For the best experience, open
https://m.punjabitribuneonline.com
on your mobile browser.
Advertisement

ਸੁਖਬੀਰ ਬਾਦਲ ਨੇ ਪੰਜਾਬ ਸ਼ਰਾਬ ਘੁਟਾਲੇ ਦੀ ਨਿਆਂਇਕ ਜਾਂਚ ਮੰਗੀ

08:28 AM Apr 11, 2024 IST
ਸੁਖਬੀਰ ਬਾਦਲ ਨੇ ਪੰਜਾਬ ਸ਼ਰਾਬ ਘੁਟਾਲੇ ਦੀ ਨਿਆਂਇਕ ਜਾਂਚ ਮੰਗੀ
ਪਟਿਆਲਾ ਦਿਹਾਤੀ ’ਚ ‘ਪੰਜਾਬ ਬਚਾਓ ਯਾਤਰਾ’ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ/ਜੈਸਮੀਨ
ਪਟਿਆਲਾ/ਨਾਭਾ 10 ਅਪਰੈਲ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸ਼ਰਾਬ ਘੁਟਾਲੇ ਦੇ ਮਾਮਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਖਾਰਜ ਕੀਤੇ ਜਾਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸ਼ਰਾਬ ਘੁਟਾਲੇ ਦੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ ਹੈ। ਪਟਿਆਲਾ ਦਿਹਾਤੀ ਤੇ ਨਾਭਾ ਵਿੱਚ ‘ਪੰਜਾਬ ਬਚਾਓ ਯਾਤਰਾ’ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ‘ਆਪ’ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਇਮਾਨਦਾਰੀ ਦਾ ਛੱਜ ਤੋੜਦਿਆਂ ਸੱਤਾ ’ਚ ਆਈ ‘ਆਪ’ ਨੇ ਤਾਂ ਹੋਰਾਂ ਰਾਜਸੀ ਧਿਰਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪਿੱਛੇ ਛੱਡ ਦਿੱਤਾ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਦਿੱਲੀ ਹਾਈ ਕੋਰਟ ਦੀ ਟਿੱਪਣੀ ਦੇ ਹਵਾਲੇ ਨਾਲ ਕਿਹਾ ਕਿ ਇਸ ਨਾਲ ਕੇਜਰੀਵਾਲ ਦਾ ਭ੍ਰਿਸ਼ਟ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ ਕਿਉਂਕਿ ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਨੂੰ ਰੱਦ ਕਰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਕੇਜਰੀਵਾਲ ਨੇ 100 ਕਰੋੜ ਦੀ ਰਿਸ਼ਵਤ ਮੰਗੀ ਅਤੇ ਇਸੇ ਧਨ ਦਾ ਹਿੱਸਾ 2022 ਦੀਆਂ ਗੋਆ ਵਿਧਾਨ ਸਭਾ ਚੋਣਾਂ ਵਿਚ ਖਰਚਿਆ ਗਿਆ। ਉਨ੍ਹਾਂ ਕਿਹਾ ਕਿ ਗਵਾਹ ਬਣੇ ਲੋਕਾਂ ਦੇ ਨਾਲ-ਨਾਲ ‘ਆਪ’ ਦੇ ਗੋਆ ਤੋਂ ਵਿਧਾਇਕ ਦੇ ਬਿਆਨ ਤੋਂ ਵੀ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਨੂੰ ਰਿਸ਼ਵਤ ਦਾ ਪੈਸਾ ਦਿੱਤਾ ਗਿਆ ਤੇ ਇਹ ਰਿਕਾਰਡ ਦਾ ਹਿੱਸਾ ਹੈ। ਉਨ੍ਹਾਂ ਹੋਰ ਕਿਹਾ ਕਿ 2022 ਦੀਆਂ ਚੋਣਾਂ ਦੌਰਾਨ ਚੱਲੀ ਹਵਾ ਦੇ ਤਹਿਤ ਜਿਵੇਂ ‘ਆਪ’ ਨੇ 92 ਸੀਟਾਂ ਦੀ ਵੱਡੀ ਜਿੱਤ ਦਰਜ ਕੀਤੀ ਸੀ, ਉਵੇਂ ਹੀ ਐਤਕੀਂ ਤਾਂ ਸ਼ਾਇਦ ‘ਆਪ’ ਦੇ ਉਮੀਦਵਾਰ ਸਾਰੇ ਹੀ ਹਲਕਿਆਂ ’ਚ ਪਛੜ ਜਾਣਗੇ।
ਇਸੇ ਦੌਰਾਨ ਸੁਖਬੀਰ ਬਾਦਲ ਨੇ ਤਾਂ ਇਥੋਂ ਤੱਕ ਵੀ ਆਖਿਆ ਕਿ ਇੰਜ ਜਾਪ ਰਿਹਾ ਹੈ ਕਿ ਕੁਰਸੀ ਬਚਾਉਣ ਦੀ ਖ਼ਾਤਰ ਉਕਤ ਮਾਮਲੇ ’ਚ ਭਗਵੰਤ ਮਾਨ ਨੇ ਦਿੱਲੀ ਅੱਗੇ ਆਤਮ ਸਮਰਪਣ ਕਰ ਦਿੱਤਾ ਹੋਵੇ ਕਿਉਂਕਿ ਇਸ ਕੇਸ ਵਿਚ ਕੋਈ ਕਾਰਵਾਈ ਨਾ ਹੋਣ ਦਾ ਦੂਜਾ ਕੋਈ ਕਾਰਨ ਨਹੀਂ ਦਿਸਦਾ। ਉਥੇ ਹੀ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਅਤੇ ਨਾਭਾ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਕਰਵਾਈ ਇਸ ਯਾਤਰਾ ਦਾ ਵੱਖ-ਵੱਖ ਥਾਈਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜੁਟੇ ਭਰਵੇਂ ਇਕੱਠ ਤੋਂ ਬਾਗੋਬਾਗ ਹੁੰਦਿਆਂ ਸਖਬੀਰ ਬਾਦਲ ਨੇ ਦੋਵੇਂ ਹਲਕਾ ਇੰਚਾਰਜਾਂ ਦੀ ਪਿੱਠ ਵੀ ਥਾਪੜੀ।

Advertisement

Advertisement
Author Image

joginder kumar

View all posts

Advertisement
Advertisement
×