ਸੁਖਬੀਰ ਨੇ ਅਕਾਲ ਤਖ਼ਤ ’ਤੇ ਖਿਮਾ ਯਾਚਨਾ ਦਾ ਪੱਤਰ ਸੌਂਪਿਆ
ਟ੍ਰਿਬਿਊਨ ਿਨਊਜ਼ ਸਰਵਿਸ
ਅੰਮ੍ਰਿਤਸਰ, 31 ਅਗਸਤ
ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਨਿਮਾਣੇ ਸਿੱਖ ਵਜੋਂ ਖਿਮਾ ਯਾਚਨਾ ਸਬੰਧੀ ਪੱਤਰ ਦਿੱਤਾ। ਇਸ ਦੌਰਾਨ ਤਤਕਾਲੀ ਅਕਾਲੀ ਸਰਕਾਰ ਦੇ ਚਾਰ ਮੰਤਰੀਆਂ ਨੇ ਵੀ ਅਕਾਲ ਤਖ਼ਤ ’ਤੇ ਆਪੋ-ਆਪਣਾ ਸਪੱਸ਼ਟੀਕਰਨ ਪੱਤਰ ਸੌਂਪਿਆ। ਉਂਝ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਿਟ ਵਿੱਚ ਸ਼ਾਮਲ ਰਹੇ ਲਗਪਗ ਡੇਢ ਦਰਜਨ ਸਿੱਖ ਆਗੂਆਂ ਨੂੰ ਸਪੱਸ਼ਟੀਕਰਨ ਦੇਣ ਸਬੰਧੀ ਪੱਤਰ ਭੇਜੇ ਹਨ।
ਅੱਜ ਬਾਅਦ ਦੁਪਹਿਰ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਅਚਾਨਕ ਪੁੱਜੇ। ਉਸ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਾਜ਼ਰ ਨਹੀਂ ਸਨ। ਸੁਖਬੀਰ ਬਾਦਲ ਨੇ ਆਪਣਾ ਖਿਮਾ ਯਾਚਨਾ ਪੱਤਰ ਦਫ਼ਤਰ ਵਿੱਚ ਸੌਂਪਿਆ ਅਤੇ ਪਰਤ ਗਏ। ਇਸ ਤੋਂ ਪਹਿਲਾਂ ਉਨ੍ਹਾਂ ਅਕਾਲ ਤਖ਼ਤ ਵਿਖੇ ਨਿਮਾਣੇ ਸਿੱਖ ਵਜੋਂ ਮੱਥਾ ਟੇਕਿਆ। ਉਨ੍ਹਾਂ ਨੇ ਆਪਣੇ ਗਲੇ ਵਿੱਚ ਚਿੱਟੇ ਰੰਗ ਦਾ ਪਰਨਾ ਪਾਇਆ ਹੋਇਆ ਸੀ ਅਤੇ ਬਿਨਾਂ ਸੁਰੱਖਿਆ ਕਰਮਚਾਰੀਆਂ ਦੇ ਕੈਂਪਸ ਵਿੱਚ ਦਾਖ਼ਲ ਹੋਏ ਸਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ। ਪੱਤਰ ’ਚ ਉਨ੍ਹਾਂ ਲਿਖਿਆ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਉਹ ਗੁਰੂ ਦੇ ਨਿਮਾਣੇ ਸਿੱਖ ਵਜੋਂ ਸੀਸ ਨਿਵਾ ਕੇ ਪ੍ਰਵਾਨ ਕਰਦੇ ਹਨ। ਉਨ੍ਹਾਂ ਲਿਖਿਆ ਕਿ ਉਹ ਗੁਰੂ ਪੰਥ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਅਤੇ ਹਲੀਮੀ ਨਾਲ ਖਿਮਾ ਯਾਚਨਾ ਕਰਦੇ ਹਨ ਅਤੇ ਇਸ ਨੂੰ ਪ੍ਰਵਾਨ ਕੀਤਾ ਜਾਵੇ। ਸ੍ਰੀ ਬਾਦਲ ਤੋਂ ਇਲਾਵਾ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਡਾਕਟਰ ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਗੁਲਜ਼ਾਰ ਸਿੰਘ ਰਣੀਕੇ ਨੇ ਵੀ ਸਪੱਸ਼ਟੀਕਰਨ ਅਕਾਲ ਤਖ਼ਤ ਸੌਂਪੇ ਹਨ।