ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਖਬੀਰ ਬਾਦਲ ਨੇ ਤਖ਼ਤ ਦਮਦਮਾ ਸਾਹਿਬ ’ਚ ਸੇਵਾ ਕੀਤੀ

08:20 AM Dec 10, 2024 IST
ਤਖ਼ਤ ਦਮਦਮਾ ਸਾਹਿਬ ਵਿਖੇ ਭਾਂਡੇ ਮਾਂਜਦੇ ਹੋਏ ਸੁਖਬੀਰ ਸਿੰਘ ਬਾਦਲ। -ਫੋਟੋ: ਪਵਨ ਸ਼ਰਮਾ

ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 9 ਦਸੰਬਰ
ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਤਨਖ਼ਾਹ ਤਹਿਤ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜੇ। ਉਨ੍ਹਾਂ ਤਖ਼ਤ ਸਾਹਿਬ ਅੱਗੇ ਚਰਨ ਕੁੰਡ ਕੋਲ ਸਵੇਰੇ 9 ਤੋਂ 10 ਵਜੇ ਤੱਕ ਪਹਿਰੇਦਾਰ ਵਜੋਂ ਸੇਵਾ ਨਿਭਾਈ। ਇਸ ਮਗਰੋਂ ਸੁਖਬੀਰ, ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਸੁੱਚਾ ਸਿੰਘ ਲੰਗਾਹ ਅਤੇ ਗੁਲਜ਼ਾਰ ਸਿੰਘ ਰਣੀਕੇ ਨੇ ਇੱਕ ਘੰਟਾ ਕੀਰਤਨ ਸਵਰਣ ਕੀਤਾ। ਇਸ ਉਪਰੰਤ ਅਕਾਲੀ ਲੀਡਰਸ਼ਿਪ ਨੇ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਇੱਕ ਘੰਟਾ ਮਾਤਾ ਸੁੰਦਰ ਕੌਰ ਲੰਗਰ ਹਾਲ ਵਿੱਚ ਜੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਕੀਤੀ।
ਬਲਵਿੰਦਰ ਸਿੰਘ ਭੂੰਦੜ, ਡਾ. ਚੀਮਾ, ਗਾਬੜੀਆਂ, ਲੰਗਾਹ ਅਤੇ ਰਣੀਕੇ ਨੇ ਗੁਰੂ ਤੇਗ ਬਹਾਦਰ ਸਰਾਂ ਵਿੱਚ ਪਖਾਨੇ ਵੀ ਸਾਫ਼ ਕੀਤੇ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਸਿੱਧੂ, ਤੇਜਿੰਦਰ ਮਿੱਡੂ ਖੇੜਾ, ਰਵੀਪ੍ਰੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਜੈਲਦਾਰ, ਦਿਲਰਾਜ ਸਿੰਘ ਭੂੰਦੜ ਤੋਂ ਇਲਾਵਾ ਹੋਰ ਅਕਾਲੀ ਆਗੂ ਤੇ ਵਰਕਰ ਸ਼ਾਮਲ ਸਨ।
ਦੂਜੇ ਪਾਸੇ, ਇੱਥੇ ਪੁਲੀਸ ਅਤੇ ਸੂਹੀਆ ਤੰਤਰ ਵੱਲੋਂ ਇੱਥੇ ਆਉਣ ਵਾਲਿਆਂ ’ਤੇ ਬਾਜ਼ ਅੱਖ ਰੱਖੀ ਜਾ ਰਹੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ।

Advertisement

ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਖੁਆਰ ਹੋਈ ਸੰਗਤ

ਤਲਵੰਡੀ ਸਾਬੋ: ਸੇਵਾ ਦੌਰਾਨ ਅੰਮ੍ਰਿਤਸਰ ਵਿੱਚ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਘਟਨਾ ਕਾਰਨ ਇੱਥੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਤਖ਼ਤ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਆਰਜ਼ੀ ਤੌਰ ’ਤੇ ਸੀਸੀਟੀਵੀ ਕੈਮਰੇ ਲਗਾ ਕੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਵੱਡੀ ਗਿਣਤੀ ਪੁਲੀਸ ਬਲ ਵੀ ਤਾਇਨਾਤ ਸੀ। ਤਖ਼ਤ ਸਾਹਿਬ ਨੂੰ ਆਉਂਦੇ ਰਾਹਾਂ ’ਤੇ ਮੈਟਲ ਡਿਕਟੇਟਰ ਲਗਾ ਕੇ ਸੰਗਤ ਨੂੰ ਇਨ੍ਹਾਂ ਵਿੱਚੋਂ ਦੀ ਲੰਘਾਇਆ ਗਿਆ। ਇਸ ਦੌਰਾਨ ਮੀਡੀਆ ਕਰਮੀਆਂ ਨੂੰ ਵੀ ਸੁਖਬੀਰ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਕਈ ਥਾਈਂ ਪੁਲੀਸ ਨਾਲ ਲੋਕਾਂ ਦੀ ਬਹਿਸ ਵੀ ਹੋ ਗਈ। ਸੁਖਬੀਰ ਬਾਦਲ ਜਦੋਂ ਲੰਗਰ ਵਿੱਚ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕਰ ਰਹੇ ਸਨ ਤਾਂ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮ ਬੁੂਟਾਂ ਸਣੇ ਹੀ ਮੌਜੂਦ ਰਹੇ।

