ਸੁੱਖ ਪੰਜਾਬ ਦੀ
12:18 PM Jun 09, 2024 IST
ਮਨਮੋਹਨ ਸਿੰਘ ਦਾਊਂ
ਰੰਗਲੇ ਦੇਸ ਪੰਜਾਬ ਨੂੰ ਕੀਹਦੀ ਪੈ ਗਈ ਮਾਰ,
ਦਗ਼ੇਬਾਜ਼ੀਆਂ ਚੱਲੀਆਂ, ਕਿੱਥੇ ‘ਨਲਵੇ’ ਜਿਹੇ ਸਰਦਾਰ।
ਗੇਰੂ ਰੰਗੀ ਨ੍ਹੇਰੀ ਨੇ ਪੁੱਟ ਲਏ ਵੱਡੇ-ਵੱਡੇ ਰੁੱਖ,
ਵੇਚ ਦੇਵੇ ਜ਼ਮੀਰ ਜੋ, ਕਾਹਦਾ ਉਹ ਮਨੁੱਖ।
ਸਾਗਰੋਂ ਰੁੱਸ ਕੇ ਨਦੀ ਨੇ, ਮੋੜ ਲਿਆ ਹੈ ਰੁਖ਼,
ਵਤਨ ਲਈ ਜੋ ਮਰ-ਮਿਟੇ, ਧੰਨ ਉਹ ਮਾਂ ਦੀ ਕੁੱਖ।
ਆ ਵੇ ਮਿੱਤਰ ਪਿਆਰਿਆ, ਗੱਲਾਂ ਕਰੀਏ ਚਾਰ,
ਹੋਂਦ ਬਚਾਵਣ ਦੇ ਲਈ ਚੁੱਕਣਾ ਠੀਕ ਹਥਿਆਰ।
ਬੁੱਢੀ ਮਾਈ ਪੁੱਛਦੀ ਕਿੱਧਰ ਗਿਆ ਪੰਜਾਬ,
ਚਿਹਰਿਓਂ ਰੁੱਸੀਆਂ ਰੌਣਕਾਂ ਕਿੱਥੇ ਅਣਖ ਤੇ ਆਬ।
ਉੱਠ ਵੇ ਸੁੱਤਿਆ ‘ਮਿਰਜ਼ਿਆ’, ਨਸ਼ਿਆਂ ਦੀ ਆਈ ਕਾਂਗ,
ਗੱਭਰੂ ਪੁੱਤ ਨੇ ਮਰ ਰਹੇ, ਠੱਲ੍ਹ ਪਾ ਚੁੱਕ ਕੇ ਡਾਂਗ।
ਉੱਠ ਵੇ ਦੁੱਲਿਆ ਯੋਧਿਆ, ਲੋਕ ਮੰਗਣ ਇਨਸਾਫ਼,
ਢਾਹ ਦਿੱਲੀ ਦੇ ਕਿੰਗਰੇ, ਮੁੜ ਕੇ ਲਿਖ ਇਤਿਹਾਸ।
ਜੱਗ ਜਿੱਤਣ ਲਈ ਜੂਝਦੇ ਲੋਭੀ ਰਾਜੇ ਤੇ ਸੁਲਤਾਨ,
ਖਾਲੀ ਹੱਥ ਹੈ ਚੱਲਿਆ, ਆਖੇ ਸਿਕੰਦਰ ਮਹਾਨ।
ਪਿੰਡ ਸੁੰਨਾ, ਸੱਥ ਚੁੱਪ ਹੈ, ਉਦਾਸੇ ਪਿੱਪਲ-ਬੋਹੜ,
ਐ ਖ਼ੁਦਾਇਆ ਮੇਰਿਆ, ਸੁੱਖ ਪੰਜਾਬ ਦੀ ਲੋੜ।
ਸੰਪਰਕ: 98151-23900
ਗ਼ਜ਼ਲ
ਪਾਲੀ ਖ਼ਾਦਿਮ
ਇਸ ਤਰ੍ਹਾਂ ਇੱਕ ਦਿਨ ਤੁਹਾਨੂੰ ਵੀ ਡਰਾਇਆ ਜਾਏਗਾ।
ਪਾਣੀਆਂ ’ਤੇ ਅੱਗ ਦਾ ਦਰਿਆ ਵਿਖਾਇਆ ਜਾਏਗਾ।
ਸ਼ੋਰ ਦੀ ਹੁਣ ਸਲਤਨਤ ਨੂੰ ਡਰ ਸੁਰੀਲੀ ਤਾਨ ਦਾ
ਰਾਗ ’ਤੇ ਹਰ ਸਾਜ਼ ’ਤੇ ਪਹਿਰਾ ਬਿਠਾਇਆ ਜਾਏਗਾ।
ਮੰਚ ਤੋਂ ਐਲਾਨ ਹੋਇਆ ਉਹ ਗਰੰਟੀ ਦੇ ਗਿਆ
ਕਾਗਜ਼ਾਂ ਵਿੱਚ ਗ਼ੁਰਬਤਾਂ ਦਾ ਭੋਗ ਪਾਇਆ ਜਾਏਗਾ।
ਲਾਟ ਮੈਨੀਫੈਸਟੋ ਜੰਗਲ ’ਚ ਲੈ ਕੇ ਆ ਗਈ
