Sukhbir Badal Resigns: ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਆਤਿਸ਼ ਗੁਪਤਾ
ਚੰਡੀਗੜ੍ਹ, 16 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨਿੱਚਰਵਾਰ ਨੂੰ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਦੀ ਵਰਕਿੰਗ ਕਮੇਟੀ ਕੋਲ ਭੇਜ ਦਿੱਤਾ ਹੈ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਪਾਈ ਇਕ ਪੋਸਟ ਵਿਚ ਦਿੱਤੀ ਹੈ।
ਡਾ. ਚੀਮਾ ਨੇ ਆਪਣੀ ਟਵੀਟ ਵਿਚ ਲਿਖਆ ਹੈ, ‘‘ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ (ਦਲ ਦੇ) ਨਵੇਂ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਕਰਨ ਵਾਸਤੇ ਅੱਜ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਉਨ੍ਹਾਂ ਦੀ ਲੀਡਰਸ਼ਿਪ 'ਤੇ ਭਰੋਸਾ ਪ੍ਰਗਟਾਉਣ ਅਤੇ ਆਪਣੇ ਪੂਰੇ ਕਾਰਜਕਾਲ ਦੌਰਾਨ ਪੂਰੀ ਤਰ੍ਹਾਂ ਸਹਿਯੋਗ ਅਤੇ ਸਮਰਥਨ ਦੇਣ ਲਈ ਧੰਨਵਾਦ ਕੀਤਾ ਹੈ।’’
ਗ਼ੌਰਤਬਲ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਬਾਦਲ ਦੀ ਲੀਡਰਸ਼ਿਪ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਦਲ ਦੀ ਪ੍ਰਧਾਨਗੀ ਉਤੇ ਸਵਾਲ ਉੱਠ ਰਹੇ ਹਨ। ਅਕਾਲੀ ਦਲ ਦੇ ਵੱਡੀ ਗਿਣਤੀ ਸੀਨੀਅਰ ਆਗੂਆਂ ਨੇ ਸੁਖਬੀਰ ਬਾਦਲ ਤੋਂ ਬਗ਼ਾਵਤ ਕਰਦਿਆਂ ਉਨ੍ਹਾਂ ਤੋਂ ਅਸਤੀਫ਼ਾ ਮੰਗਦਿਆਂ ਅਕਾਲੀ ਦਲ ਸੁਧਾਰ ਲਹਿਰ ਨਾਮੀ ਮੰਚ ਬਣਾ ਲਿਆ ਸੀ ਅਤੇ ਪਿਛਲੀ ਅਕਾਲੀ ਸਰਕਾਰ ਦੌਰਾਨ ਹੋਏ ਕਈ ਫ਼ੈਸਲਿਆਂ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਸੁਖਬੀਰ ਬਾਦਲ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਕੋਲ ਪਹੁੰਚ ਕਰ ਕੇ ਸੁਖਬੀਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ ਪਿਛਲੇ ਮਹੀਨੇ ਦੇ ਅਖ਼ੀਰ ਵਿਚ ਇਕ ਮੀਟਿੰਗ ਵਿਚ ਕੀਤੇ ਫ਼ੈਸਲੇ ਤਹਿਤ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਸੀ ਅਤੇ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਉਤੋ ਰੋਕ ਲਾ ਦਿੱਤੀ ਸੀ। ਇਸ ਕਾਰਨ ਅਕਾਲੀ ਦਲ ਨੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਹੋਣ ਵਾਲੀਆਂ ਜ਼ਿਮਨੀ ਚੋਣਾਂ ਲੜਨ ਤੋਂ ਵੀ ਇਨਕਾਰ ਕਰ ਦਿੱਤਾ, ਜਿਨ੍ਹਾਂ ਲਈ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਪਿੱਛੋਂ ਲਾਈ ਜਾਣ ਵਾਲੀ ਸਜ਼ਾ ਦਾ ਐਲਾਨ/ਫ਼ੈਸਲਾ ਛੇਤੀ ਕੀਤਾ ਜਾਵੇ। ਇਸ ਤੋਂ ਬਾਅਦ ਅੱਜ ਅਚਾਨਕ ਉਨ੍ਹਾਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।