। ਇਸ ਨਾਵਲ ਦਾ ਨਾਂ ਹੀ ਸਾਡੇ ਸਾਹਵੇਂ ਮੁੰਬਈ ਵਰਗੇ ਵੱਡੇ ਮਹਾਂਨਗਰਾਂ ਦੀ ਜ਼ਿੰਦਗੀ ਦਾ ਚਿੱਤਰ ਖਿੱਚ ਦਿੰਦਾ ਹੈ। ਕਵੀ ਦੀ ਨਜ਼ਰ ਹਰ ਵਿਧਾ ਲਈ ਉਹਦੀ ਰੂਹ ਵਜੋਂ ਕੰਮ ਕਰਦੀ ਹੈ।
‘‘ਪੰਜਾਬੀ ਸਾਹਿਤ ਆਲੋਚਨਾ ਬਾਰੇ ਤੁਹਾਡੀ ਕੀ ਰਾਇ ਹੈ, ਕੀ ਇਹ ਸਾਹਿਤ ਦਾ ਕੁਝ ਸੰਵਾਰਦੀ ਵੀ ਹੈ?’’ ਦੇਵਨੀਤ ਨੇ ਚਾਰੇ ਪਾਸੇ ਕਿਤਾਬਾਂ ਨਾਲ ਭਰੀਆਂ ਅਲਮਾਰੀਆਂ ਵੱਲ ਨਿਗ੍ਹਾ ਮਾਰਦਿਆਂ ਪੁੱਛਿਆ। ਉਹ ਪਹਿਲਾਂ ਵਾਂਗ ਮਿੰਨ੍ਹਾ ਜਿਹਾ ਮੁਸਕਰਾਏ, ‘‘ਪੰਜਾਬੀ ਸਾਹਿਤ ਆਲੋਚਨਾ ਮੈਂ ਘੱਟ ਹੀ ਪੜ੍ਹਦਾ ਹਾਂ, ਜਦ ਲਿਖਣਾ ਸ਼ੁਰੂ ਕੀਤਾ ਸੀ ਤਾਂ ਬਹੁਤ ਪੜ੍ਹੀ ਸੀ। ਫੇਰ ਐਮ.ਏ ਪੰਜਾਬੀ ਦੇ ਦਨਿਾਂ ’ਚ ਇਮਤਿਹਾਨ ਦੇ ਨੁਕਤੇ ਤੋਂ ਪੜ੍ਹਨੀ ਪਈ। ਉਂਝ ਪਿਛਲੇ ਕੁਝ ਵਰ੍ਹਿਆਂ ਤੋਂ ਉਹ ਜਿਹੋ ਜਿਹੀ ਭਾਸ਼ਾ ’ਚ ਲਿਖੀ ਜਾ ਰਹੀ , ਜ਼ਿਆਦਾਤਰ ਪੱਲੇ ਨਹੀਂ ਪੈਂਦੀ। ਹਾਂ, ਵਿਦੇਸ਼ੀ ਸਾਹਿਤਕਾਰਾਂ ਦੀ ਆਲੋਚਨਾ, ਅਸਲ ’ਚ ਮੁਲਾਂਕਣ ਮੈਂ ਬਹੁਤ ਪੜ੍ਹਦਾ ਹਾਂ। ਕਈ ਵੱਡੇ ਲੇਖਕਾਂ ਨੂੰ ਮੈਂ ਉਨ੍ਹਾਂ ਦੇ ਮੁਲਾਂਕਣ ਸਦਕਾ ਹੀ ਸਹੀ ਅਰਥਾਂ ਵਿੱਚ ਸਮਝ ਸਕਿਆ ਹਾਂ ਅਤੇ ਸਾਹਿਤ ਲਿਖਣ-ਕਲਾ ਸੰਬੰਧੀ ਬਹੁਤ ਕੁਝ ਸਿੱਖਿਆ-ਸਮਝਿਆ। ਉਸ ਨੇ ਮੇਰਾ ਸਾਹਿਤਕ ਸੁਹਜ ਸਵਾਦ ਵੀ ਵਿਕਸਿਤ ਕੀਤਾ ਤੇ ਇਸ ਸਮੁੱਚੇ ਵਿਕਾਸ ਸਦਕਾ ਮੈਂ ਸਾਹਿਤ ਦੇ ਖੇਤਰ ਵਿੱਚ ਵਾਦਾਂ ਦੀਆਂ ਸੌੜੀਆਂ ਵਲਗਣਾਂ ’ਚੋਂ ਕਾਫ਼ੀ ਹੱਦ ਤਕ ਨਿਕਲ ਸਕਿਆ।’’
ਉਨ੍ਹਾਂ ਅਜੇ ਸਾਹ ਲਿਆ ਹੀ ਸੀ ਕਿ ਮੈਂ ਗੱਲ ਹੋਰ ਅੱਗੇ ਵਧਾਈ, ‘‘ਲੇਖਕ ਦੇ ਸਵੈ-ਆਲੋਚਕ ਹੋਣ ਬਾਰੇ ਕਿਵੇਂ ਸੋਚਦੇ ਹੋ, ਸ਼ਾਇਦ ਇਹ ਗੱਲ ਉਸ ਨੂੰ ਬਹੁਤ ਵਧੀਆ ਲਿਖਣ ਲਾ ਦਿੰਦੀ ਹੈ?’’
