ਏਜੰਟ ਦੀ ਠੱਗੀ ਦੇ ਸ਼ਿਕਾਰ ਨੌਜਵਾਨ ਵੱਲੋਂ ਖੁਦਕੁਸ਼ੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਨਵੰਬਰ
ਟਰੈਵਲ ਏਜੰਟ ਵੱਲੋਂ 35 ਲੱਖ ਰੁਪਏ ਲੈ ਕੇ ਅਮਰੀਕਾ ਨਾ ਭੇਜੇ ਜਾਣ ਤੋਂ ਦੁਖੀ ਨੌਜਵਾਨ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸਾਗਰ ਥਾਪਰ ਵਾਸੀ ਪ੍ਰਤਾਪਪੁਰਾ ਵਜੋਂ ਹੋਈ ਹੈ। ਨੌਜਵਾਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦੱਸਿਆ ਕਿ ਉਸ ਨੇ ਅਮਰੀਕਾ ਜਾਣ ਵਾਸਤੇ ਕਰਜ਼ਾ ਲਿਆ ਹੋਇਆ ਸੀ ਪਰ ਉਸ ਨੂੰ ਅਮਰੀਕਾ ਨਹੀਂ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਮੋੜੇ ਜਾ ਰਹੇ ਸਨ। ਇਸ ਮਗਰੋਂ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੇਸਬੁੱਕ ’ਤੇ ਲਾਈਵ ਹੋ ਕੇ ਸਾਗਰ ਨੇ ਦੋਸ਼ ਲਾਇਆ ਕਿ ਸਤਨਾਮ ਕੁਮਾਰ ਬੱਗਾ ਨਾਂ ਦੇ ਵਿਅਕਤੀ ਨੇ ਅਮਰੀਕਾ ਭੇਜਣ ਲਈ ਉਸ ਕੋਲੋਂ ਕਰੀਬ 35 ਲੱਖ ਰੁਪਏ ਲੈ ਲਏ। ਸਤਨਾਮ ਕੋਲ ਹੀ ਉਸ ਦਾ ਪਾਸਪੋਰਟ ਪਿਆ ਹੈ। ਐੱਸਐੱਚਓ ਭਰਤ ਮਸੀਹ ਨੇ ਦੱਸਿਆ ਕਿ ਮੁਲਜ਼ਮ ਸਤਨਾਮ ਬੱਗਾ ਵਾਸੀ ਉੱਗੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।