ਬੂਟਿਆਂ ਨੂੰ ਸ਼ਹਿਰ ਦੇ ਬਾਗ਼ਾਂ ’ਚ ਲਾਇਆ ਜਾਏਗਾ।
ਰੇਤਿਆਂ ਨੂੰ ਪਾਣੀਆਂ ਦਾ ਖ਼ਾਬ ਦੇ ਕੇ ਇਸ ਤਰ੍ਹਾਂ
ਹੋਰ ਕਿੰਨਾ ਚਿਰ ਭਲਾ ਧੁੱਪੇ ਬਿਠਾਇਆ ਜਾਏਗਾ।
ਨੁਕਤਿਆਂ ਦੀ ਭੀੜ ਤੇਹਾਂ ਦੀ ਸ਼ਨਾਖ਼ਤ ਕਰ ਰਹੀ
ਸਬਕ ਇਹਨਾਂ ਨੁਕਤਿਆਂ ਨੂੰ ਵੀ ਸਿਖਾਇਆ ਜਾਏਗਾ।
ਭੁੱਖ ਦਾ ਪਰਚਮ ਬਣਾ ਕੇ ਕਰ ਰਹੇ ਐਲਾਨ ਹਾਂ
ਅੱਖ ਦੀ ਕਬਰੇ ਨਾ ਹੰਝੂ ਹੁਣ ਦਬਾਇਆ ਜਾਏਗਾ।
ਸੰਪਰਕ: 99143-10063
* * *
ਇਨਕਲਾਬ
ਪੂਜਾ ਪੁੰਡਰਕ
ਅੱਜ ਇੱਕ ਦਾਣੇ ਦੀ ਖਾਤਰ ਕੀੜੀ ਲੜ ਕੇ ਮਰੀ ਹੈ,
ਅੱਜ ਵੱਛੀ ਨੇ ਗੱਲ ਆਪਣੇ ਹਿੱਸੇ ਦੇ ਦੁੱਧ ਦੀ ਕਰੀ ਹੈ।
ਅੱਜ ਕੁੱਤਾ ਰੋਟੀ ਬੋਹੀਏ ’ਚੋਂ ਚੁੱਕ ਕੇ ਭੱਜਿਆ ਹੈ,
ਅੱਜ ਮੱਝ ਰੱਸੇ ਤੋਂ ਛੁੱਟਣ ਲਈ ਤਿਲਮਿਲਾਈ ਖੜ੍ਹੀ ਹੈ।
ਅੱਜ ਮੁਰਗੇ ਨੇ ਪਿੰਜਰੇ ਤੋਂ ਬਾਹਰ ਨੂੰ ਤੱਕਿਆ ਹੈ,
ਅੱਜ ਚੂਹੇ ਨੇ ਨਿਡਰ ਹੋ ਕੇ ਬਿੱਲੇ ਦੀ ਗਰਦਨ ਫੜ੍ਹੀ ਹੈ।
ਅੱਜ ਪਾਣੀ ਘੜੇ ਤੋਂ ਬਾਹਰ ਨੂੰ ਉੱਛਲਿਆ ਹੈ,
ਅੱਜ ਹਵਾ ਨੇ ਉਡਾਰੀ ਬ੍ਰਹਿਮੰਡ ਦੀ ਭਰੀ ਹੈ।
ਅੱਜ ਰੁੱਖਾਂ ਦਾ ਜੀਅ ਬੰਦੇ ਦਾ ਹੱਥ ਮਰੋੜਨ ਨੂੰ ਕੀਤਾ ਹੈ,
ਅੱਜ ਕੁਦਰਤ ਨੇ ਕਿਤਾਬ ਇਨਕਲਾਬ ਦੀ ਪੜ੍ਹੀ ਹੈ।
ਸੰਪਰਕ: 83604-81106
* * *
ਸਵਰਗ ਦਾ ਵਾਰਿਸ
ਧਰਮ ਪਾਲ ਕਪੂਰ
ਕਿੱਥੇ ਹੈ ਸਵਰਗ ਨਰਕ/ ਕੋਈ ਨਹੀਂ ਜਾਣਦਾ
ਨਾ ਹੀ ਕੋਈ/ ਸਵਰਗ ਨਰਕ/ ਅੰਬਰੋਂ ਪਾਰ ਏ।
ਹਾਂ ਨਿਸ਼ਚੇ ਹੀ
ਧਰਤੀ ’ਤੇ ਮਨੁੱਖ
ਸਵਰਗ ਦਾ ਵਾਰਿਸ
ਖ਼ੁਦ ਆਪ ਏ।।
ਸਭ ਨੂੰ ਧੋਖਾ ਦੇ
ਕਈ ਗੁਨਾਹਗਾਰ
ਹੋ ਕੇ ਵੀ
ਗੁਨਾਹਾਂ ਦੀ ਸਜ਼ਾ
ਤੋਂ ਬੇਦਾਗ ਨੇ।
ਮਗਰ ਸਮਾਂ ਗਵਾਹ ਹੈ
ਕਿਸੇ ਕਰਤੇ ਧਰਤੇ ਦੀ
ਅੰਬਰੋਂ ਪਾਰ ਲਾਈ
ਕਚਹਿਰੀ ਦਾ ਨਹੀਂ.
ਸਗੋਂ ਇਸੇ ਧਰਤੀ ਦਾ
ਜੋ ਗੁਨਾਹਗਾਰ ਹੋ ਕੇ ਵੀ
ਬਚੇ ਸੀ ਕਿਸੇ ਸਖ਼ਤ
ਸਜ਼ਾ ਤੋਂ
ਅਖ਼ੀਰ ਅੰਤ ਸਮੇਂ ’ਤੇ
ਉਹ ਵੀ ਨਾ/ ਧੋਖਾ ਦੇ ਸਕੇ
ਆਪਣੀ ਅੰਤਰ ਆਤਮਾ ਨੂੰ
ਅਤੇ
ਸਾਹਮਣੇ ਮਰੇ/ ਕੁੜ੍ਹ-ਕੁੜ੍ਹ
ਪਸ਼ਚਾਤਾਪ ਦੀ
ਸੁਲਗ਼ਦੀ ਅੱਗ ’ਚ।
ਤਰਕ ਵੇਦ ਨਹੀਂ ਮੰਨਦਾ
ਕਿ ਮੱਥੇ ਘਸਾਉਣ ਵਾਲਾ
ਹੀ ਅਸਲ ਵਿੱਚ ਧਰਮੀ ਤੇ
ਰੱਬ ਦਾ ਪੈਰੋਕਾਰ ਏ
ਲੇਕਿਨ ਏਥੇ
ਵਿਗਿਆਨ ਦੀ ਖੋਜ ਵੀ
ਪਖੰਡੀਆਂ ਲਈ
ਚਮਤਕਾਰ ਏ।।।
ਸੰਪਰਕ: 75083-41879
* * *
ਗ਼ਜ਼ਲ
ਰਣਜੀਤ ਕੌਰ ਰਤਨ
ਅੰਦਰ ਮੱਚੇ ਸ਼ੋਰ-ਸ਼ਰਾਬਾ, ਬਾਹਰ ਚੁੱਪ ਘਨੇਰੀ ਏ।
ਅੱਖਾਂ ਵਿੱਚ ਬਿਰਹਾ ਦਾ ਕੱਜਲ, ਪਾਉਂਦਾ ਰੜਕ ਬਥੇਰੀ ਏ।
ਬੇਸ਼ੱਕ ਮੇਰੇ ਨਾਲ ਨਹੀਂ ਉਹ, ਮੰਜ਼ਿਲ ’ਤੇ ਤਾਂ ਜਾਣਾ ਏ,
ਪੈਰਾਂ ਦੇ ਵਿੱਚ ਛਾਲੇ ਪੈ ਗਏ, ਹਾਲੇ ਵਾਟ ਲੰਮੇਰੀ ਏ।
ਲੱਖਾਂ ਜੁਗਨੂੰ ਚਮਕ ਰਹੇ ਨੇ, ਚਾਨਣ ਵਾਲਾ ਮੇਲਾ ਏ,
ਮੇਰੇ ਮਨ ਦੀ ਮਮਟੀ ਯਾਰੋ, ਕਾਹਤੋਂ ਘੁੱਪ ਹਨੇਰੀ ਏ।
ਫੋਕੇ ਹਾਸੇ ਨਿੰਮ ਪਤਾਸੇ, ਨੈਣੀਂ ਸਾਗਰ ਖਾਰਾ ਏ,
ਪੀੜਾਂ ਜਾਈ ਜਿੰਦ ਨਿਮਾਣੀ, ਵਿੱਚ ਗ਼ਮਾਂ ਦੇ ਘੇਰੀ ਏ।
ਹਉਕੇ ਹਾਵੇ ਪਾ ਕੇ ਝੋਲੀ, ਤੁਰਿਆ ਜਿਹੜੇ ਰਾਹਾਂ ’ਤੇ,
ਇਹ ਇੱਟਾਂ ਦੀ ਨਗਰੀ ਸੱਜਣ, ਨਾ ਤੇਰੀ ਏ ਨਾ ਮੇਰੀ ਏ।
ਜ਼ਾਲਮ ਦੀ ਚੱਕੀ ਵਿੱਚ ਪਿਸਦਾ, ਲੂੰ ਲੂੰ ਏਹੋ ਆਖ ਰਿਹਾ,
ਜਿੰਨਾ ਚਾਹੇ ਜ਼ੋਰ ਲਗਾ ਲੈ, ਅਗਲੀ ਵਾਰੀ ਤੇਰੀ ਏ।
Advertisement
Advertisement