ਸੁਖਬੀਰ ਹੁਰੀਂ ਇਕਦਮ ਬੋਲੇ, ‘‘ਬਿਲਕੁਲ! ਲੇਖਕ ਨੂੰ ਆਪਣਾ ਬਹੁਤ ਸਖ਼ਤ ਆਲੋਚਕ ਹੋਣਾ ਚਾਹੀਦਾ ਹੈ। ਅਸਲ ਵਿੱਚ ਮਨੁੱਖ ਨੂੰ ਹੀ ਆਪਣਾ ਸਖ਼ਤ ਆਲੋਚਕ ਹੋਣਾ ਚਾਹੀਦਾ ਹੈ, ਪਰ ਇਹ ਸਭ ਤੋਂ ਔਖਾ ਕੰਮ ਹੈ। ਮੈਂ ਆਪਣੀਆਂ ਰਚਨਾਵਾਂ ਦਾ ਬਹੁਤ ਸਖ਼ਤ ਆਲੋਚਕ ਹਾਂ। ਹਰ ਰਚਨਾ ਦੂਜੀ, ਤੀਜੀ, ਚੌਥੀ ਵਾਰ ਲਿਖਦਾ ਹਾਂ। ਕੁਝ ਸਮਾਂ ਪਾ ਕੇ ਉਸ ਨੂੰ ਫੇਰ ਪੜ੍ਹਦਾ ਹਾਂ ਤੇ ਕਾਂਟ-ਤਰਾਸ਼ ਕਰਦਾ ਹਾਂ। ਕਾਹਲ ਵਿੱਚ ਛਪਣ ਦੀ ਭੁੱਖ ’ਤੇ ਮੇਰਾ ਸ਼ੁਰੂ ਤੋਂ ਹੀ ਕਾਬੂ ਰਿਹਾ ਹੈ। ਰਚਨਾ ਲਿਖਣ ਤੋਂ ਬਾਅਦ ਕਾਫ਼ੀ ਚਿਰ ਪਿੱਛੋਂ ਛਪਵਾਉਂਦਾ ਹਾਂ। ਮੇਰੇ ਵਿਕਾਸ ’ਚ ਸਵੈ-ਆਲੋਚਨਾ ਦਾ ਬਹੁਤ ਵੱਡਾ ਹੱਥ ਹੈ, ਵਰਨਾ ਅੱਜ ਮੈਂ ਉੱਥੇ ਹੀ ਹੁੰਦਾ ਜਿੱਥੋਂ ਸ਼ੁਰੂ ਹੋਇਆ ਸਾਂ ਤੇ ਖ਼ੁਦ ਨੂੰ ਦੁਹਰਾਉਂਦਾ ਰਹਿੰਦਾ।’’ ਮੈਂ ਆਪਣੇ ਸਮੇਤ ਕਿੰਨੇ ਹੀ ਪੰਜਾਬੀ ਲੇਖਕਾਂ ਨੂੰ ਯਾਦ ਕੀਤਾ ਜੋ ਲਿਖਦੇ ਪਿੱਛੋਂ ਹਨ, ਪਰ ਛਪਦੇ ਪਹਿਲਾਂ। ਮਨ ਹੀ ਮਨ ਮੈਂ ਸੁਖਬੀਰ ਦੀ ਸਾਧਨਾ ਨੂੰ ਸਲਾਮ ਕੀਤਾ। ਕਿਤੇ ਪਾਠਕਾਂ ਦੀ ਗਿਣਤੀ ਲੇਖਕਾਂ ਦੇ ਛਪਣ ਦੀ ਕਾਹਲ ਕਰਕੇ ਤਾਂ ਨਹੀਂ ਘਟ ਰਹੀ? ਇਹ ਸਵਾਲ ਮੈਂ ਆਪਣੇ ਆਪ ਨੂੰ ਵੀ ਕੀਤਾ ਤੇ ਕਿਹਾ ਕਿ ਕਿੰਨਾ ਚੰਗਾ ਹੋਵੇ ਜੇ ਸੁਖਬੀਰ ਜਿਹਾ ਠਰੰਮਾ ਸਭ ਲੇਖਕਾਂ ਕਲਾਕਾਰਾਂ ’ਚ ਆ ਜਾਵੇ।
