Suicide: ਕਰਜ਼ੇ ਤੋਂ ਤੰਗ ਆ ਕੇ ਮਜ਼ਦੂਰ ਵੱਲੋਂ ਖੁਦਕੁਸ਼ੀ
ਮਨੋਜ ਸ਼ਰਮਾ
ਬਠਿੰਡਾ, 20 ਮਈ
ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਆਖਰੀ ਪਿੰਡ ਕੋਠੇ ਚੇਤ ਸਿੰਘ ਵਾਲਾ ਵਿਖ਼ੇ ਇੱਕ ਖੇਤ ਮਜ਼ਦੂਰ ਕਾਮੇ ਵੱਲੋਂ ਕਰਜ਼ੇ ਦੇ ਬੋਝ ਦੇ ਚਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਦੀ ਪਛਾਣ ਨਛੱਤਰ ਸਿੰਘ (40) ਪੁੱਤਰ ਮਿੱਠੂ ਸਿੰਘ ਵਜੋਂ ਹੋਈ ਹੈ। ਉਸ ਦੇ ਪਿਤਾ ਅਤੇ ਭੈਣ-ਭਰਾ ਦੀ ਵੀ ਕੁਝ ਅਰਸਾ ਪਹਿਲਾਂ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਅਨੁਸਾਰ ਨਛੱਤਰ ਪੇਂਡੂ ਖੇਤਰ ਵਿਚ ਕਰਜ਼ਾ ਦੇਣ ਵਾਲੀਆਂ ਮਾਈਕਰੋਫਾਈਨਾਂਸ ਕੰਪਨੀਆਂ ਦੇ ਮੱਕੜ ਜਾਲ ਵਿੱਚ ਫਸਿਆ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪਿੰਡ ਇਕਾਈ ਦੇ ਪ੍ਰਧਾਨ ਛਿੰਦਰਪਾਲ ਸਿੰਘ ਨੇ ਦੱਸਿਆ ਕਿ 40 ਸਾਲਾ ਨਛੱਤਰ ਸਿੰਘ ਪਿਛਲੇ ਕੁਝ ਸਮੇਂ ਤੋਂ ਖੇਤਾਂ ਵਿਚ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਪਿੰਡ ਵਿਚ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਵਿੱਚ ਕੰਬਾਈਨ ’ਤੇ ਵੀ ਕੰਮ ਕਰਦਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਰਜ਼ੇ ਵਿਚ ਫਸਣ ਕਾਰਨ ਬਹੁਤ ਪ੍ਰੇਸ਼ਾਨ ਸੀ ਅਤੇ ਉਤੋਂ ਦਿਹਾੜੀ ਨਾ ਲੱਗਣ ਕਰਕੇ ਪਰਿਵਾਰ ਚਲਾਉਣਾ ਔਖਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਨਛੱਤਰ ਸਿੰਘ ਨੇ ਆਪਣੇ ਘਰ ਦੇ ਨੇੜਲੇ ਸਕੂਲ ਦੀ ਕੰਧ ’ਤੇ ਚੜ੍ਹ ਕੇ ਇਕ ਦਰੱਖਤ ਨਾਲ ਰੱਸਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ। ਉਸ ਦੇ ਤਿੰਨੇ ਬੱਚੇ ਸਕੂਲ ਵਿੱਚ ਪੜ੍ਹ ਰਹੇ ਹਨ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਕੋਲੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੀ ਬਾਂਹ ਫੜੀ ਜਾਵੇ ਅਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਰੋਜ਼ੀ ਰੋਟੀ ਚਲਾ ਸਕਣ।