ਖੁਦਕੁਸ਼ੀ ਮਾਮਲਾ: ਬੱਤਾ ਵਾਸੀਆਂ ਵੱਲੋਂ ਲਾਸ਼ ਸੜਕ ’ਤੇ ਰੱਖ ਕੇ ਧਰਨਾ
ਸ਼ਸ਼ੀ ਪਾਲ ਜੈਨ
ਖਰੜ, 18 ਅਕਤੂਬਰ
ਇਸ ਬਲਾਕ ਦੇ ਪਿੰਡ ਬੱਤਾ ਵਿੱਚ ਸੁਰਮੁੱਖ ਸਿੰਘ ਨਾਂ ਦੇ ਵਿਅਕਤੀ ਨੂੰ ਖੁਦਕੁਸ਼ੀ ਲਈ ਕਥਿਤ ਮਜਬੂਰ ਕਰਨ ਦੇ ਦੋਸ਼ ਹੇਠ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਬਾਅਦ ਦੁਪਹਿਰ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਸੜਕ ’ਤੇ ਰੱਖ ਕੇ ਖਰੜ-ਮੋਰਿੰਡਾ ਸੜਕ ’ਤੇ ਮਾਨਹੇੜੀ ਪਿੰਡ ਨੇੜੇ ਧਰਨਾ ਲਾ ਦਿੱਤਾ। ਪਿੰਡ ਬੱਤਾ ਦੇ ਸੁਰਿੰਦਰ ਸਿੰਘ ਨੇ ਰੇਲਵੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਛੋਟੇ ਭਰਾ ਸੁਰਮੁੱਖ ਸਿੰਘ ਨੂੰ ਖੁਦਕੁਸ਼ੀ ਲਈ ਕਥਿਤ ਮਜਬੂਰ ਕੀਤਾ ਗਿਆ। ਪੁਲੀਸ ਨੇ ਇਸ ਸਬੰਧੀ ਬਲਵਿੰਦਰ ਸਿੰਘ ਸਰਪੰਚ, ਜਸਵੀਰ ਸਿੰਘ, ਸੋਨੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸੁਰਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ 15 ਅਕਤੂਬਰ ਨੂੰ ਉਨ੍ਹਾਂ ਦੇ ਪਿੰਡ ਵਿਚ ਸਰਪੰਚੀ ਦੀਆਂ ਵੋਟਾਂ ਸਨ। ਉਨ੍ਹਾਂ ਵੱਲੋਂ ਗੁਰਪ੍ਰੀਤ ਸਿੰਘ ਨਾਂ ਦੇ ਉਮੀਦਵਾਰ ਦੀ ਮਦਦ ਕੀਤੀ ਸੀ। ਵੋਟਾਂ ਵਾਲੇ ਦਿਨ ਬਲਵਿੰਦਰ ਸਿੰਘ ਨੂੰ ਸਰਪੰਚ ਐਲਾਨਿਆ ਗਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਤੋਂ ਦੂਸਰੇ ਦਿਨ ਮੁਲਜ਼ਮਾਂ ਨੇ ਸੁਰਮੁਖ ਸਿੰਘ ਨੂੰ ਧਮਕੀਆਂ ਦਿੱਤੀਆਂ ਸਨ ਜਿਸ ਕਾਰਨ ਉਸ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਹੋਰਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਜੁਰਮ ਵਿਚ ਵਾਧਾ ਕਰਵਾਉਣ ਦੀ ਮੰਗ ਨੂੰ ਲੈ ਕੇ ਲਾਸ਼ ਸੜਕ ’ਤੇ ਰੱਖ ਕੇ ਜਾਮ ਲਾ ਦਿੱਤਾ।
ਇਸੇ ਦੌਰਾਨ ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਰੇਲਵੇ ਪੁਲੀਸ ਨੇ ਕਰਨੀ ਹੈ। ਉਨ੍ਹਾਂ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਉਹ ਖੁਦ ਵੀ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।