ਖੁਦਕੁਸ਼ੀ ਮਾਮਲਾ: ਲੜਕੀ ਦੇ ਦੋਸਤ ਖ਼ਿਲਾਫ਼ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਡਾਬਾ ਦੀ ਮਾਨ ਕਲੋਨੀ ਇਲਾਕੇ ’ਚ ਰਹਿਣ ਵਾਲੀ ਕਰੁਣਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਕਰੁਣਾ ਨੇ ਆਪਣੇ ਦੋਸਤ ਦੀਪਕ ਥਾਪਾ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ, ਜਦੋ ਪਰਿਵਾਰ ਵਾਲੇ ਉਸ ਦਾ ਫੋਨ ਚੈੱਕ ਕਰ ਰਹ ਸਨ। ਫੋਨ ’ਚੋਂ ਮਿਲੇ ਸਬੂਤਾਂ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਡਾਬਾ ਦੀ ਪੁਲੀਸ ਨੇ ਜਾਂਚ ਕੀਤੀ ਅਤੇ ਕਰੁਣਾ ਦੇ ਪਿਤਾ ਸ਼ਾਮ ਬਹਾਦਰ ਦੀ ਸ਼ਿਕਾਇਤ ’ਤੇ ਦੀਪਕ ਥਾਪਾ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ। ਕਰੁਣਾ ਨੇ 9 ਜੂਨ ਨੂੰ ਸ਼ੱਕੀ ਹਲਾਤਾਂ ’ਚ ਆਪਣੇ ਘਰ ਵਿਖੇ ਹੀ ਖੁਦਕੁਸ਼ੀ ਕੀਤੀ ਸੀ। ਪੁਲੀਸ ਸ਼ਿਕਾਇਤ ’ਚ ਸ਼ਾਮ ਬਹਾਦਰ ਨੇ ਦੱਸਿਆ ਕਿ ਉਸ ਦੀ 24 ਸਾਲ ਦੀ ਲੜਕੀ ਕਰੁਣਾ ਆਪਣੀਆਂ ਸਹੇਲੀਆਂ ਦੇ ਨਾਲ ਡਾਬਾ ਦੇ ਮਾਨ ਕਲੋਨੀ ’ਚ ਕਿਰਾਏ ਦੇ ਕਮਰੇ ’ਚ ਰਹਿੰਦੀ ਸੀ। ਉਸਦੀ ਲੜਕੀ ਨੇ 8 ਜੂਨ ਨੂੰ ਕਮਰੇ ’ਚ ਸ਼ੱਕੀ ਹਲਾਤਾਂ ’ਚ ਫਾਹਾ ਲੈ ਲਿਆ ਸੀ। ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਪੁਲੀਸ ਨੇ ਵੀ ਉਦੋਂ 174 ਦੀ ਕਾਰਵਾਈ ਕਰ ਦਿੱਤੀ ਸੀ। ਪਿਤਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਲੜਕੀ ਦਾ ਮੋਬਾਈਲ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਉਸ ਦੀ ਦੋਸਤੀ ਦੀਪਕ ਥਾਪਾ ਨਾਲ ਸੀ। ਵਟਸਐਪ ’ਤੇ ਉਸ ਦੇ ਵੱਲੋਂ ਮੈਸੈਜ ਵੀ ਕੀਤੇ ਗਏ ਸਨ। ਉਸਦੀ ਲੜਕੀ ਦੀਪਕ ਤੋਂ ਕਾਫ਼ੀ ਪ੍ਰੇਸ਼ਾਨ ਸੀ, ਜਿਸ ਤੋਂ ਤੰਗ ਆ ਕੇ ਉਸ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ। ਫਿਰ ਉਨ੍ਹਾਂ ਪੁਲੀਸ ਨੂੰ ਮੋਬਾਈਲ ਦਿਖਾ ਕੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਵਾਇਆ। ਉਧਰ, ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਉਤਰ ਪ੍ਰਦੇਸ਼ ਦੇ ਲਖਨਾਊ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦੀ ਭਾਲ ’ਚ ਪੁਲੀਸ ਦੀਆਂ ਟੀਮਾਂ ਭੇਜੀਆਂ ਜਾਣਗੀਆਂਂ।