ਸੁਰੱਖਿਆ ਗਾਰਡ ਵੱਲੋਂ ਖ਼ੁਦਕੁਸ਼ੀ
ਪੱਤਰ ਪ੍ਰੇਰਕ
ਜਲੰਧਰ, 29 ਅਗਸਤ
ਇੱਥੋਂ ਦੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ ਕੰਮ ਕਰਦੇ ਇੱਕ ਸੁਰੱਖਿਆ ਗਾਰਡ ਨੇ ਕਾਲਜ ਕੰਪਲੈਕਸ ਵਿੱਚ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸ਼ਿਵ ਨਾਥ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਾਲਜ ਪ੍ਰਬੰਧਕਾਂ ਨੂੰ ਘਟਨਾ ਬਾਰੇ ਵੀਰਵਾਰ ਸਵੇਰੇ ਪਤਾ ਲੱਗਾ ਜਦੋਂ ਗਾਰਡ ਆਪਣੀ ਡਿਊਟੀ ’ਤੇ ਨਹੀਂ ਆਇਆ। ਜਦੋਂ ਹੋਰ ਸੁਰੱਖਿਆ ਕਰਮਚਾਰੀ ਉਸ ਦੇ ਕਮਰੇ ਵਿੱਚ ਉਸ ਦੀ ਜਾਂਚ ਕਰਨ ਗਏ ਤਾਂ ਉਸ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕੀ ਮਿਲੀ। ਕਾਲਜ ਪ੍ਰਬੰਧਕਾਂ ਨੇ ਘਟਨਾ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਅਤੇ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ। ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 1 ਦੇ ਐੱਸਐੱਚਓ ਹਰਿੰਦਰ ਸਿੰਘ ਨੇ ਸ਼ਿਵ ਨਾਥ ਦੀ ਖ਼ੁਦਕੁਸ਼ੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਹ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਨ੍ਹਾਂ ਦੱਸਿਆ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਨਿਰਾਸ਼ ਸੀ, ਕਿਉਂਕਿ ਉਹ ਰਕਮ ਵਾਪਸ ਕਰਨ ਵਿੱਚ ਅਸਮਰੱਥ ਸੀ, ਉਸ ਨੇ ਕੁਝ ਪਰਿਵਾਰਕ ਕਾਰਨਾਂ ਕਰਕੇ ਵਿਆਜ਼ ’ਤੇ ਕਰਜ਼ਾ ਲਿਆ ਸੀ। ਉਨ੍ਹਾਂ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