ਪੰਜਵੀਂ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਮਈ
ਸਨਅਤੀ ਸ਼ਹਿਰ ਦੇ ਪਿੰਡ ਮੁੰਡੀਆਂ ਕਲਾਂ ’ਚ ਇੱਕ 13 ਸਾਲਾ ਬੱਚੀ ਨੇ ਆਪਣੇ ਘਰ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ 13 ਸਾਲ ਦੀ ਰਿਤੂ ਕੁਮਾਰੀ ਵਾਸੀ ਮੁੰਡੀਆਂ ਕਲਾਂ ਵਜੋਂ ਹੋਈ ਹੈ। ਖੁਦਕੁਸ਼ੀ ਦੀ ਜਾਣਕਾਰੀ ਮਿਲਦੇ ਹੀ ਥਾਣਾ ਜਮਾਲਪੁਰ ਅਧੀਨ ਆਉਂਦੀ ਚੌਕੀ ਮੁੰਡੀਆਂ ਕਲਾਂ ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਨੇ ਹਾਲੇ ਤੱਕ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਦੀ ਲੜਕੀ ਨੇ ਹਾਲ ਹੀ ਵਿਚ ਪੰਜਵੀਂ ਜਮਾਤ ਪਾਸ ਕੀਤੀ ਸੀ। ਉਸ ਦਾ ਛੇਵੀਂ ਜਮਾਤ ’ਚ ਦਾਖਲਾ ਹੋਣਾ ਸੀ ਜਿਸ ਕਾਰਨ ਉਹ ਸਰਕਾਰੀ ਸਕੂਲ ਮੁੰਡੀਆਂ ਕਲਾਂ ’ਚ ਦਾਖਲਾ ਕਰਵਾਉਣ ਗਏ ਸਨ, ਪਰ ਮੌਕੇ ’ਤੇ ਆਧਾਰ ਕਾਰਡ ਨਾ ਹੋਣ ਕਾਰਨ ਉਸ ਦਾ ਦਾਖਲਾ ਨਹੀਂ ਹੋ ਸਕਿਆ। ਇਸ ਤੋਂ ਨਿਰਾਸ਼ ਹੋ ਕੇ ਉਸ ਦੀ ਲੜਕੀ ਨੇ ਘਰ ਆ ਕੇ ਫਾਹਾ ਲੈ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਕੋਲ ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੇਖਣ ’ਚ ਲੱਗਦਾ ਹੈ ਕਿ ਲੜਕੀ ਨੇ ਪਹਿਲਾਂ ਜੰਗਲੇ ’ਤੇ ਜਾ ਕੇ ਚੁੰਨੀ ਨੂੰ ਬੰਨ੍ਹ ਕੇ ਹੇਠਾਂ ਆ ਕੇ ਫਾਹਾ ਲੈ ਲਿਆ।
ਕਰਜ਼ਾ ਦੇਣ ਵਾਲਿਆਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ
ਜਨਕਪੁਰੀ ਇਲਾਕੇ ’ਚ ਬੁਟੀਕ ਚਲਾਉਣ ਵਾਲੇ ਗਗਨਦੀਪ ਲਵਲੀ ਨੇ ਅੱਜ ਸਵੇਰੇ ਆਪਣੇ ਘਰ ’ਚ ਹੀ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਫਾਇਨਾਂਸਰਾਂ ਤੋਂ ਤੰਗ ਆ ਕੇ ਲਵਲੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਮੋਬਾਈਲ ’ਤੇ ਇੱਕ ਵੀਡੀਓ ਬਣਾਈ। ਜਦੋਂ ਲਵਲੀ ਘਰ ’ਤੇ ਸੀ ਤਾਂ ਉਸਦੇ ਪਰਿਵਾਰਕ ਮੈਂਭਰ ਉਸ ਨੂੰ ਸੱਦਣ ਗਏ ਤਾਂ ਉਹ ਅੰਦਰ ਪੱਖੇ ਨਾਲ ਲਟਕ ਰਿਹਾ ਸੀ। ਲਵਲੀ ਨੇ ਕੁਝ ਫਾਇਨਾਂਸਰਾਂ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਕਤ ਲੋਕਾਂ ’ਤੇ ਕਾਰਵਾਈ ਕੀਤੀ ਜਾਵੇ।