ਖ਼ੁਦਕੁਸ਼ੀ ਮਾਮਲਾ: ਕਿਸਾਨ ਦਾ ਛੇ ਦਿਨਾਂ ਬਾਅਦ ਸਸਕਾਰ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਸਤੰਬਰ
ਖਨੌਰੀ ਬਾਰਡਰ ’ਤੇ ਡਟੇ ਕਿਸਾਨਾਂ ’ਚੋਂ ਪਿੰਡ ਠੂਠਿਆਂਵਾਲੀ ਦੇ ਕਿਸਾਨ ਗੁਰਮੀਤ ਸਿੰਘ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ 6 ਦਿਨਾਂ ਬਾਅਦ ਅੱਜ ਸ਼ਾਮ ਉਸ ਦਾ ਸਸਕਾਰ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਗੁਰਮੀਤ ਸਿੰਘ ਨੂੰ ਕਿਸਾਨੀ ਘੋਲਾਂ ਲਈ ਲੜਨ ਵਾਸਤੇ ਜਥੇਬੰਦੀ ਦਾ ਸ਼ਹੀਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਵਰਗੇ ਹਿੰਮਤੀ ਕਿਸਾਨਾਂ ਦੀਆਂ ਸ਼ਹਾਦਤਾਂ ਆਸਰੇ ਹੀ ਜਥੇਬੰਦੀਆਂ ਘੋਲਾਂ ਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਂਦੀਆਂ ਹਨ। ਇਸ ਤੋਂ ਪਹਿਲਾਂ ਅੱਜ ਸ਼ਾਮ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਅਤੇ ਪੀੜਤ ਪਰਿਵਾਰ ਗੁਰਮੀਤ ਸਿੰਘ ਦੀ ਦੇਹ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਠੂਠਿਆਂਵਾਲੀ ਲੈ ਕੇ ਪੁੱਜੇ। ਇਸ ਮਗਰੋਂ ਨਮ ਅੱਖਾਂ ਨਾਲ ਸ਼ਹੀਦ ਕਿਸਾਨ ਦਾ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ 5 ਲੱਖ ਦਾ ਚੈੱਕ ਅਤੇ ਹੋਰ ਦਾਨੀ ਸੱਜਣਾਂ ਵੱਲੋਂ ਲਗਪਗ 10 ਲੱਖ ਰੁਪਏ ਨਕਦ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤੇ ਜਾਣ ’ਤੇ ਜਥੇਬੰਦੀ ਨੇ ਗੁਰਮੀਤ ਸਿੰਘ ਦਾ ਸਸਕਾਰ ਕਰਨ ਦਾ ਫੈਸਲਾ ਲਿਆ ਸੀ।