For the best experience, open
https://m.punjabitribuneonline.com
on your mobile browser.
Advertisement

ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕੀਤਾ ਚੌਕਸ

07:35 AM Jul 03, 2024 IST
ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕੀਤਾ ਚੌਕਸ
ਸੁਖਬੀਰ ਬਾਦਲ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 2 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਿੱਠ ਥਾਪੜੀ। ਮੀਟਿੰਗ ਵਿਚ ਕਰੀਬ 93 ਮੈਂਬਰ ਪੁੱਜੇ ਸਨ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਜ਼ਾਹਿਰ ਕੀਤਾ। ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਅੱਗੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਪ੍ਰੰਤੂ ਮੈਂਬਰਾਂ ਨੇ ਇਸ ਨੂੰ ਠੁਕਰਾ ਦਿੱਤਾ। ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਏ ਜਾਣ ਦੀ ਅਪੀਲ ਵੀ ਕੀਤੀ ਗਈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਕਿਸੇ ਦਾ ਨਾਮ ਲਏ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਹੁਣ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀਆਂ ਹਨ ਜਿਸ ਕਰਕੇ ਅਜਿਹੇ ਲੋਕਾਂ ਦੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਕਿਤੇ ਗੱਲਾਂ ਵਿਚ ਨਾ ਆ ਜਾਇਓ। ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹੱਲਾਸ਼ੇਰੀ ਦਿੱਤੀ। ਕਰੀਬ ਦਰਜਨ ਕੁ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਮੀਟਿੰਗ ਵਿਚ ਆਪਣੀ ਗੱਲ ਰੱਖੀ ਅਤੇ ਉਸ ਮਗਰੋਂ ਕੁੱਝ ਮੈਂਬਰ ਇਕੱਲੇ ਇਕੱਲੇ ਪਾਰਟੀ ਪ੍ਰਧਾਨ ਬਾਦਲ ਨੂੰ ਵੱਖਰੇ ਤੌਰ ’ਤੇ ਮਿਲੇ।
ਸੁਖਬੀਰ ਬਾਦਲ ਨੇ ਕਿਹਾ ਕਿ ਬਾਗ਼ੀ ਖੇਮੇ ਦੇ ਆਗੂ ਚਾਹੁੰਦੇ ਸਨ ਕਿ ਭਾਜਪਾ ਨਾਲ ਸਮਝੌਤਾ ਕੀਤਾ ਜਾਵੇ ਜਦੋਂ ਕਿ ਭਾਜਪਾ ਦੀ ਸ਼ਰਤ ਸੀ ਕਿ ਕਿਸਾਨਾਂ ਦੇ ਖ਼ਿਲਾਫ਼ ਬੋਲਿਆ ਜਾਵੇ ਪ੍ਰੰਤੂ ਉਨ੍ਹਾਂ ਨੇ ਬੇਅਸੂਲਾ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਤਾਕਤਾਂ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਜਿਸ ਕਰਕੇ ਇਨ੍ਹਾਂ ਨਾਲ ਸਖ਼ਤ ਟੱਕਰ ਲਈ ਜਾਵੇ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਪੰਥਕ ਅਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰ ’ਤੇ ਧਰਨੇ ਲਾਏ ਜਾਣ।
ਕੁੱਝ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਸੁਝਾਅ ਸੀ ਕਿ ਦਿੱਲੀ ਵਿਚ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇ। ਸੁਖਬੀਰ ਬਾਦਲ ਨੇ ਇਨ੍ਹਾਂ ਸੁਝਾਵਾਂ ’ਤੇ ਗ਼ੌਰ ਕੀਤੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿਚ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਕੋਈ ਸ਼ਿਕਵਾ-ਸ਼ਿਕਾਇਤ ਕਰਨ ਤੋਂ ਗੁਰੇਜ਼ ਕੀਤਾ। ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਆਦਿ ਵੀ ਮੌਜੂਦ ਰਹੇ। ਅੱਜ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬੀਸੀ ਵਿੰਗ ਦੇ ਆਗੂਆਂ ਨਾਲ ਵੀ ਮੀਟਿੰਗ ਕੀਤੀ। ਮੀਟਿੰਗ ਮਗਰੋਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਟਿੰਗ ਵਿਚ 93 ਮੈਂਬਰ ਪੁੱਜੇ ਹਨ ਜਦੋਂ ਕਿ 13 ਮੈਂਬਰ ਰੁਝੇਵੇਂ ਵਿਚ ਹੋਣ ਕਰਕੇ ਆ ਨਹੀਂ ਸਕੇ ਜਿਨ੍ਹਾਂ ਨੇ ਆਪਣੀ ਸਹਿਮਤੀ ਦਿੱਤੀ ਹੈ। ਕੁੱਝ ਮੈਂਬਰ ਵਿਦੇਸ਼ ਵਿਚ ਵੀ ਹਨ। ਡਾ. ਚੀਮਾ ਨੇ ਕਿਹਾ ਕਿ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਪਾਰਟੀ ਨਾਲ ਡਟ ਕੇ ਖੜ੍ਹਨ ਦਾ ਅਹਿਦ ਲਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਸਿੱਖਾਂ ਉਪਰ ਹੋ ਰਹੀਆਂ ਵਧੀਕੀਆਂ ਦੀ ਨਿੰਦਾ ਕੀਤੀ ਗਈ ਹੈ।

Advertisement

ਕੁਝ ਆਗੂਆਂ ਨੇ ਟਕਸਾਲੀ ਪਰਿਵਾਰ ਦਾ ਤਮਾਸ਼ਾ ਬਣਾਇਆ: ਚੀਮਾ਼

ਡਾ. ਦਲਜੀਤ ਸਿੰਘ ਚੀਮਾ ਨੇ ਜਲੰਧਰ ਜ਼ਿਮਨੀ ਚੋਣ ਵਿਚ ਪਾਰਟੀ ਦੀ ਅਧਿਕਾਰਤ ਉਮੀਦਵਾਰ ਸੁਰਜੀਤ ਕੌਰ ਦੇ ‘ਆਪ’ ਵਿਚ ਸ਼ਮੂਲੀਅਤ ਕੀਤੇ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਗ਼ੀ ਖੇਮੇ ਦੇ ਆਗੂਆਂ ਨੇ ਟਕਸਾਲੀ ਪਰਿਵਾਰ ਦਾ ਤਮਾਸ਼ਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਆਗੂ ਪਹਿਲਾਂ ਹੀ ਉਲਝਣ ਪੈਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਹਾਸੋਹੀਣੀ ਬਣਾਉਣਾ ਚਾਹੁੰਦੇ ਸਨ ਅਤੇ ਅਜਿਹੇ ਆਗੂਆਂ ਦਾ ਮਕਸਦ ਟਕਸਾਲੀ ਪਰਿਵਾਰ ਦਾ ਤਮਾਸ਼ਾ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਹੁਣ ਅਜਿਹੇ ਆਗੂ ਜੁਆਬ ਦੇਣ।

Advertisement
Author Image

joginder kumar

View all posts

Advertisement
Advertisement
×