ਖ਼ੁਦਕੁਸ਼ੀ ਮਾਮਲਾ: ਜਾਂਚ ਮਗਰੋਂ ਪੁਲੀਸ ਵੱਲੋਂ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਸਤੰਬਰ
ਇੱਕ ਹੋਟਲ ’ਚ ਕਰੀਬ 20 ਦਿਨ ਪਹਿਲਾਂ ਰਾਹੋਂ ਰੋਡ ਇੰਦਰਾ ਕਲੋਨੀ ਦੇ ਅਨਿਲ ਕੁਮਾਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਥਾਣਾ ਮੋਤੀ ਨਗਰ ਪੁਲੀਸ ਨੇ ਉਸ ਨਾਲ ਗਈ ਉਸ ਦੀ ਪ੍ਰੇਮਿਕਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਵੀਹ ਦਿਨਾਂ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਅਨਿਲ ਦੀ ਪਤਨੀ ਪਿੰਕੀ ਦੀ ਸ਼ਿਕਾਇਤ ’ਤੇ ਪਿੰਡ ਜਗੀਰਪੁਰ ਦੀ ਅਮਰਜੀਤ ਕਲੋਨੀ ਵਾਸੀ ਗੁਰਮੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਿੰਕੀ ਦਾ ਦੋਸ਼ ਹੈ ਕਿ ਮੁਲਜ਼ਮ ਔਰਤ ਉਸ ਨੂੰ ਪੈਸੇ ਲੈਣ ਲਈ ਲੈ ਕੇ ਗਈ ਸੀ। ਇਸ ਤੋਂ ਤੰਗ ਆ ਕੇ ਉਸ ਦੇ ਪਤੀ ਨੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮੁਲਜ਼ਮ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿੰਕੀ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮ ਔਰਤ ਨੇ ਉਸ ਦੇ ਪਤੀ ਅਨਿਲ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ ਸੀ ਜਿਸ ਤੋਂ ਬਾਅਦ ਉਹ ਉਸਨੂੰ ਲਗਾਤਾਰ ਬਲੈਕਮੇਲ ਕਰ ਰਹੀ ਸੀ। ਉਹ ਕਈ ਵਾਰ ਪੈਸੇ ਲੈ ਚੁੱਕੀ ਸੀ ਅਤੇ ਜਿਸ ਦਿਨ ਉਸ ਦੇ ਪਤੀ ਨੇ ਖੁਦਕੁਸ਼ੀ ਕੀਤੀ, ਉਸ ਦਿਨ ਉਸ ਨੇ ਪੈਸੇ ਲੈਣ ਲਈ ਹੀ ਹੋਟਲ ਬੁਲਾਇਆ ਸੀ। ਉਸ ਤੋਂ ਬਾਅਦ ਉੱਥੇ ਕੀ ਹੋਇਆ, ਉਸ ਨੂੰ ਨਹੀਂ ਪਤਾ ਪਰ ਮੁਲਜ਼ਮ ਔਰਤ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਮੁਲਜ਼ਮ ਔਰਤ ਫਰਾਰ ਹੋ ਗਈ ਸੀ। ਪਿੰਕੀ ਅਨੁਸਾਰ ਉਸ ਨੇ ਉਸੇ ਦਿਨ ਹੀ ਪੁਲੀਸ ਨੂੰ ਮੁਲਜ਼ਮ ਔਰਤ ਬਾਰੇ ਸੂਚਿਤ ਕਰ ਦਿੱਤਾ ਸੀ, ਪਰ ਪੁਲੀਸ ਨੇ ਜਾਂਚ ਤੋਂ ਬਾਅਦ ਆਖ਼ਰਕਾਰ ਉਸ ਨੂੰ ਇਨਸਾਫ਼ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਔਰਤ ਦੀ ਭਾਲ ’ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਹਨ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮ ਔਰਤ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।