ਪਟਿਆਲਾ ਜੇਲ੍ਹ ’ਚ ਲਗਾਤਾਰ ਦੂਜੇ ਦਿਨ ਕੈਦੀ ਵੱਲੋਂ ਖ਼ੁਦਕੁਸ਼ੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਕਤੂਬਰ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਅੱਜ ਵਿਚਾਰ ਅਧੀਨ ਕੈਦੀ ਨੇ ਦਰੱਖ਼ਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸੇ ਦੌਰਾਨ ਪਟਿਆਲਾ ਜੇਲ੍ਹ ਵਿੱਚ ਦੋ ਦਿਨਾਂ ਵਿੱਚ ਖੁਦਕੁਸ਼ੀ ਦੀ ਇਹ ਦੂਜੀ ਘਟਨਾ ਵਾਪਰੀ। ਇੱਕ ਦਿਨ ਪਹਿਲਾਂ ਹੀ ਜੇਲ੍ਹ ਵਿੱਚ ਵਿਚਾਰ ਅਧੀਨ ਕੈਦੀ ਨੇ ਦਰੱਖਤ ਨਾਲ ਫਾਹਾ ਲੈ ਲਿਆ ਸੀ। ਅੱਜ ਮਰਨ ਵਾਲੇ ਕੈਦੀ ਦੀ ਪਛਾਣ ਕਰਨਵੀਰ ਸਿੰਘ ਸੋਨੂ ਵਜੋਂ ਹੋਈ। ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਸਬੰਧੀ ਕੇਸ ਵਿੱਚ ਪੁਲੀਸ ਵੱਲੋਂ ਉਸ ਨੂੰ 29 ਸਤੰਬਰ ਨੂੰ ਹੀ ਜੇਲ੍ਹ ਵਿੱਚ ਭੇਜਿਆ ਗਿਆ ਸੀ। ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਜੇਲ੍ਹ ਵਿੱਚ ਆਉਣ ਮੌਕੇ ਹੀ ਚਿੱਟੇ ਦਾ ਆਦੀ ਸੀ। ਉਸ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਸੀ। ਉਹ ਅੱਜ ਜੇਲ੍ਹ ਵਿਚਲੀ ਵਾਰਡ ਨੰਬਰ ਪੰਜ ਤੇ ਛੇ ਦੇ ਸਾਹਮਣੇ ਸਥਿਤ ਦਰਖਤ ’ਤੇ ਜਾ ਚੜ੍ਹਿਆ। ਉਸ ਦਾ ਕਹਿਣਾ ਸੀ ਕਿ ਪੁਲੀਸ ਨੇ ਉਸ ’ਤੇ ਗੋਲੀਆਂ ਦੀ ਬਰਾਮਦਗੀ ਸਬੰਧੀ ਝੂਠਾ ਕੇਸ ਪਾਇਆ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਉਹ ਇਹ ਆਖ ਰਿਹਾ ਸੀ ਕਿ ਉਹ ਚਿੱਟੇ ਦੀ ਵਰਤੋਂ ਜ਼ਰੂਰ ਕਰਦਾ ਹੈ ਪਰ ਗੋਲੀਆਂ ਉਸ ਨੇ ਕਦੇ ਨਹੀਂ ਖਾਧੀਆਂ। ਭਾਵੇਂ ਉਸ ਦੀ ਮਾਂ ਠੀਕ ਠਾਕ ਹੈ ਪਰ ਉਹ ਆਖ ਰਿਹਾ ਸੀ ਕਿ ਜੇਲ੍ਹ ਆਉਣ ਮਗਰੋਂ ਉਸ ਦੀ ਮਾਂ ਦੀ ਮੌਤ ਹੋ ਗਈ ਹੈ। ਉਹ ਜਿੱਦ ਕਰ ਰਿਹਾ ਸੀ ਕਿ ਸਪੀਕਰ ਲਾ ਕੇ ਦਰੱਖਤ ’ਤੇ ਬੈਠੇ ਦੀ ਹੀ ਉਸ ਦੀ ਘਰ ਗੱਲ ਕਰਵਾਈ ਜਾਵੇ।
ਘਟਨਾ ਦਾ ਪਤਾ ਲੱਗਦਿਆਂ ਜੇਲ੍ਹ ਅਧਿਕਾਰੀ ਉਥੇ ਪਹੁੰਚ ਗਏ। ਉਨ੍ਹਾਂ ਉਸ ਨੂੰ ਹੇਠਾਂ ਉਤਰਨ ਲਈ ਬਹੁਤ ਪ੍ਰੇਰਿਆ ਪਰ ਉਸ ਨੇ ਉਪਰੋਂ ਛਾਲ ਮਾਰ ਦਿੱਤੀ। ਇਸ ਦੌਰਾਨ ਜੇਲ੍ਹ ਮੁਲਾਜ਼ਮ ਜਸਕਿੰਦਰ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੇ ਮੱਥੇ ਵਿੱਚ ਸੱਟ ਵੱਜੀ ਅਤੇ ਦੰਦ ਵੀ ਟੁੱਟ ਗਿਆ। ਕੈਦੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।