For the best experience, open
https://m.punjabitribuneonline.com
on your mobile browser.
Advertisement

ਖੁਦਕਸ਼ੀ ਮਾਮਲਾ: ਪਰਿਵਾਰ ਤੇ ਫ਼ੌਜ ਅਧਿਕਾਰੀਆਂ ਵਿਚਾਲੇ ਬਣੀ ਸਹਿਮਤੀ

11:51 AM Apr 01, 2024 IST
ਖੁਦਕਸ਼ੀ ਮਾਮਲਾ  ਪਰਿਵਾਰ ਤੇ ਫ਼ੌਜ ਅਧਿਕਾਰੀਆਂ ਵਿਚਾਲੇ ਬਣੀ ਸਹਿਮਤੀ
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 31 ਮਾਰਚ
ਪਿੰਡ ਹੀਰਪੁਰ ਦੇ 26 ਪੰਜਾਬ ਰੈਂਜਮੈਂਟ ਦੇ ਇੱਕ ਫ਼ੌਜੀ ਜਵਾਨ ਸੁਖਵਿੰਦਰ ਸਿੰਘ ਦਾ ਭਲਕੇ ਸਸਕਾਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਦੀ ਲੱਦਾਖ ਵਿੱਚ 24 ਮਾਰਚ ਨੂੰ ਡਿਊਟੀ ਦੌਰਾਨ ਭੇਤਭਰੀ ਹਾਲਤ ’ਚ ਮੌਤ ਹੋ ਗਈ ਸੀ। ਫ਼ੌਜ ਵੱਲੋਂ ਮੌਤ ਦਾ ਕਾਰਨ ਖੁਦਕੁਸ਼ੀ ਦੱਸਣ ਕਾਰਨ ਪਰਿਵਾਰ ਅਤੇ ਫ਼ੌਜ ਅਧਿਕਾਰੀਆਂ ’ਚ ਕੁੱਝ ਸ਼ੰਕਿਆਂ ਕਾਰਨ ਸਸਕਾਰ ਨਹੀਂ ਕੀਤਾ ਜਾ ਰਿਹਾ ਸੀ। ਪਰਿਵਾਰ ਮੌਤ ਦਾ ਕਾਰਨ ਸਪੱਸ਼ਟ ਕਰਨ ਦੀ ਮੰਗ ਕਰ ਰਿਹਾ ਸੀ। ਇਸ ਦੌਰਾਨ ਸੁਖਵਿੰਦਰ ਸਿੰਘ ਦੀ ਦੇਹ ਨੂੰ ਫ਼ੌਜ ਨੇ ਮੁੜ ਚੰਡੀ ਮੰਦਿਰ ਦੇ ਫ਼ੌਜੀ ਹਸਪਤਾਲ ਭੇਜ ਦਿੱਤਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸੁਖਵਿੰਦਰ ਸਿੰਘ ਖੁਦਕੁਸ਼ੀ ਨਹੀਂ ਕਰ ਸਕਦਾ, ਜਦਕਿ ਫ਼ੌਜ ਦੇ ਅਧਿਕਾਰੀਆਂ ਨੇ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਸੀ। ਪਰਿਵਾਰਕ ਮੈਂਬਰਾਂ ਅਤੇ ਫ਼ੌਜ ਦੇ ਅਧਿਆਕਾਰੀਆਂ ਨਾਲ ਇਸ ਸਬੰਧੀ ਚੰਡੀ ਮੰਦਿਰ ਵਿੱਚ ਦੋ ਮੀਟਿੰਗਾਂ ਵੀ ਹੋਈਆਂ ਪਰ ਕੋਈ ਸਹਿਮਤੀ ਨਹੀਂ ਬਣੀ। ਸੁਖਵਿੰਦਰ ਸਿੰਘ ਦੀ ਦੇਹ ਪਿਛਲੇ ਇੱਕ ਹਫ਼ਤੇ ਤੋਂ ਚੰਡੀ ਮੰਦਰ ਦੇ ਫੌਜੀ ਹਸਪਤਾਲ ਵਿੱਚ ਰੱਖੀ ਗਈ ਹੈ। ਪਰਿਵਾਰ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਜਾਵੇ ਤੇ ਫੋਜੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇ ਪਰ ਮੀਟਿੰਗ ਬੇਸਿੱਟਾ ਰਹੀ। ਇਸ ਸਬੰਧੀ ਪਰਿਵਾਰ ਨਾਲ ਇਲਾਕੇ ਦੀਆਂ ਕਈ ਸਮਾਜ ਸੇਵੀਆਂ ਜਥੇਬੰਦੀਆਂ ਨੇ ਝੱਜ ਚੌਕ ਵਿੱਚ ਇਨਸਾਫ ਲੈਣ ਖਾਤਰ ਆਵਾਜਾਈ ਵੀ ਰੋਕੀ ਸੀ। ਪਰ ਕੋਈ ਸਿੱਟਾ ਨਹੀਂ ਨਿਕਲਿਆ ਸੀ। ਫ਼ੌਜ ਦੇ ਅਧਿਕਾਰੀ ਮੁਤਾਬਕ ਸੁਖਵਿੰਦਰ ਸਿੰਘ ਨੇ ਫਾਹਾ ਲੈ ਕੇ ਖੁਦਕਸ਼ੀ ਕੀਤੀ ਹੈ ਤੇ ਉਹ ਕਈ ਦਿਨਾਂ ਤੋਂ ਤਣਾਅ ’ਚ ਸੀ ਜਿਸ ਕਰਕੇ ਉਸ ਨੇ ਕਦਮ ਚੁੱਕਿਆ।
ਉਨ੍ਹਾਂ ਕਿਹਾ ਕਿ ਨਾ ਤਾਂ ਜਵਾਨ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਕਰ ਸਕਦੇ ਹਨ ਅਤੇ ਨਾ ਹੀ ਸ਼ਹੀਦ ਦਾ ਰੁਤਬਾ ਦੇ ਸਕਦੇ ਹਨ। ਉਨ੍ਹਾਂ ਨੂੰ ਬਾਕੀ ਸਭ ਕੁਝ ਜੋ ਬਣਦਾ ਉਹ ਦਿੱਤਾ ਜਾਵੇਗਾ। ਹੁਣ ਪਰਿਵਾਰਕ ਮੈਂਬਰਾਂ ਨਾਲ ਫ਼ੌਜ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਇਹ ਸਮਝੌਤਾ ਹੋਇਆ ਹੈ ਕਿ ਫ਼ੌਜੀ ਜਵਾਨ ਦੇ ਮੌਤ ਦਾ ਕਾਰਨ ਪਤਾ ਲਗਾਉਣ ਲਈ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਸਖਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਪਰਿਵਾਰ ਦੀ ਤਸੱਲੀ ਮਗਰੋਂ ਹੁਣ ਫ਼ੌਜੀ ਜਵਾਨ ਦਾ ਭਲਕੇ 12 ਵਜੇ ਉਸ ਦੇ ਪਿੰਡ ਹੀਰਪੁਰ ਵਿੱਚ ਸਸਕਾਰ ਕੀਤਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×