ਔਰਤ ਵੱਲੋਂ ਫ਼ਾਹਾ ਲੈ ਕੇ ਖੁਦਕੁਸ਼ੀ
ਹਤਿੰਦਰ ਮਹਿਤਾ
ਜਲੰਧਰ, 26 ਸਤੰਬਰ
ਇਥੇ ਸੈਦਾਂ ਗੇਟ ਇਲਾਕੇ ਦੀ ਵਿਆਹੁਤਾ ਨੇ ਪੱਖੇ ਨਾਲ ਲਟਕ ਕੇ ਕਥਿਤ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪਤੀ ਵੱਲੋਂ ਤਨਖਾਹ ਖੋਹ ਲੈਣ ਕਾਰਨ ਉਹ ਪ੍ਰੇਸ਼ਾਨ ਸੀ। ਮ੍ਰਿਤਕਾ ਦੀ ਪਛਾਣ ਮਮਤਾ ਵਾਸੀ ਸੈਦਾਂ ਗੇਟ ਵਜੋਂ ਹੋਈ ਹੈ, ਜੋ ਜੌਹਰੀ ਕੋਲ ਕੰਮ ਕਰਦੀ ਸੀ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਦਿੱਤੀ ਹੈ। ਮਮਤਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਮਮਤਾ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ ਤੇ ਉਸ ਦੀ ਛੇ ਸਾਲਾਂ ਦੀ ਇੱਕ ਬੇਟੀ ਵੀ ਹੈ। ਮ੍ਰਿਤਕ ਮਮਤਾ ਦੀ ਮਾਂ ਕਿਰਨ ਅਤੇ ਪਿਤਾ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਜਵਾਈ ਕਾਫੀ ਸਮੇਂ ਤੋਂ ਵਿਹਲਾ ਹੈ ਅਤੇ ਨਸ਼ੇ ਕਰਦਾ ਹੈ। ਉਹ ਮਮਤਾ ਦੀ ਤਨਖਾਹ ਖੋਹ ਲੈਂਦਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਜਦੋਂ ਉਹ ਮਮਤੇ ਦੇ ਸਹੁਰੇ ਘਰ ਪੁੱਜੇ ਤਾਂ ਅੰਦਰ ਪੱਖੇ ਨਾਲ ਉਸ ਦੀ ਲਾਸ਼ ਲਟਕ ਰਹੀ ਸੀ।
ਪਿੰਡ ਮੋਚੀਆਂ ’ਚ ਵਿਅਕਤੀ ਨੇ ਖੁਦਕੁਸ਼ੀ ਕੀਤੀ
ਇਥੋਂ ਦੀ ਬਸਤੀ ਬਾਵਾ ਖੇਲ ਦੇ ਪਿੰਡ ਮੋਚੀਆਂ ’ਚ ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਕਥਿਤ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ (48) ਵਜੋਂ ਹੋਈ ਹੈ, ਜੋ ਕੇਬਲ ਅਪਰੇਟਰ ਸੀ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਬਸਤੀ ਬਾਵਾ ਖੇਲ ਪੁਲੀਸ ਨੂੰ ਦਿੱਤੀ। ਏਐੱਸਆਈ ਮੰਗਤ ਰਾਮ ਨੇ ਦੱਸਿਆ ਕਿ ਅਮਿਤ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਨਹੀਂ ਲੱਗਿਆ ਪਰ ਮੁੱਢਲੇ ਤੌਰ ’ਤੇ ਲੱਗਦਾ ਹੈ ਕਿ ਉਸ ਨੇ ਆਰਥਿਕ ਤੰਗੀ ਕਾਰਨ ਇਹ ਕਦਮ ਚੁੱਕਿਆ। ਏਐੱਸਆਈ ਮੁਤਾਬਕ ਘਟਨਾ ਸਮੇਂ ਅਮਿਤ ਦੀ ਪਤਨੀ ਤੇ ਬੱਚੇ ਘਰ ਵਿੱਚ ਨਹੀਂ ਸਨ। ਬੱਚਿਆਂ ਦੇ ਸਕੂਲ ਤੋਂ ਘਰ ਆਉਣ ’ਤੇ ਘਟਨਾ ਦਾ ਪਤਾ ਲੱਗਿਆ।