ਸੁਖਬੀਰ ਵੱਲੋਂ ਏਐੱਸਆਈ ਜਸਬੀਰ ਸਿੰਘ ਤੇ ਹੀਰਾ ਸਿੰਘ ਨੂੰ ਰਾਸ਼ਟਰਪਤੀ ਮੈਡਲ ਦੇਣ ਦੀ ਸਿਫ਼ਾਰਿਸ਼
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਚਾਰ ਦਸੰਬਰ ਨੂੰ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ’ਤੇ ਹੋਏ ਹਮਲੇ ਦੌਰਾਨ ਦਲੇਰੀ ਨਾਲ ਰੱਖਿਆ ਕਰਨ ਵਾਲੇ ਏਐੱਸਆਈ ਜਸਬੀਰ ਸਿੰਘ ਤੇ ਹੀਰਾ ਸਿੰਘ ਦਾ ਰਾਸ਼ਟਰਪਤੀ ਮੈਡਲ ਨਾਲ ਸਨਮਾਨ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਸਬੰਧੀ ਸ੍ਰੀ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਗਿਆ ਹੈ, ਇਸ ਦੀਆਂ ਕਾਪੀਆਂ ਡੀਜੀਪੀ ਸਣੇ ਸਬੰਧਤ ਉੱਚ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ। ਪੱਤਰ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਦੋਵਾਂ ਮੁਲਾਜ਼ਮਾਂ ਨੇ 4 ਦਸੰਬਰ ਨੂੰ ਜੋ ਦਲੇਰੀ ਤੇ ਆਪਣੇ ਫਰਜ਼ ਪ੍ਰਤੀ ਸਮਰਪਣ ਦੀ ਭਾਵਨਾ ਦਿਖਾਈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਇਸ ਦੌਰਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਘਟਨਾ ਦੀ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਏਐੱਸਆਈ ਜਸਬੀਰ ਸਿੰਘ ਤੇ ਹੀਰਾ ਸਿੰਘ ਦੀ ਬਹਾਦਰੀ ਤੇ ਦਲੇਰੀ ਭਰੀ ਕਾਰਵਾਈ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਦੇਣ ਦੀ ਸਿਫ਼ਾਰਿਸ਼ ਕਰਨ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ’ਚ ਉਨ੍ਹਾਂ ਦੀ ਸਰਕਾਰ ਵੱਲੋਂ ਸਿਆਸੀ ਵਿਰੋਧੀਆਂ ਦੇ ਕਤਲ ਕਰਵਾਉਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਹਮਲਾ ਕੋਈ ਨਿਵੇਕਲੀ ਘਟਨਾ ਤੇ ਕਿਸੇ ਇੱਕ ਵਿਅਕਤੀ ਵੱਲੋਂ ਕੀਤਾ ਹਮਲਾ ਨਹੀਂ ਸੀ। ਇਹ ਸਿੱਖ ਲੀਡਰਸ਼ਿਪ ਨੂੰ ਖ਼ਤਮ ਕਰਨ ਵਾਸਤੇ ਪਹਿਲਾਂ ਤੋਂ ਤੈਅ ਯੋਜਨਾ ਮੁਤਾਬਕ ਮਿਥ ਕੇ ਕੀਤਾ ਗਿਆ ਹਮਲਾ ਹੈ, ਜੋ ਡੂੰਘੀ ਸਾਜ਼ਿਸ਼ ਦਾ ਨਤੀਜਾ ਸੀ। ਇਸ ਦੀ ਜਾਂਚ ਕਰਨੀ ਚਾਹੀਦੀ ਹੈ।