ਖ਼ੁਦਕੁਸ਼ੀ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਧਰਨਾ ਲਾਇਆ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ
ਵਿਆਹੁਤਾ ਔਰਤ ਦੇ ਖੁਦਕੁਸ਼ੀ ਮਾਮਲੇ ਵਿੱਚ ਅੱਜ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਅੱਗੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੋਂ ਇਸ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮ੍ਰਿਤਕਾ ਅਮਨਜੋਤ ਕੌਰ ਦੇ ਪਿਤਾ ਦਾਰਾ ਸਿੰਘ ਵਾਸੀ ਸੁਨਾਮ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਕਰੀਬ 9 ਸਾਲ ਪਹਿਲਾਂ ਉਸ ਦੀ ਲੜਕੀ ਅਮਨਜੋਤ ਕੌਰ ਦਾ ਸੁਨਾਮ ਦੇ ਹੀ ਗਗਨਦੀਪ ਸਿੰਘ ਨਾਲ ਵਿਆਹ ਹੋਇਆ ਸੀ ਜਿਨ੍ਹਾਂ ਦਾ 7 ਸਾਲ ਦਾ ਬੇਟਾ ਵੀ ਹੈ। ਗਗਨਦੀਪ ਸਿੰਘ ਦੇ ਲਗਭਗ ਇਕ ਸਾਲ ਤੋਂ ਕਿਸੇ ਹੋਰ ਲੜਕੀ ਨਾਲ ਕਥਿਤ ਨਾਜਾਇਜ਼ ਸਬੰਧ ਹਨ। ਅਮਨਜੋਤ ਕੌਰ ਉਸ ਨੂੰ ਅਜਿਹਾ ਕਰਨ ਤੋਂ ਵਰਜਦੀ ਸੀ ਜਿਸ ਨੂੰ ਲੈ ਕੇ ਉਸ ਦਾ ਪਤੀ ਅਤੇ ਸੱਸ ਨਾਲ ਝਗੜਾ ਰਹਿੰਦਾ ਸੀ। ਬੀਤੀ 15 ਅਕਤੂਬਰ ਨੂੰ ਅਮਨਜੋਤ ਕੌਰ ਨੇ ਘਰ ਦੇ ਚੁਬਾਰੇ ’ਚ ਜਾ ਕੇ ਫਾਹਾ ਲਾ ਲਿਆ। ਪਤਾ ਲੱਗਣ ’ਤੇ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਕੱਲ੍ਹ ਸਵੇਰੇ ਮੌਤ ਹੋ ਗਈ। ਸੁਨਾਮ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਗਗਨਦੀਪ ਸਿੰਘ ਅਤੇ ਸੱਸ ਬਲਵਿੰਦਰ ਕੌਰ ਖਿਲਾਫ ਬੀਐੱਨਐੱਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਮ੍ਰਿਤਕਾ ਦੇ ਪਿਤਾ ਦਾਰਾ ਸਿੰਘ ਦਾ ਕਹਿਣਾ ਸੀ ਕਿ ਉਸ ਦੀ ਲੜਕੀ ਦਾ ਕਤਲ ਹੋਇਆ ਹੈ ਜਦੋਂ ਕਿ ਪੁਲੀਸ ਵੰਲੋਂ ਕੇਸ ਕਮਜ਼ੋਰ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਵਲੋਂ ਕੇਸ ਵਿੱਚ ਕਤਲ ਦੀ ਧਾਰਾ ਦਰਜ ਨਹੀਂ ਹੁੰਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਉਧਰ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਐੱਸਐੱਚਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਕਿਹਾ ਕਿ ਪੁਲੀਸ ਵਲੋਂ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਗਈ ਹੈ ਅਤੇ ਦੋਵਾਂ ਕਥਿਤ ਦੋਸ਼ੀਆ ਨੂੰ ਫੜਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।