ਉਨ੍ਹਾਂ ਨੂੰ ਆਖ਼ਰੀ ਸਵਾਲ ਕੀਤਾ, ‘‘ਕੀ ਲਿਖ ਤੇ ਕੀ ਪੜ੍ਹ ਰਹੇ ਹੋ ਅੱਜਕੱਲ੍ਹ?’’ ਉਹ ਮੱਠੀ ਆਵਾਜ਼ ’ਚ ਦੱਸਣ ਲੱਗੇ, ‘‘ਅੱਜਕੱਲ੍ਹ ਮੈਂ ਜ਼ਿਆਦਾਤਰ ਕਵਿਤਾਵਾਂ ਲਿਖ ਰਿਹਾ ਹਾਂ ਤੇ ਹਮੇਸ਼ਾਂ ਵਾਂਗ ਪੜ੍ਹ ਰਿਹਾ ਹਾਂ - ਵੱਡੇ ਲੇਖਕਾਂ ਨੂੰ ਵੀ, ਚਿੰਤਕਾਂ ਨੂੰ ਵੀ। ਇਹੋ ਪੜ੍ਹਾਈ ਲਿਖਣ-ਕਲਾ ਅਤੇ ਜਿਉਣ-ਕਲਾ ਵਿੱਚ ਵੀ ਸਹਾਈ ਹੁੰਦੀ ਹੈ।’’
ਨੌਂ ਜੁਲਾਈ 1925 ਨੂੰ ਮੁੰਬਈ ਵਿਖੇ ਰੇਲਵੇ ਇੰਜੀਨੀਅਰ ਸ੍ਰੀ ਮਨਸ਼ਾ ਸਿੰਘ ਅਤੇ ਮਾਤਾ ਸ੍ਰੀਮਤੀ ਸ਼ਿਵ ਕੌਰ ਦੇ ਘਰ ਜਨਮੇ ਸੁਖਬੀਰ ਨੇ 87 ਸਾਲਾਂ ਦੀ ਲੰਮੀ ਉਮਰ ਬਹੁਤ ਹੀ ਸਾਦਗੀ ਤੇ ਸਹਿਜ ਨਾਲ ਗੁਜ਼ਾਰੀ। ਉਹ ਸਾਰੀ ਉਮਰ ਪੜ੍ਹਦੇ ਲਿਖਦੇ ਰਹੇ। ਮੈਨੂੰ ਅੱਜ ਵੀ ਯਾਦ ਹੈ ਕਿ ਇਸ ਮਿਲਣੀ ’ਚ ਉਨ੍ਹਾਂ ਨੇ ਪੰਜਾਬੀ ਦੀ ਬਹੁਤੀ ਲੈਅ-ਵਿਹੂਣੀ ਕਵਿਤਾ ’ਤੇ ਚਿੰਤਾ ਪ੍ਰਗਟਾਈ। ਲੋੜੋਂ ਵੱਧ ਲੱਫ਼ਾਜ਼ੀ ਵਾਲੀ ਤੇ ਇੱਕੋ ਟਰੈਕ ’ਤੇ ਘੁੰਮਦੀ ਕਵਿਤਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਸੁਖਬੀਰ ਭਾਵੇਂ ਆਪਣੇ ਰਹਿਣ-ਸਹਿਣ, ਖਾਣ-ਪੀਣ, ਪਹਿਰਾਵੇ ’ਚ ਏਨੇ ਆਧੁਨਿਕ ਜਾਂ ਵਿਲੱਖਣ ਨਹੀਂ ਸਨ, ਪਰ ਆਪਣੇ ਵਿਚਾਰਾਂ ਤੇ ਸਾਹਿਤ ਅਤੇ ਜ਼ਿੰਦਗੀ ਦੇ ਸੁਹਜ ਸਵਾਦ ਵਿੱਚ ਬਣੇ ਬਣਾਏ ਰਾਹਾਂ ’ਤੇ ਨਾ ਤੁਰ ਕੇ ਕਾਫ਼ੀ ਹੱਦ ਤਕ ਨਵੇਂ, ਆਧੁਨਿਕ ਤੇ ਪ੍ਰਯੋਗਸ਼ੀਲ ਰਹੇ ਹਨ।
ਬਾਈ ਫਰਵਰੀ 2012 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੁਖਬੀਰ ਆਪਣੀਆਂ ਰਚਨਾਵਾਂ ਰਾਹੀਂ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਗੇ।
ਸੰਪਰਕ: 98723-75898