For the best experience, open
https://m.punjabitribuneonline.com
on your mobile browser.
Advertisement

Sukhbir Badal: ਸੁਖਬੀਰ ਬਾਦਲ ਨੇ ਅਕਾਲ ਤਖ਼ਤ ਅੱਗੇ ਗੁਨਾਹ ਕਬੂਲੇ; ਸਿੰਘ ਸਾਹਿਬਾਨਾਂ ਨੇ ਪਖਾਨੇ ਸਾਫ਼ ਕਰਨ, ਭਾਂਡੇ ਮਾਂਜਣ ਤੇ ਕੀਰਤਨ ਸਰਵਨ ਕਰਨ ਦੀ ਸੇਵਾ ਲਾਈ

02:35 PM Dec 02, 2024 IST
sukhbir badal  ਸੁਖਬੀਰ ਬਾਦਲ ਨੇ ਅਕਾਲ ਤਖ਼ਤ ਅੱਗੇ ਗੁਨਾਹ ਕਬੂਲੇ  ਸਿੰਘ ਸਾਹਿਬਾਨਾਂ ਨੇ ਪਖਾਨੇ ਸਾਫ਼ ਕਰਨ  ਭਾਂਡੇ ਮਾਂਜਣ ਤੇ ਕੀਰਤਨ ਸਰਵਨ ਕਰਨ ਦੀ ਸੇਵਾ ਲਾਈ
Advertisement
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਦਸੰਬਰ
ਪੰਜ ਸਿੰਘ ਸਾਹਿਬਾਨਾਂ ਵੱਲੋਂ ਤਨਖਾਹੀਆ ਕਰਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਸਰਕਾਰ ਵੇਲੇ ਕੀਤੇ ਗੁਨਾਹਾਂ ਲਈ ਤਿੰਨ ਦਿਨ ਭਾਂਡੇ ਮਾਂਜਣ, ਦਰਬਾਰ ਸਾਹਿਬ ਵਿਚਲੇ ਪਖਾਨਿਆਂ ਦੀ ਸਫ਼ਾਈ ਤੇ ਕੀਰਤਨ ਸਰਵਨ ਕਰਨ ਦੀ ਸੇਵਾ ਲਾਈ ਗਈ ਹੈ। ਸੁਖਬੀਰ ਬਾਦਲ ਦੇ ਵ੍ਹੀਲ ਚੇਅਰ ਉੱਤੇ ਹੋਣ ਕਰਕੇ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਬਿਰਧ ਅਵਸਥਾ ਨੂੰ ਦੇਖਦਿਆਂ ਉਨ੍ਹਾਂ ਨੂੰ ਪਖਾਨੇ ਸਾਫ਼ ਕਰਨ ਦੀ ਥਾਂ ਹਰਿਮੰਦਰ ਸਾਹਿਬ ਦੇ ਦਾਖਲਾ ਦੁਆਰ ਉੱਤੇ ਪਹਿਰੇਦਾਰ ਦੀ ਡਰੈੱਸ ਤੇ ਹੱਥ ਵਿਚ ਬਰਛਾ ਫੜ ਕੇ ਬੈਠਣ ਦੀ ਸੇਵਾ ਲਾਈ ਗਈ ਹੈ। ਸਿੰਘ ਸਾਹਿਬਾਨਾਂ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ‘ਫ਼ਖਰ-ਏ-ਕੌਮ’ ਦਾ ਖਿਤਾਬ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸਿੰਘ ਸਾਹਿਬਾਨਾਂ ਨੇ ਕਿਹਾ ਕਿ ਅਖੌਤੀ ਸਾਧ ਰਾਮ ਰਹੀਮ ਨੂੰ ਮੁਆਫ਼ੀ ਦੇਣ ਲਈ ਅਕਾਲ ਤਖ਼ਤ ਦੇ ਸਾਬਕਾ ਜਥੇਦਾਰਾਂ ’ਤੇ ਦਬਾਅ ਬਣਾਉਣ ਲਈ ਸੱਦੀ ਬੈਠਕ ਮੌਕੇ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਇਸੇ ਤਰ੍ਹਾਂ ਸਾਬਕਾ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁੱਖ ਸਿੰਘ ਖਿਲਾਫ਼ ਵੀ ਸਖ਼ਤ ਰੁਖ਼ ਅਖ਼ਤਿਆਰ ਕੀਤਾ ਗਿਆ ਹੈ। ਸਿੰਘ ਸਾਹਿਬਾਨ ਨੇ ਗਿਆਨੀ ਗੁਰਬਚਨ ਸਿੰਘ ਨੂੰ ਸਾਬਕਾ ਜਥੇਦਾਰ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਮਿਲਦੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੇ ਜਨਤਕ ਸਮਾਗ਼ਮਾਂ ਵਿਚ ਬੋਲਣ ʼਤੇ ਵੀ ਰੋਕ ਲਗਾਈ ਗਈ ਹੈ।