ਢੀਂਡਸਾ ਨੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ’ਚ ਸੇਵਾ ਕੀਤੀ

ਸੁਖਦੇਵ ਸਿੰਘ ਢੀਂਡਸਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿੱਚ ਪਹਿਰੇਦਾਰ ਦੀ ਸੇਵਾ ਨਿਭਾਉਂਦੇ ਹੋਏ।

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਅਕਾਲ ਤਖ਼ਤ ਵੱਲੋਂ ਤਨਖਾਹੀਆ ਕਰਾਰ ਦੇਣ ਬਾਅਦ ਸੁਖਦੇਵ ਸਿੰਘ ਢੀਂਡਸਾ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਪਹੁੰਚੇ। ਉਨ੍ਹਾਂ ਪਹਿਲਾਂ ਪਹਿਰੇਦਾਰ ਦੀ ਸੇਵਾ ਨਿਭਾਈ। ਇਸ ਮਗਰੋਂ ਆਪਣੇ ਸਮਰਥਕਾਂ ਸਣੇ ਕੀਰਤਨ ਸਰਵਣ ਕੀਤਾ ਤੇ ਲੰਗਰ ਹਾਲ ਵਿੱਚ ਸੇਵਾ ਕੀਤੀ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਸਾਨਾਂ ਉੱਪਰ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦੀ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬੈਠ ਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਪਵਿੱਤਰ ਸਥਾਨ ’ਤੇ ਸੇਵਾ ਕਰਨ ਨਾਲ ਸ਼ਾਂਤੀ ਅਤੇ ਖ਼ੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਭਰਤੀ ਉਪਰੰਤ ਜਿਸ ਨੂੰ ਵੀ ਚੁਣਿਆ ਜਾਵੇਗਾ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਇਸ ਮੌਕੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ, ਰਣਧੀਰ ਸਿੰਘ ਰੱਖੜਾ, ਹਰਵੇਲ ਸਿੰਘ ਮਾਧੋਪੁਰ, ਗੁਰਬਚਨ ਸਿੰਘ ਬਚੀ, ਅਜੀਤ ਸਿੰਘ ਚੰਦੂਗਰਾਈਆਂ, ਰਾਮਪਾਲ ਸਿੰਘ ਬਹਿਣੀਵਾਲ, ਐਡਵੋਕੇਟ ਰਵਿੰਦਰ ਸਿੰਘ ਸਾਹਪੁਰ, ਸੇਵਾਮੁਕਤ ਡੀਐੱਸਪੀ ਨਾਹਰ ਸਿੰਘ, ਗੁਰਬਚਨ ਸਿੰਘ ਨਾਨੋਕੀ, ਅਨੂਪ੍ਰੀਤ ਕੌਰ ਸੰਧੂ, ਤੇਜਾ ਸਿੰਘ ਕਮਾਲਪੁਰ, ਐਡਵੋਕੇਟ ਤੇਜਿੰਦਰ ਸਿੰਘ ਸਲਾਣਾ, ਐਡਵੋਕੇਟ ਬ੍ਰਿਜ ਮੋਹਨ ਸਿੰਘ, ਪ੍ਰਿੰਸ ਕੋਛੜ, ਗੁਰਦੇਵ ਸਿੰਘ ਭਮਾਰਸੀ, ਰਣਧੀਰ ਸਿੰਘ ਨਲੀਨਾ, ਹਰਮੇਲ ਸਿੰਘ ਰੰਘੇੜਾ, ਬਹਾਦਰ ਸਿੰਘ ਟੌਹੜਾ ਅਤੇ ਭੋਲਾ ਸਿੰਘ ਟੌਹੜਾ ਹਾਜ਼ਰ ਸਨ।

Advertisement

Advertisement