ਖੁਦਕੁਸ਼ੀ ਮਾਮਲਾ: ਪੀੜਤ ਪਰਿਵਾਰ ਵੱਲੋਂ ਰੋਸ ਵਿਖਾਵਾ
ਪੱਤਰ ਪ੍ਰੇਰਕ
ਰਤੀਆ, 14 ਅਗਸਤ
ਪਿੰਡ ਸਰਦਾਰੇਵਾਲਾ ’ਚ ਇਕ ਵਿਅਕਤੀ ਵਲੋਂ ਆਪਣੀ ਬੇਟੀ ਦੇ ਪ੍ਰੇਮ ਵਿਆਹ ਤੋਂ ਪ੍ਰੇਸ਼ਾਨ ਹੋ ਕੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਪਣੀ ਜਾਨ ਦੇਣ ਦੇ ਮਾਮਲੇ ’ਚ ਪਰਿਵਾਰਕ ਮੈਂਬਰਾਂ ਦਾ ਰੋਸ ਵਿਖਾਵਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਲੜਕੀ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਕਾਰਵਾਈ ਨਹੀਂ ਕਰਦੀ ਉਹ ਦੇਹ ਦਾ ਸਸਕਾਰ ਨਹੀਂ ਕਰਨਗੇ। ਇਸ ਦੌਰਾਨ ਪੰਚਾਇਤ ਤੇ ਹੋਰ ਮੋਹਤਬਰਾਂ ਵੱਲੋਂ ਦਖਲ ਦੇਣ ਅਤੇ ਪੁਲੀਸ ਅਧਿਕਾਰੀਆਂ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਵਿਸ਼ੇਸ਼ ਟੀਮਾਂ ਬਣਾਉਣ ਦਾ ਭਰੋਸਾ ਦੇਣ ’ਤੇ ਪਰਿਵਾਰ ਮ੍ਰਿਤਕ ਰਾਜ ਕੁਮਾਰ ਦੀ ਲਾਸ਼ ਲੈਣ ਲਈ ਰਾਜ਼ੀ ਹੋਏ ਅਤੇ ਬਾਅਦ ਵਿਚ ਦੁਪਹਿਰ ਸਮੇਂ ਪੁੀਸ ਦੀ ਮੌਜੂਦਗੀ ਵਿਚ ਹੀ ਪਿੰਡ ਵਿਚ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਸਰਦਾਰੇਵਾਲਾ ਦੇ ਰਾਜ ਕੁਮਾਰ ਨੇ ਬੇਟੀ ਦੇ ਪ੍ਰੇਮ ਵਿਆਹ ਤੋਂ ਇਲਾਵਾ ਲੜਕੀ ਦੇ ਸਹੁਰਾ ਪਰਿਵਾਰ ਵਲੋਂ ਵਾਰ-ਵਾਰ ਮਿਹਣੇ ਮਾਰੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਕੱਲ੍ਹ ਪਿੰਡ ਦੇ ਨਜ਼ਦੀਕ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ। ਇਸ ਉਪਰੰਤ ਪੁਲੀਸ ਨੇ ਮ੍ਰਿਤਕਾ ਦੀ ਪਤਨੀ ਸਰੋਜ ਰਾਣੀ ਦੀ ਸ਼ਿਕਾਇਤ ’ਤੇ ਪਿੰਡ ਦੇ ਮੋਹਿਤ ਕੁਮਾਰ, ਯੋਗੇਸ਼ ਉਰਫ ਕਾਕੂ ਅਤੇ ਪਿਨੂ ਵਾਸੀ ਬਲਿਆਲਾ ਖਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ ਅਤੇ ਡਾਕਟਰਾਂ ਦੀ ਟੀਮ ਤੋਂ ਪੋਸਟਮਾਰਟਮ ਵੀ ਕਰਵਾ ਦਿੱਤਾ ਸੀ। ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰ ਤੱਕ ਸਸਕਾਰ ਨਾ ਕਰਨ ’ਤੇ ਅੜਿਆ ਹੋਇਆ ਸੀ। ਪੁਲੀਸ ਨੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾ ਮ੍ਰਿਤਕ ਦਾ ਸਸਕਾਰ ਕਰਵਾ ਦਿੱਤਾ ਹੈ।