ਸਾਬਕਾ ਜਥੇਦਾਰ ਤੇ ਅਕਾਲ ਤਖ਼ਤ ਦੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਫੌਰੀ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿੰਘ ਸਾਹਿਬਾਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਸੁਖਬੀਰ ਬਾਦਲ ਤੇ ਹੋਰਨਾਂ ਦੇ ਅਸਤੀਫ਼ੇ ਪ੍ਰਵਾਨ ਕਰਕੇ ਤਿੰਨ ਦਿਨਾਂ ’ਚ ਅਕਾਲ ਤਖ਼ਤ ਨੂੰ ਰਿਪੋਰਟ ਦੇੇਵੇ। ਇਸ ਦੌਰਾਨ ਗੁਨਾਹ ਕਬੂਲ ਕਰਨ ਵਾਲੇ ਸਾਰੇ ਆਗੂਆਂ ਦੇ ਗਲਾਂ ਵਿਚ ਤਖਤੀਆਂ ਵੀ ਪਾਈਆਂ ਗਈਆਂ। ਸੁਖਬੀਰ ਤੇ ਢੀਂਡਸਾ ਤੋਂ ਇਲਾਵਾ ਹੋਰਨਾਂ ਅਕਾਲੀ ਆਗੂਆਂ ਨੂੰ ਇਕ ਇਕ ਘੰਟੇ ਦਰਬਾਰ ਸਾਹਿਬ ਕੰਪਲੈਕਸ ਵਿਚਲੇ ਪਖਾਨਿਆਂ ਦੀ ਸਫ਼ਾਈ ਦੀ ਸੇਵਾ ਲਾਈ ਗਈ ਹੈ। ਡੇਰਾ ਸੱਚਾ ਸੌਦਾ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ ਅਤੇ ਹੀਰਾ ਸਿੰਘ ਗਾਬੜੀਆਂ ਕੋਲੋਂ ਵਿਆਜ ਸਮੇਤ ਭਰਪਾਈ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਪੇਸ਼ ਹੁੰਦਿਆਂ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ, ਅਕਾਲੀ ਸਰਕਾਰਾਂ ਦੌਰਾਨ ਭੁੱਲਾਂ ਹੋਣ ਤੇ ਗੋਲੀਕਾਂਡ ਦੇ ਗੁਨਾਹ ਕਬੂਲੇ। ਸੁਖਬੀਰ ਬਾਦਲ ਵ੍ਹੀਲ ਚੇਅਰ ਉੱਤੇ ਅਕਾਲ ਤਖ਼ਤ ਪਹੁੰਚੇ ਸਨ। ਅਕਾਲ ਤਖ਼ਤ ਅੱਗੇ ਸਪਸ਼ਟੀਕਰਨ ਦੇਣ ਮੌਕੇ ਸੁਖਬੀਰ ਬਾਦਲ ਵਾਕਰ ਦੇ ਸਹਾਰੇ ਖੜ੍ਹੇ ਰਹੇ। ਇਸ ਮੌਕੇ ਅਕਾਲੀ ਸਰਕਾਰ ਦੇ ਸਾਬਕਾ ਮੰਤਰੀ ਵੀ ਮੌਜੂਦ ਸਨ, ਜਿਨ੍ਹਾਂ ਦੋਸ਼ਾਂ ਨੂੰ ਲੈ ਕੇ ਆਪੋ ਆਪਣਾ ਸਪਸ਼ਟੀਕਰਨ ਦਿੱਤਾ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਉਸ ਵੇਲੇ ਅਕਾਲੀ ਸਰਕਾਰ ਦਾ ਹਿੱਸਾ ਹੋਣ ਕਰਕੇ ਗੁਨਾਹਗਾਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ, ‘‘ਅਸੀਂ ਸਾਰੇ ਕਸੂਰਵਾਰ ਹਾਂ।’’ ਉਂਝ ਭੁੰਦੜ ਨੇ ਕਿਹਾ ਕਿ ਰਾਮ ਰਹੀਮ ਨਾਲ ਮੀਟਿੰਗ ਦਾ ਬਿਰਤਾਂਤ ਝੂਠ ਸੀ। ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਕੈਬਨਿਟ ਤੇ ਕੋਰ ਕਮੇਟੀ ਨੂੰ ਇਕੋ ਸਜ਼ਾ ਲਾਈ ਜਾਵੇ।

ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ ਸਵਾਲ

ਸ੍ਰੀ ਅਕਾਲ ਤਖਤ ਤੇ ਹੋਈ ਇਕੱਤਰਤਾ ਦੌਰਾਨ ਅੱਜ ਸੁਖਬੀਰ ਸਿੰਘ ਬਾਦਲ ਲਈ ਨਮੋਸ਼ੀ ਵਾਲਾ ਸਮਾਂ ਸੀ, ਜਦੋਂ ਉਨ੍ਹਾਂ ਕੋਲੋਂ ਗੁਰੂ ਦੀ ਹਜ਼ੂਰੀ ਤੇ ਸੰਗਤ ਦੀ ਹਾਜ਼ਰੀ ਵਿੱਚ ਉਨ੍ਹਾਂ ’ਤੇ ਲੱਗੇ ਦੋਸ਼ਾਂ ਬਾਰੇ ਸਵਾਲ-ਜਵਾਬ ਕੀਤੇ ਗਏ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ’ਤੇ ਲੱਗੇ ਦੋਸ਼ ਸਬੰਧੀ ਪੁੱਛਿਆ ਕਿ ਅਕਾਲੀ ਸਰਕਾਰ ਵੇਲੇ ਉਨ੍ਹਾਂ ਸਾਲ 2015 ਦੇ ਪੰਥਕ ਮੁੱਦਿਆਂ, ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਸਨ, ਨੂੰ ਉਨ੍ਹਾਂ ਵਿਸਾਰ ਦਿੱਤਾ ਸੀ। ਇਸ ਬਾਰੇ ਉਹ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ। ਸੁਖਬੀਰ ਬਾਦਲ ਨੇ ਜਦੋਂ ਇਸ ਦੇ ਵਿਸਥਾਰ ’ਚ ਜਾਣ ਦਾ ਯਤਨ ਕੀਤਾ ਤਾਂ ਜਥੇਦਾਰ ਨੇ ਆਖਿਆ ਕਿ ਉਹ ਸਿਰਫ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਤਾਂ ਉਸ ਨੇ ਗੁਨਾਹ ਕਬੂਲ ਕਰਦਿਆਂ ਹਾਂ ਜੀ ਕਿਹਾ।

Advertisement

ਦੂਜਾ ਸਵਾਲ ਕਰਦਿਆਂ ਸਿੰਘ ਸਾਹਿਬਾਨ ਨੇ ਕਿਹਾ ਕਿ ਅਤਿਵਾਦ ਵੇਲੇ ਬੇਗੁਨਾਹ ਸਿੱਖਾਂ ਦਾ ਕਤਲ ਕਰਨ ਵਾਲੇ ਅਫਸਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਤਰੱਕੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਾਰਟੀ ਦੀਆਂ ਟਿਕਟਾਂ ਵੀ ਦਿੱਤੀਆਂ ਗਈਆਂ। ਕੀ ਤੁਸੀਂ ਇਹ ਗੁਨਾਹ ਕੀਤਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਹਾਂ ਵਿੱਚ ਜਵਾਬ ਦਿੱਤਾ।

Advertisement

ਤੀਜਾ ਸਵਾਲ ਡੇਰਾ ਸਿਰਸਾ ਮੁਖੀ ਖ਼ਿਲਾਫ਼ ਦਰਜ ਕੇਸ ਨੂੰ ਵਾਪਸ ਕਰਵਾਉਣ ਦਾ ਗੁਨਾਹ ਕੀਤਾ ਹੈ ਜਾਂ ਨਹੀਂ ਤਾਂ ਇਸ ਦੇ ਜਵਾਬ ਵਿੱਚ ਵੀ ਉਸ ਨੇ ਹਾਂ ਆਖਿਆ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਲਈ 2015 ’ਚ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਉਣ ਅਤੇ ਉਨ੍ਹਾਂ ’ਤੇ ਪ੍ਰਭਾਵ ਪਾ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਾਉਣ ਦੇ ਜਵਾਬ ਵਿੱਚ ਮੁੜ ਸੁਖਬੀਰ ਸਿੰਘ ਬਾਦਲ ਨੇ ਵਿਸਥਾਰ ਵਿੱਚ ਜਾਣ ਦਾ ਯਤਨ ਕੀਤਾ ਤਾਂ ਜਥੇਦਾਰ ਨੇ ਤਾੜਨਾ ਕਰਦਿਆਂ ਉਨ੍ਹਾਂ ਨੂੰ ਆਪਣਾ ਜਵਾਬ ਹਾਂ ਜਾਂ ਨਾਂਹ ਵਿੱਚ ਹੀ ਦੇਣ ਦੀ ਤਾਕੀਦ ਕੀਤੀ। ਉਸ ਨੇ ਇਹ ਗੁਨਾਹ ਵੀ ਕਬੂਲ ਕਰ ਲਿਆ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸੁਖਬੀਰ ਕੋਲੋਂ ਪੁੱਛਿਆ ਗਿਆ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਵਾਸਤੇ ਕੀਤੇ ਗਏ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ’ਤੇ ਦਬਾਅ ਪਾ ਕੇ ਗੁਰੂ ਦੀ ਗੋਲਕ ਵਿੱਚੋਂ 90 ਲੱਖ ਰੁਪਏ ਤੋਂ ਵੱਧ ਦੇ ਇਸ਼ਤਿਹਾਰ ਦਿੱਤੇ ਗਏ, ਕੀ ਇਹ ਗੁਨਾਹ ਹੈ ਜਾਂ ਨਹੀਂ ਤਾਂ ਉਸ ਨੇ ਇਸ ਨੂੰ ਵੀ ਕਬੂਲ ਕੀਤਾ।

Advertisement
Author Image

Advertisement