ਸੁਖਬੀਰ ਤੇ ਢੀਂਡਸਾ ਨੇ ਪਹਿਰੇਦਾਰ ਵਜੋਂ ਨਿਭਾਈ ਸੇਵਾ
* ਹੋਰਨਾਂ ਆਗੂਆਂ ਨੇ ਪਖਾਨਿਆਂ ਦੀ ਸਫਾਈ, ਜੂਠੇ ਬਰਤਨ ਮਾਂਜਣ ਤੇ ਕੀਰਤਨ ਸਰਵਣ ਕਰਨ ਦੀ ਸੇਵਾ ਕੀਤੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਦਸੰਬਰ
ਸ੍ਰੀ ਅਕਾਲ ਤਖ਼ਤ ਵੱਲੋਂ ਲਾਈ ਤਨਖਾਹ ਤੋਂ ਇਕ ਦਿਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਵੱਖ-ਵੱਖ ਤਰ੍ਹਾਂ ਦੀ ਤਨਖਾਹ ਸਬੰਧੀ ਸੇਵਾ ਕੀਤੀ ਹੈ। ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਸਵੇਰੇ ਲਗਪਗ ਇੱਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਮੁੱਖ ਪ੍ਰਵੇਸ਼ ਦੁਆਰ ਦੇ ਕੋਲ ਬੈਠ ਕੇ ਪਹਿਰੇਦਾਰ ਦੀ ਸੇਵਾ ਨਿਭਾਈ। ਬਾਕੀ ਅਕਾਲੀ ਆਗੂਆਂ ਵੱਲੋਂ ਪਖਾਨੇ ਧੋਣ ਦੀ ਸੇਵਾ, ਲੰਗਰ ਘਰ ਵਿੱਚ ਸੰਗਤ ਦੇ ਜੂਠੇ ਬਰਤਨ ਮਾਂਜਣ ਦੀ ਸੇਵਾ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦੀ ਸੇਵਾ ਕੀਤੀ ਗਈ।
ਇਹ ਸੇਵਾ ਮੁਕੰਮਲ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਜੂਠੇ ਬਰਤਨਾਂ ਦੀ ਸੇਵਾ ਕੀਤੀ, ਉਹ ਵ੍ਹੀਲ ਚੇਅਰ ’ਤੇ ਬੈਠੇ ਰਹੇ ਅਤੇ ਸੰਗਤ ਦੇ ਜੂਠੇ ਬਰਤਨ ਫੜ ਕੇ ਅਗਾਂਹ ਸੌਂਪ ਰਹੇ ਸਨ। ਇਸੇ ਤਰ੍ਹਾਂ ਸ੍ਰੀ ਢੀਂਡਸਾ ਨੇ ਵੀ ਇਹ ਸੇਵਾ ਕੀਤੀ। ਮਗਰੋਂ ਇੱਕ ਘੰਟਾ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਉਨ੍ਹਾਂ ਨੂੰ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਇੱਕ ਪਾਠ ਕਰਨ ਲਈ ਵੀ ਆਦੇਸ਼ ਦਿੱਤਾ ਗਿਆ ਸੀ। ਉਨ੍ਹਾਂ ਨਾਲ ਹੋਰਨਾਂ ਪੰਜ ਅਕਾਲੀ ਆਗੂਆਂ ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ ਨੇ ਪਖਾਨਿਆਂ ਦੀ ਸਫਾਈ ਦੀ ਸੇਵਾ, ਲੰਗਰ ਘਰ ਵਿੱਚ ਜੂਠੇ ਬਰਤਨ ਮਾਂਜਣ ਦੀ ਸੇਵਾ ਅਤੇ ਗੁਰਬਾਣੀ ਕੀਰਤਨ ਸਰਵਣ ਕਰਨ ਦੀ ਸੇਵਾ ਕੀਤੀ।
ਉਧਰ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਹੋਰ ਅਕਾਲੀ ਆਗੂਆਂ ਵੱਲੋਂ 12 ਤੋਂ 1 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਲਈ ਬਣੇ ਪਖਾਨਿਆਂ ਦੀ ਸਫਾਈ ਦੀ ਸੇਵਾ, ਗੁਰੂ ਘਰ ਦੇ ਲੰਗਰ ਘਰ ਵਿੱਚ ਬਰਤਨ ਮਾਂਜਣ, ਝਾੜੂ ਮਾਰਨ ਤੇ ਕੀਰਤਨ ਸੁਣਨ ਦੀ ਸੇਵਾ ਕੀਤੀ ਗਈ।
ਇਸ ਦੌਰਾਨ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਲਾਈ ਗਈ ਸੇਵਾ ਉਹ ਤਨ ਮਨ ਨਾਲ ਪੂਰੀ ਕਰਨਗੇ। ਉਨ੍ਹਾਂ ਕਿਹਾ ਕਿ ਗੁਰੂ ਘਰ ਵੱਲੋਂ ਕੀਤਾ ਗਿਆ ਆਦੇਸ਼ ਸਿਰ ਮੱਥੇ ਪ੍ਰਵਾਨ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਰਾਹ ਦਸੇਰਾ ਅਤੇ ਰਾਹ ਭਟਕਣ ’ਤੇ ਸਿੱਖਾਂ ਨੂੰ ਝਿੜਕਣ ਦਾ ਵੀ ਹੱਕ ਹੈ।
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਵੱਲੋਂ ਜਿਨ੍ਹਾਂ ਅਕਾਲੀ ਆਗੂਆਂ ਨੂੰ ਤਨਖਾਹ ਲਾਈ ਗਈ ਹੈ, ਉਹ ਸਾਰੇ ਹੀ ਅੱਜ ਆਪਣੀ ਲੱਗੀ ਤਨਖਾਹ ਤਹਿਤ ਸੇਵਾ ਕਰਨ ਲਈ ਪੁੱਜੇ ਸਨ। ਉਨ੍ਹਾਂ ਨੇ ਲੱਗੀ ਹੋਈ ਤਨਖਾਹ ਨੂੰ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਸਮੇਤ ਸੱਤ ਅਕਾਲੀ ਆਗੂਆਂ ਨੂੰ ਦੋ ਦਿਨ ਦੀ ਤਨਖਾਹ ਲੱਗੀ ਹੈ ਜਦੋਂ ਕਿ ਬਾਕੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਦਿਨ ਦੀ ਸੇਵਾ ਵਾਸਤੇ ਆਦੇਸ਼ ਹੋਏ ਹਨ। ਇਨ੍ਹਾਂ ਸਾਰੇ ਅਕਾਲੀ ਆਗੂਆਂ ਨੇ ਲੰਘੇ ਦਿਨ ਸ੍ਰੀ ਅਕਾਲ ਤਖਤ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਆਪਣੇ ਗੁਨਾਹ ਕਬੂਲ ਕੀਤੇ ਸਨ ਅਤੇ ਇਨ੍ਹਾਂ ਗੁਨਾਹਾਂ ਦੀ ਮੁਆਫੀ ਵਾਸਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹ ਲਾਈ ਗਈ ਸੀ।
ਹਰਿਮੰਦਰ ਸਾਹਿਬ ਦੇ ਮੈਨੇਜਰ ਨੇ ਲਈ ਸੁਖਬੀਰ ਤੇ ਢੀਂਡਸਾ ਦੀ ਹਾਜ਼ਰੀ
ਸੁਖਬੀਰ ਬਾਦਲ ਅਤੇ ਸੁਖਦੇਵ ਢੀਂਡਸਾ ਦੋਵੇਂ ਘੰਟਾ ਘਰ ਵਾਲੇ ਪਾਸੇ ਮੁੱਖ ਪ੍ਰਵੇਸ਼ ਦੁਆਰ ਕੋਲ ਨੀਲੇ ਰੰਗ ਦਾ ਚੋਲਾ ਅਤੇ ਬਰਛਾ ਫੜ ਕੇ ਵ੍ਹੀਲ ਚੇਅਰ ’ਤੇ ਬੈਠੇ ਰਹੇ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੋਵਾਂ ਦੀ ਹਾਜ਼ਰੀ ਲਈ ਅਤੇ ਇਸ ਸਬੰਧੀ ਇਕ ਕਾਗਜ਼ ’ਤੇ ਦਸਤਖ਼ਤ ਵੀ ਕਰਵਾਏ। ਦੋਵਾਂ ਨੇ ਲਗਪਗ ਇੱਕ ਘੰਟਾ ਇੱਥੇ ਪਹਿਰੇਦਾਰ ਦੀ ਸੇਵਾ ਕੀਤੀ। ਉਨ੍ਹਾਂ ਦੇ ਗ਼ਲਾਂ ਵਿੱਚ ਤਖਤੀਆਂ ਵੀ ਪਾਈਆਂ ਹੋਈਆਂ ਸਨ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਈ ਸੰਗਤ ਉਨ੍ਹਾਂ ਨੂੰ ਦੇਖ ਰਹੀ ਸੀ। ਦੋਵੇਂ ਅਕਾਲੀ ਆਗੂ ਲਗਪਗ ਇੱਕ ਘੰਟਾ ਚੁੱਪ ਕਰਕੇ ਵ੍ਹੀਲ ਚੇਅਰ ’ਤੇ ਬੈਠੇ ਰਹੇ ਅਤੇ ਉਨ੍ਹਾਂ ਦੇ ਚਿਹਰੇ ’ਤੇ ਪਛਤਾਵੇ ਦੇ ਚਿੰਨ੍ਹ ਦੇਖੇ ਜਾ ਸਕਦੇ ਸਨ।