For the best experience, open
https://m.punjabitribuneonline.com
on your mobile browser.
Advertisement

ਸੁਖਬੀਰ ਤੇ ਬਿਕਰਮ ਨੇ ਹਰਸਿਮਰਤ ਲਈ ਜ਼ੋਰਦਾਰ ਹੰਭਲਾ ਮਾਰਿਆ

07:25 AM May 31, 2024 IST
ਸੁਖਬੀਰ ਤੇ ਬਿਕਰਮ ਨੇ ਹਰਸਿਮਰਤ ਲਈ ਜ਼ੋਰਦਾਰ ਹੰਭਲਾ ਮਾਰਿਆ
Advertisement

ਪੱਤਰ ਪ੍ਰੇਰਕ
ਮਾਨਸਾ, 30 ਮਈ
ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਅਤੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਭੈਣ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਦੇ ਅਖਰੀਲੇ ਦਿਨ ਹੰਭਲਾ ਮਾਰਿਆ। ਹਰਸਿਮਰਤ ਲਗਾਤਾਰ ਚੌਥੀ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤਣ ਲਈ ਚੋਣ ਮੈਦਾਨ ਵਿੱਚ ਜੂਝ ਰਹੇ ਹਨ।
ਅਕਾਲੀ ਦਲ ਦੇ ਦੋਵੇਂ ਸੀਨੀਅਰ ਆਗੂਆਂ ਨੇ ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਜ਼ਿਲ੍ਹੇ ਦੇ ਮਾਨਸਾ ਸਮੇਤ ਬੁਢਲਾਡਾ ਤੇ ਸਰਦੂਲਗੜ੍ਹ ਵਿਖੇ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਮਾਨਸਾ ਵਿਚ ਮੰਚ ’ਤੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਇਕੱਠਿਆਂ ਦੇਖ ਕੇ ਅਕਾਲੀ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਪਾਰਟੀ ਤੋਂ ਮਿਲੇ ਵੇਰਵਿਆਂ ਅਨੁਸਾਰ ਇਨ੍ਹਾਂ ਦੋਨੋਂ ਆਗੂਆਂ ਵੱਲੋਂ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਇਲਾਵਾ ਪੰਜਾਬ ਦੇ ਕਿਸੇ ਹੋਰ ਹਲਕੇ ਵਿੱਚ ਅਕਾਲੀ ਉਮੀਦਵਾਰਾਂ ਲਈ ਕਿਸੇ ਵੱਡੇ ਚੋਣ ਜਲਸੇ ਨੂੰ ਸੰਬੋਧਨ ਨਹੀਂ ਕੀਤਾ। ਹਰਸਿਮਰਤ ਕੌਰ ਬਾਦਲ ਨੂੰ ਇਸ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਵੱਡੀ ਚੁਣੌਤੀ ਦੇ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਭਾਜਪਾ ਤੋਂ ਵੱਖ ਹੋ ਕੇ ਲੋਕ ਸਭਾ ਦੀ ਇਹ ਚੋਣ ਲੜਨੀ ਪੈ ਰਹੀ ਹੈ, ਉਂਝ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਹਰਸਿਮਰਤ ਕੌਰ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ’ਤੇ ਵਿਧਾਇਕ ਬਣਦੇ ਰਹੇ ਜਗਦੀਪ ਸਿੰਘ ਨਕੱਈ, ਪ੍ਰੇਮ ਮਿੱਤਲ ਮਾਨਸਾ, ਜੀਤਮਹਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਕੋਟਫੱਤਾ, ਸਰੂਪ ਚੰਦ ਸਿੰਗਲਾ, ਚਰੰਜੀ ਲਾਲ ਗਰਗ, ਮੰਗਤ ਰਾਏ ਬਾਂਸਲ, ਹਰਬੰਸ ਸਿੰਘ ਜਲਾਲ ਸਮੇਤ ਕਈ ਹੋਰ ਆਗੂ ਨਾਲ ਨਹੀਂ ਚੱਲ ਰਹੇ ਹਨ, ਜਿਸ ਕਰਕੇ ਪਾਰਟੀ ਨੂੰ ਜ਼ਿਆਦਾ ਜ਼ੋਰ ਲਾਉਣਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੀਆਂ ਚੋਣ ਰੈਲੀਆਂ ਦੌਰਾਨ ਸੰਬੋਧਨ ਕਰਨ ਤੋਂ ਇਲਾਵਾ ਪਾਰਟੀ ਆਗੂਆਂ ਨੂੰ ਤਨਦੇਹੀ ਅਤੇ ਹੌਸਲੇ ਨਾਲ ਵੋਟਾਂ ਭੁਗਤਾਉਣ ਲਈ ਜ਼ੋਰਦਾਰ ਥਾਪੀ ਦਿੱਤੀ। ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨਾਂ ਨੂੰ ਤਕੜੇ ਹੋ ਕੇ ਪਾਰਟੀ ਉਮੀਦਵਾਰ ਦੇ ਹੱਕ ਵਿਚ ਡਟਣ ਲਈ ਹੱਲਾਸ਼ੇਰੀ ਦਿੱਤੀ। ਇਸੇ ਦੌਰਾਨ ਅਕਾਲੀ ਦਲ ਨਾਲ ਰੁੱਸੇ ਹੋਏ ਘਰੇ ਬੈਠੇ ਆਗੂਆਂ ਨੂੰ ਮਨਾਉਣ ਲਈ ਵੀ ਅੱਜ ਜ਼ੋਰਦਾਰ ਹੰਭਲੇ ਮਾਰੇ ਗਏ ਅਤੇ ਅਕਾਲੀ ਦਲ ਛੱਡ ਕੇ ਹੋਰਨਾਂ ਸਿਆਸੀ ਧਿਰਾਂ ਵਿੱਚ ਗਏ ਆਗੂਆਂ ਨੂੰ ਵਾਪਸ ਲਿਆਉਣ ਲਈ ਹਰਸਿਮਰਤ ਕੌਰ ਬਾਦਲ ਨੇ ਫੋਨ ਜ਼ਰੀਏ ਹਰ ਤਰ੍ਹਾਂ ਦਾ ਉਪਰਾਲਾ ਕੀਤਾ।

Advertisement

Advertisement
Advertisement
Author Image

joginder kumar

View all posts

Advertisement