ਖੁਦਕੁਸ਼ੀ ਮਾਮਲਾ: ਨੌਜਵਾਨ ਸਭਾ ਨੇ ਬੈਂਸ ਦਾ ਪੁਤਲਾ ਫੂਕਿਆ
ਦੀਪਕ ਠਾਕੁਰ
ਤਲਵਾੜਾ, 25 ਅਕਤੂਬਰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਨੇ ਪ੍ਰੋ ਬਲਵਿੰਦਰ ਕੌਰ ਖੁਦਕੁਸ਼ੀ ਮਾਮਲੇ ’ਚ ਸਿੱਖਿਆ ਮੰਤਰੀ ਨੂੰ ਬਰਖਾਸਤ ਕਰ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਅੱਡਾ ਝੀਰ ਦਾ ਖੂਹ ਵਿਖੇ ਹਾਜੀਪੁਰ ਇਕਾਈ ਦੇ ਕਾਰਕੁਨਾਂ ਨੇ ਘਟਨਾ ਦੇ ਵਿਰੋਧ ’ਚ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ। ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਬਲੀ ਨੇ ਕਿਹਾ ਕਿ ਬਿਹਤਰ ਸਿੱਖਿਆ ਅਤੇ ਸਿਹਤ ਪ੍ਰਬੰਧ ’ਚ ਸੁਧਾਰ ਦੇ ਨਾਅਰੇ ਨਾਲ ਆਮ ਆਦਮੀ ਪਾਰਟੀ ਸੱਤਾ ’ਚ ਆਈ ਸੀ। ‘ਆਪ’ ਸਰਕਾਰ ਦੇ ਕਰੀਬ ਪੌਣੇ ਦੋ ਕੁ ਸਾਲਾ ਦੇ ਕਾਰਜਕਾਲ ’ਚ ਸਰਕਾਰੀ ਵਿੱਦਿਅਕ ਅਦਾਰੇ ਅਤੇ ਹਸਪਤਾਲ ਸਟਾਫ਼ ਤੋਂ ਸੱਖਣੇ ਹਨ। ਰੁਜ਼ਗਾਰ ਦੀ ਮੰਗ ਲੈ ਕੇ 1158 ਸਹਾਇਕ ਪ੍ਰੋਫੈਸਰ ਯੂਨੀਅਨ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ ’ਤੇ ਪੱਕਾ ਧਰਨਾ ਦੇ ਰਹੀ ਹੈ। ਧਰਨੇ ’ਚ ਸ਼ਾਮਲ ਪ੍ਰੋਫੈਸਰ ਬਲਵਿੰਦਰ ਕੌਰ ਨੇ ਖੁਦਕੁਸ਼ੀ ਨੋਟ ’ਚ ਸਿੱਖਿਆ ਮੰਤਰੀ ’ਤੇ ਗੰਭੀਰ ਦੋਸ਼ ਲਾਏ ਹਨ। ਸਭਾ ਨੇ ਸਿੱਖਿਆ ਮੰਤਰੀ ’ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ, ਹਰਜੋਤ ਬੈਂਸ ਨੂੰ ਬਰਖਾਸਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਵਿਰੁੱਧ ਕੈਂਡਲ ਮਾਰਚ
ਅੰਮ੍ਰਿਤਸਰ (ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ 1158 ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਖ਼ੁਦਕੁਸ਼ੀ ਕਰਨ ਲਈ ਕਥਿਤ ਮਜਬੂਰ ਕਰਨ ਵਾਲੀ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਖ਼ਿਲਾਫ਼ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਯੂਨੀਅਨ (ਲਲਕਾਰ) ਵੱਲੋਂ ਗੁਰਪ੍ਰੀਤ ਅਤੇ ਰਵਿੰਦਰ ਕੌਰ ਨੇ ਕਿਹਾ ਕਿ ਇਹ ਸਿਰਫ਼ ਇੱਕ ਖ਼ੁਦਕੁਸ਼ੀ ਨਹੀਂ ਸਗੋਂ ਕਥਿਤ ਸਰਕਾਰੀ ਕਤਲ ਹੈ। ਮ੍ਰਿਤਕ ਪ੍ਰੋਫੈਸਰ ਪਿਛਲੇ ਦੋ ਸਾਲ ਤੋਂ ਗੰਭੀਰ ਤਣਾਅ ਵਿੱਚੋਂ ਗੁਜ਼ਰ ਰਹੀ ਸੀ। ਇਸ ਤੋਂ ਬਾਅਦ ਵੀ ਸਰਕਾਰ ਵੱਲੋਂ ਉਸ ਦੀ ਸਾਰ ਨਹੀਂ ਲਈ ਗਈ। ਖ਼ੁਦਕੁਸ਼ੀ ਨੋਟ ਵਿੱਚ ਵੀ ਬਲਵਿੰਦਰ ਕੌਰ ਨੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਤੇ ਉਨ੍ਹਾਂ ’ਤੇ ਬਲਵਿੰਦਰ ਕੌਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਜਾਵੇ।